- ਸਭ ਤੋਂ ਸੂਖ਼ਮ ਹੱਲਾ ਸਾਡੇ ਸੁਪਨਿਆਂ 'ਤੇ ਹੈ : ਡਾ. ਸੁਰਜੀਤ ਸਿੰਘ ਭੱਟੀ
- ਕਵੀਆਂ ਦੇ ਸਿਵਿਆਂ ਦੇ ਅੰਗਿਆਰ ਕਦੇ ਠੰਢੇ ਨਹੀਂ ਹੁੰਦੇ : ਸੁਰਜੀਤ ਪਾਤਰ
ਜਲੰਧਰ, 19 ਸਤੰਬਰ 2020 - ਯੁੱਗ ਕਵੀ ਪਾਸ਼ ਦੇ ਜਨਮ ਦਿਹਾੜੇ ਨੂੰ ਸਮਰਪਿਤ 32ਵਾਂ ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਸਥਾਨਕ ਦੇਸ਼ ਭਗਤ ਯਾਦਗਾਰ ਹਾਲ 'ਚ ਜੋਸ਼-ਖਰੋਸ਼ ਨਾਲ ਮਨਾਇਆ ਗਿਆ। ਸਮਾਗਮ ਦਾ ਆਗਾਜ਼ ਧਰਮਿੰਦਰ ਮਸਾਣੀ ਅਤੇ ਨਰਗਿਸ ਦੇ ਖੂਬਸੂਰਤ ਗੀਤਾਂ ਨਾਲ ਹੋਇਆ।
ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ਮਨਾਏ 32ਵੇਂ ਪਾਸ਼ ਯਾਦਗਾਰੀ ਸਾਹਿਤਕ ਸਮਾਗਮ ਨੂੰ ਸੰਬੋਧਨ ਕਰਦਿਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸੇਵਾਮੁਕਤ ਪ੍ਰੋ. ਸੁਰਜੀਤ ਸਿੰਘ ਭੱਟੀ (ਡਾ.) ਨੇ 'ਪਾਸ਼ ਰਚਨਾਵਲੀ ਅਤੇ ਅਜੋਕੀਆਂ ਚੁਣੌਤੀਆਂ' ਵਿਸ਼ੇ ਉੱਪਰ ਕੁੰਜੀਵਤ ਭਾਸ਼ਣ ਦਿੰਦਿਆਂ ਕਿਹਾ ਕਿ ਮਿੱਟੀ ਦਾ ਜਾਇਆ ਪਾਸ਼ ਦਾ ਸਾਰਾ ਜੀਵਨ; ਸਾਹਿਤ ਸਿਰਜਣਾ, ਕਾਵਿ-ਸੰਸਾਰ ਅਤੇ ਉਸਦਾ ਦਰਦਨਾਕ ਵਿਛੋੜਾ ਗਵਾਹੀ ਭਰਦਾ ਹੈ ਕਿ ਉਹ ਸਮਾਜ ਦੀ ਸਿਰਜਕ ਮਿਹਨਤਕਸ਼ ਜਮਾਤ ਦਾ ਵਫ਼ਾਦਾਰ, ਸੂਖ਼ਮ ਅਤੇ ਸੂਰਮਾ ਪੁੱਤ ਬਣਕੇ ਜੀਵਿਆ ਅਤੇ ਮਰਿਆ।
ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਸਾਡੀ ਬੰਦੇ ਹੋਣ ਦੀ ਸੰਵੇਦਨਾ ਦਾ ਚਿਰਾਂ ਤੋਂ ਦਮ ਘੁੱਟਿਆ ਜਾ ਰਿਹਾ ਹੈ, ਪਾਸ਼ ਦੀ ਕਵਿਤਾ ਨੇ ਇਸ ਮਾਰੂ ਹੱਲੇ ਨੂੰ 'ਸਭ ਤੋਂ ਖ਼ਤਰਨਾਕ ਹੁੰਦਾ ਹੈ ਸਾਡੇ ਸੁਪਨਿਆਂ ਦਾ ਮਰ ਜਾਣਾ' ਕਵਿਤਾ ਵਿੱਚ ਬਹੁਤ ਦੇਰ ਪਹਿਲਾਂ ਹੀ ਜਾਣ ਲਿਆ ਸੀ।
ਉਹਨਾਂ ਕਿਹਾ ਕਿ ਪਾਸ਼ ਨੇ ਇੱਕੋ ਸਮੇਂ ਅਨੇਕਾਂ ਮੋਰਚਿਆਂ 'ਤੇ ਕਲਮ ਨਾਲ ਗੌਰਵਮਈ ਅੰਦਾਜ਼ ਵਿੱਚ ਯੁੱਧ ਕੀਤਾ। ਉਹ ਨਾਰੀਅਲ ਦੇ ਗੁੱਟ ਵਰਗਾ ਅਜੇਹਾ ਕਵੀ ਸੀ ਜੋ ਕਾਲੀਆਂ ਤਾਕਤਾਂ ਲਈ ਖਰਵਾ ਪਰ ਆਪਣੇ ਸਮਾਜ ਸਿਰਜਕ ਲੋਕਾਂ ਲਈ ਨਾਰੀਅਲ ਦੇ ਅੰਦਰਲੀ ਠੂਠੀ ਵਰਗਾ ਚਿੱਟਾ ਅਤੇ ਸਿਹਤਮੰਦ ਸਾਹਿਤ ਦਾ ਸਾਗਰ ਸੀ।
ਡਾ. ਸੁਰਜੀਤ ਸਿੰਘ ਭੱਟੀ ਨੇ ਕਿਹਾ ਕਿ ਅੱਜ ਜਦੋਂ ਮੁਲਕ ਦੇ ਮੰਨੇ-ਪ੍ਰਮੰਨੇ ਵਿਦਵਾਨ, ਕਵੀ, ਲੇਖਕ, ਜਮਹੂਰੀ ਅਤੇ ਸਮਾਜਿਕ ਕਾਰਕੁੰਨ ਜੇਲ੍ਹਾਂ ਪਿੱਛੇ ਡੱਕੇ ਹਨ ਅਜਿਹੇ ਦੌਰ ਅੰਦਰ ਪਾਸ਼ ਦੀ ਕਵਿਤਾ ਗੂੰਗਿਆਂ ਨੂੰ ਬੋਲਣ ਅਤੇ ਬਹਿਰਿਆਂ ਨੂੰ ਸੁਣਨ ਦੇ ਹਾਣੀ ਬਣਾਉਣ ਦੀ ਅਥਾਹ ਸ਼ਕਤੀ ਰੱਖਦੀ ਹੈ।
ਉਹਨਾਂ ਕਿਹਾ ਕਿ 'ਦੜ ਵੱਟ ਜ਼ਮਾਨਾ ਕੱਟ' ਵਾਲੀ ਪ੍ਰਵਿਰਤੀ ਸਾਡੀ ਮੁੱਢੋਂ ਵੈਰਨ ਹੈ ਇਸ ਲਈ ਮੁਲਕ, ਸਾਹਿਤ ਅਤੇ ਸਾਡੇ ਸਮਿਆਂ ਨੂੰ ਦਰਪੇਸ਼ ਚੁਣੌਤੀਆਂ ਨਾਲ ਸਿੱਧੇ ਮੱਥੇ ਪਰ ਬਹੁਤ ਹੀ ਸੂਝ-ਬੂਝ ਅਤੇ ਕਲਮ ਦੀ ਆਪਾਰ ਸ਼ਕਤੀ ਨੂੰ ਸਮਝਦਿਆਂ ਹੀ ਫਤਿਹ ਪਾਈ ਜਾ ਸਕਦੀ ਹੈ।
ਦੇਸ਼ ਭਗਤ ਯਾਦਗਾਰ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ, ਕਮੇਟੀ ਦੇ ਸੀਨੀਅਰ ਟਰੱਸਟੀ ਸੁਰਿੰਦਰ ਕੁਮਾਰੀ ਕੋਛੜ, ਨਾਮਵਰ ਕਵੀ ਡਾ. ਸੁਰਜੀਤ ਪਾਤਰ, ਡਾ. ਲਖਵਿੰਦਰ ਜੌਹਲ ਅਤੇ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਮੈਂਬਰ ਅਮੋਲਕ ਸਿੰਘ ਦੀ ਪ੍ਰਧਾਨਗੀ 'ਚ ਹੋਏ ਇਸ ਸਮਾਗਮ 'ਚ ਹੱਥ ਖੜੇ ਕਰਕੇ ਮਤੇ ਪਾਸ ਕੀਤੇ ਗਏ ਕਿ ਮੁਲਕ ਦੀਆਂ ਨਾਮਵਰ ਹਸਤੀਆਂ, ਲੇਖਕਾਂ, ਕਵੀਆਂ, ਰੰਗਕਰਮੀਆਂ, ਤਰਕਸ਼ੀਲ, ਜਮਹੂਰੀ ਸਮਾਜਿਕ ਕਾਮਿਆਂ ਨੂੰ ਬਿਨਾਂ ਸ਼ਰਤ ਰਿਹਾਅ ਕੀਤਾ ਜਾਵੇ। ਵਿਚਾਰਾਂ ਦੇ ਪ੍ਰਗਟਾਵੇ ਦੀ ਆਜ਼ਾਦੀ ਉੱਤੇ ਮੜ੍ਹੀਆਂ ਪਾਬੰਦੀਆਂ ਖਤਮ ਕੀਤੀਆਂ ਜਾਣ। ਪੰਜਾਬੀ ਭਾਸ਼ਾ ਨੂੰ ਸਾਡੇ ਅਤੇ ਵੱਖ-ਵੱਖ ਸੂਬਿਆਂ ਵਿੱਚ ਦਰਕਿਨਾਰ ਕਰਨ ਦੇ ਬੋਲੇ ਹੱਲੇ ਬੰਦ ਕੀਤੇ ਜਾਣ। ਖੇਤੀ ਆਰਡੀਨੈਂਸ ਰੱਦ ਕਰਨ ਲਈ ਚੱਲ ਰਹੀ ਕਿਸਾਨ ਲਹਿਰ ਦੀ ਹਮਾਇਤ ਵਿੱਚ ਵੀ ਸਰੋਤਿਆਂ ਨੇ ਹੱਥ ਖੜ੍ਹੇ ਕਰਕੇ ਮਤੇ ਪਾਸ ਕੀਤੇ।
ਪ੍ਰੋ. ਸਤਿੰਦਰ ਔਲਖ (ਡਾ.) ਦੇ ਅਚਨਚੇਤ ਵਿਛੋੜੇ ਕਾਰਨ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਦੇ ਮੈਂਬਰ ਡਾ. ਪਰਮਿੰਦਰ ਸਿੰਘ ਨੂੰ ਪੁੱਜੇ ਸਦਮੇ 'ਤੇ ਗਹਿਰੇ ਦੁੱਖ ਦਾ ਇਜ਼ਹਾਰ ਕਰਦਿਆਂ ਖੜੇ ਹੋ ਕੇ ਸ਼ਰਧਾਂਜਲੀ ਭੇਟ ਕੀਤੀ ਗਈ।
ਪਾਸ਼ ਟਰੱਸਟ ਦੇ ਕਨਵੀਨਰ ਸੁਰਿੰਦਰ ਧੰਜਲ (ਡਾ.) ਦਾ ਸੁਨੇਹਾ ਪੜ੍ਹ ਕੇ ਸੁਣਾਇਆ ਅਤੇ ਵੰਡਿਆ ਗਿਆ।
ਵਿਚਾਰ ਚਰਚਾ ਦੇ ਇਸ ਸੈਸ਼ਨ ਦਾ ਮੰਚ ਸੰਚਾਲਨ ਅਮੋਲਕ ਸਿੰਘ ਨੇ ਕੀਤਾ।
ਪ੍ਰਧਾਨਗੀ ਮੰਡਲ ਵੱਲੋਂ ਡਾ. ਹਰਿਭਗਵਾਨ ਬਰਨਾਲਾ ਦੀਆਂ ਪੁਸਤਕਾਂ 'ਪੰਜਾਬੀ ਜੁਝਾਰ ਕਾਵਿ : ਇੱਕ ਅਧਿਐਨ' ਦੇ ਦੋਵੇਂ ਭਾਗ ਅਤੇ ਹਰਮੇਸ਼ ਮਾਲੜੀ ਦੇ ਨਾਵਲ 'ਅਸੀਂ ਨੀ ਜਾਣਾ ਪਾਤਾਲ ਲੋਕ' ਲੋਕ ਅਰਪਣ ਕੀਤੇ ਗਏ। 'ਕਿੱਥੇ ਹੈ ਰਾਤ ਦਾ ਚੰਨ' (ਸੰਪਾਦਕ : ਅਮੋਲਕ ਸਿੰਘ) ਪੁਸਤਕ ਹਾਜ਼ਰ ਕਵੀਆਂ ਨੂੰ ਭੇਂਟ ਕੀਤੀ ਗਈ।
ਸਮਾਗਮ ਦੇ ਦੂਜੇ ਸੈਸ਼ਨ ਕਵੀ ਦਰਬਾਰ ਵਿੱਚ ਸ਼ਬਦੀਸ਼, ਮੋਹਨ ਮਤਿਆਲਵੀ, ਹਰਵਿੰਦਰ ਭੰਡਾਲ, ਸੁਸ਼ੀਲ ਦੁਸਾਂਝ, ਹਰਮੀਤ ਵਿਦਿਆਰਥੀ, ਸੁਰਜੀਤ ਜੱਜ, ਰਸ਼ੀਦ ਅੱਬਾਸ ਮਲੇਰਕੋਟਲਾ, ਕੁਲਵੰਤ ਕੌਰ ਨਗਰ, ਲਖਵਿੰਦਰ ਜੌਹਲ, ਅੰਮ੍ਰਿਤਪਾਲ ਬੰਗੇ ਬਠਿੰਡਾ, ਦਰਸ਼ਨ ਖਟਕੜ ਅਤੇ ਸੁਰਜੀਤ ਪਾਤਰ ਨੇ ਆਪਣੀਆਂ ਨਜ਼ਮਾਂ ਦਾ ਖ਼ੂਬਸੂਰਤ ਰੰਗ ਪੇਸ਼ ਕੀਤਾ।
ਫ਼ਿਰਕੂ ਜ਼ਹਿਰ ਭਰੀਆਂ ਪੌਣਾਂ, ਬੇਰੁਜ਼ਗਾਰੀ, ਲੋਕਾਂ ਉੱਪਰ ਚੌਤਰਫੇ ਹੱਲਿਆਂ, ਕਸ਼ਮੀਰ, ਜੰਗਲ, ਵਿਚਾਰਾਂ ਦੇ ਪ੍ਰਗਟਾਵੇ ਨੂੰ ਨੱਪਣ ਲਈ ਜੁਬਾਨਬੰਦੀ, ਖੇਤੀ ਆਰਡੀਨੈਂਸਾਂ ਦੀ ਮਾਰ, ਦਲਿਤ, ਮੁਸਲਮਾਨ ਭਾਈਚਾਰੇ ਅਤੇ ਬੌਧਿਕ ਹਲਕਿਆਂ ਨੂੰ ਚੋਣਵੇਂ ਨਿਸ਼ਾਨੇ ਦੀ ਮਾਰ ਹੇਠ ਲਿਆਉਣ ਖਿਲਾਫ਼ ਅੱਜ ਦੇ ਕਵੀ ਦਰਬਾਰ 'ਚ ਕਵੀਆਂ ਦੀਆਂ ਕਵਿਤਾਵਾਂ ਨੇ ਜ਼ੋਰਦਾਰ ਆਵਾਜ਼ ਉਠਾਉਣ ਦਾ ਸੱਦਾ ਦਿੱਤਾ।
ਕਵੀ ਦਰਬਾਰ ਦਾ ਸਿਖਰ ਹੋ ਨਿੱਬੜੀ ਸੁਰਜੀਤ ਪਾਤਰ ਵੱਲੋਂ ਐਨ.ਡੀ.ਟੀ.ਵੀ. ਇੰਡੀਆ ਦੇ ਪੱਤਰਕਾਰ ਰਵੀਸ਼ ਕੁਮਾਰ ਦੇ ਨਾਂਅ ਲਿਖੀ ਨਜ਼ਮ। ਨਜ਼ਮ ਬੋਲਦੀ ਹੈ ਕਿ :
ਸਾਨੂੰ ਤੰਗ ਬਹੁਤ ਕਰਦਾ ਤੂੰ
ਤਰਕ ਅਤੇ ਤਕਰਾਰ ਦੇ ਨਾਲ
ਅਸੀਂ ਵਿਚਾਰੇ ਕੱਟ ਨਹੀਂ ਸਕਦੇ
ਕੋਈ ਵਿਚਾਰ, ਵਿਚਾਰ ਦੇ ਨਾਲ
ਸਾਡੀ ਗੱਲ ਹੋ ਗਈ ਹੈ
ਰਾਤੀਂ ਇੱਕ ਕਾਤਲ ਦੇ ਨਾਲ
ਜੇ ਅਸੀਂ ਤੇਰੀ ਗੱਲ ਨਹੀਂ ਕੱਟ ਸਕਦੇ
ਤੇਰਾ ਗਲ ਤਾਂ ਕੱਟ ਸਕਦੇ ਹਾਂ।''
ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ।
ਪਾਤਰ ਨੇ ਕਿਹਾ ਕਿ, ''ਕਵੀਆਂ ਦੇ ਸਿਵਿਆਂ 'ਚ ਦਹਿਕਦੇ ਅੰਗਿਆਰ ਕਦੇ ਠੰਢੇ ਨਹੀਂ ਹੁੰਦੇ।''
ਕਵੀ ਦਰਬਾਰ ਦਾ ਮੰਚ ਸੰਚਾਲਨ ਜਗੀਰ ਜੋਸਨ ਨੇ ਕੀਤਾ। ਅਤੇ ਇਸ ਮੌਕੇ ਪਾਸ਼ ਯਾਦਗਾਰੀ ਕੌਮਾਂਤਰੀ ਟਰੱਸਟ ਵੱਲੋਂ ਉੱਘੇ ਕਹਾਣੀਕਾਰ ਅਤਰਜੀਤ ਨੇ ਹਾਜ਼ਰੀਨ ਸਰੋਤਿਆਂ, ਵਿਦਵਾਨਾਂ, ਕਵੀਆਂ ਦਾ ਧੰਨਵਾਦ ਕੀਤਾ।