ਪਟਿਆਲਾ 30 ਮਈ 2018 : ਭਾਸ਼ਾ ਵਿਭਾਗ ਦੇ ਸੈਮੀਨਾਰ ਹਾਲ ਵਿੱਚ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਦੀ ਪੁਸਤਕ 'ਕਿਰਦਾਰ' ਦਾ ਲੋਕ ਅਰਪਣ ਤ੍ਰਿਵੇਣੀ ਸਾਹਿਤ ਪਰਿਸ਼ਦ ਪਟਿਆਲਾ ਵਲੋਂ ਕਰਵਾਏ ਗਏ ਇੱਕ ਸਹਿਤਿਕ ਸਮਾਗਮ ਦੌਰਾਨ ਕੀਤਾ ਗਿਆ। ਇਸ ਸਾਹਿਤਿਕ ਸਮਾਗਮ ਵਿੱਚ ਮੈਂਬਰ ਪਾਰਲੀਮੈਂਟ ਧਰਮਵੀਰ ਗਾਂਧੀ ਮੁੱਖ ਮਹਿਮਾਨ ਦੇ ਤੌਰ 'ਤੇ ਪਹੁੰਚੇ। ਸ. ਮਨਜੀਤ ਸਿੰਘ ਨਾਰੰਗ ਦੀ ਪ੍ਰਧਾਨਗੀ ਹੇਠ ਹੋਏ ਇਸ ਸਾਹਿਤਿਕ ਸਮਾਗਮ ਵਿੱਚ ਚੜਦੀਕਲਾ ਗਰੁੱਪ ਦੇ ਚੇਅਰਮੈਨ ਸ. ਜਗਜੀਤ ਸਿੰਘ ਦਰਦੀ, ਮਾਈ ਭਾਗੋ ਬ੍ਰਿਗੇਡ ਦੀ ਮੁੱਖ ਸੇਵਾਦਾਰ ਡਾ. ਕੁਲਵੰਤ ਕੌਰ ਤੇ ਡਾ. ਗੁਰਬਚਨ ਸਿੰਘ ਰਾਹੀ ਨੇ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨ ਦੇ ਤੌਰ ਤੇ ਸ਼ਿਰਕਤ ਕੀਤੀ। ਸਮਾਗਮ ਵਿੱਚ ਹਾਜ਼ਰ ਨਾਮਵਰ ਸ਼ਖਸੀਅਤਾਂ 'ਤੇ ਸਾਹਿਤਕਾਰਾਂ ਨੂੰ ਜੀ ਆਇਆ ਕਹਿੰਦੀਆ ਪ੍ਰਧਾਨ ਹਰੀ ਸਿੰਘ 'ਚਮਕ' ਨੇ ਸਮਾਗਮ ਨੂੰ ਆਪਣੇ ਕਲਾਮਈ ਢੰਗ ਨਾਲ ਬਕਾਇਦਾ ਸੰਚਾਲਨ ਕਰਨ ਲਈ ਉਘੇ ਸਾਹਿਤਕਾਰ ਸ੍ਰੀ ਅੰਮ੍ਰਿਤਪਾਲ ਸਿੰਘ ਸੈਦਾ ਨੂੰ ਸਟੇਜ਼ ਸੰਭਾਲੀ। ਇਸ ਸਾਹਿਤਿਕ ਸਮਾਗਮ ਵਿੱਚ ਪੁਸਤਕ 'ਕਿਰਦਾਰ' ਬਾਰੇ ਦੋ ਪਰਚੇ ਪੜੇ ਗਏ। ਇੱਕ ਪਰਚਾ ਡਾ. ਹਰਬੰਸ ਸਿੰਘ ਧੀਮਾਨ ਤੇ ਦੂਜਾ ਪਰਚਾ ਡਾ. ਅਰਵਿੰਦਰ ਕੌਰ ਕਾਕੜਾ ਨੇ ਪੜਿਆ ,ਲੇਖਕ ਦੀ ਕਿਰਤ ਦੀ ਸ਼ਲਾਘਾ ਕੀਤੀ ਗਈ। ਮੌਜੂਦਾ ਸਮੇਂ ਵਿੱਚ ਰਿਸ਼ਤਿਆਂ ਦੀ ਟੁੱਟ ਭੱਜ, ਭੇਖਧਾਰੀਆਂ ਵਲੋਂ ਹੋ ਰਹੀ ਲੁੱਟ, ਆਪਣੇ ਵਿਰਸੇ ਤੋਂ ਦੂਰ ਹੋ ਰਹੀ ਅੱਜ ਦੀ ਜਨਰੇਸ਼ਨ ਤੇ ਕਿਰਤੀ ਦੀ ਹੋ ਰਹੀ ਲੁੱਟ ਨੂੰ ਇਸ ਪੁਸਤਕ ਵਿੱਚ ਬੜੀ ਖੁਬਸੂਰਤੀ ਨਾਲ ਬਿਆਨਿਆਂ ਗਿਆ ਹੈ। ਡਾ. ਧਰਮਵੀਰ ਗਾਂਧੀ ਨੇ ਕਿਹਾ ਕਿ ਅੱਜ ਅਸੀਂ ਆਪਣੇ ਕੀਮਤੀ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਾਂ , ਸਾਡਾ ਵਿਰਸਾ ਇਹ ਨਹੀਂ ਜਿਸ ਵਿੱਚ ਛੋਟੀ ਉਮਰ ਦੇ ਗੋਦੀ ਦੇ ਬੱਚਿਆਂ ਦਾ ਵਿਆਹ ਕਰ ਦਿੱਤਾ ਜਾਂਦਾ ਸੀ, ਵਿਰਸਾ ਹੈ 'ਸਭੇ ਸਾਂਝੀਵਾਲ ਸਦਾਇਨ, ਕੋਈ ਨਾ ਦਿਸੈ ਬਾਹਰਾ ਜੀਓ। ਮਾਣਸ ਕੀ ਜਾਤ ਸਬੈ ਏਕੈ ਪਹਿਚਾਨਬੋ,' ਉਹਨਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨ ਨੇ ਲੰਗਰ ਪ੍ਰਥਾ ਚਲਾ ਕਿ ਸਭ ਨੂੰ ਇੱਕ ਲਾਈਨ ਵਿੱਚ ਬੈਠਾ ਕੇ ਲੰਗਰ ਛੱਕਣ ਦੀ ਰੀਤ ਚਲਾਈ ਭਾਵੇਂ ਕਿਸੇ ਜਾਤ ਦਾ ਕਿਸੇ ਧਰਮ ਦਾ ਹੋਵੇ, ਉਹਨਾਂ ਕਿਹਾ ਕਿ ਲੋੜ ਪੈਣ ਤੇ ਜਬਰ ਦਾ ਸਾਹਮਣਾ ਕਰਨ ਅਤੇ ਜ਼ੁਲਮ ਦਾ ਨਾਸ ਕਰਨ ਲਈ ਸ੍ਰੀ ਗੁਰੂ ਗੋਬਿੰਦ ਸਿੰਘ ਨੇ ਤਲਵਾਰ ਵੀ ਉਠਾਈ, ਇਹ ਹੈ ਸਾਡਾ ਵਿਰਸਾ ਜਿਸ ਤੋਂ ਅਸੀਂ ਦੂਰ ਜਾ ਰਹੇ ਹਾਂ ਜਦ ਕਿ ਇਹ ਖਜਾਨਾ ਸੰਭਾਲਣ ਦੀ ਬਹੁਤ ਲੋੜ ਹੈ। ਇਸ ਪਦਾਰਥ ਵਾਦੀ ਯੁਗ ਵਿੱਚ ਰਿਸ਼ਤੇ ਟੁੱਟ ਰਹੇ ਹਨ ਜਿਨਾਂ ਨੂੰ ਸੰਭਾਲਣ ਦੀ ਲੋੜ ਹੈ। ਐਮ.ਡੀ. ਪੀ.ਆਰ.ਟੀ.ਸੀ. ਸ. ਮਨਜੀਤ ਸਿੰਘ ਨਾਰੰਗ ਨੇ ਸ. ਗੁਸੀਲ ਨੂੰ ਵਧਾਈ ਦਿੰਦਿਆ ਆ ਰਹੇ ਸਮਾਜਿਕ ਨਿਘਾਰ ਨੂੰ ਪੁਸਤਕ ਰੂਪ ਵਿੱਚ ਪੇਸ਼ ਕਰਨ ਤੇ ਲੇਖਕ ਦੀ ਪ੍ਰਸੰਸਾ ਕੀਤੀ। ਡਾ. ਕੁਲਵੰਤ ਕੌਰ ਨੇ ਆਪਣੇ ਵਿਰਸੇ ਨੂੰ ਸੰਭਾਲਣ ਤੇ ਦਿਨ ਪ੍ਰਤੀ ਦਿਨ ਵਧ ਰਹੀਆਂ ਦਿਲਾਂ ਦੀਆਂ ਦੂਰੀਆਂ 'ਤੇ ਚਿੰਤਾ ਪ੍ਰਗਟ ਕਰਦਿਆਂ ਆਉਣ ਵਾਲੀ ਜਨਰੇਸ਼ਨ ਨੂੰ ਆਪਣਾ ਵਿਰਸਾ ਸੰਭਾਲਣ 'ਤੇ ਜੋਰ ਦਿੱਤਾ, ਉਹਨਾਂ ਨੇ ਸ. ਗੁਸੀਲ ਵਲੋਂ ਸਮਾਜ ਦੇ ਕਿਰਦਾਰ ਨੂੰ ਨੰਗਾ ਕਰਨ 'ਤੇ ਉਸ ਦੀ ਪ੍ਰਸੰਸਾ ਕੀਤੀ। ਡਾ. ਗੁਰਬਚਨ ਸਿੰਘ ਜਿਨਾਂ ਨੇ ਇਸ ਪੁਸਤਕ ਦਾ ਮੁੱਖ ਬੰਦ ਦੀ ਲਿਖਿਆ ਹੈ, ਨੇ ਸਮਾਜ ਵਿੱਚ ਵਧ ਰਹੀਆਂ ਆਪਸੀ ਦੂਰੀਆਂ, ਰਿਸ਼ਤਿਆ ਵਿੱਚ ਆ ਰਹੀਆਂ ਤ੍ਰੇੜਾਂ 'ਤੇ ਭੇਖਧਾਰੀ ਸਾਧਾਂ ਵਲੋਂ ਲੋਕਾਂ ਦੀ ਲੁੱਟ ਦਾ ਜਿਕਰ ਕਰਦਿਆਂ ਸਮਾਜ ਦੇ ਕਿਰਦਾਰ ਵਿੱਚ ਆ ਰਹੀ ਗਿਰਾਵਟ ਨੂੰ ਪਾਠਕਾਂ ਵਿੱਚ ਖੁਬਸੂਰਤੀ ਨਾਲ ਪੇਸ਼ ਕਰਨ 'ਤੇ ਲੇਖਕ ਨੂੰ ਵਧਾਈ ਦਿੱਤੀ ਤੇ ਅੱਗੋਂ ਲਈ ਵੀ ਅਜਿਹੇ ਉਪਰਾਲੇ ਕਰਨ ਲਈ ਪ੍ਰੇਰਿਆ। ਚੜਦੀਕਲਾ ਗਰੁੱਪ ਦੇ ਚੇਅਰਮੈਨ ਸ੍ਰ. ਜਗਜੀਤ ਸਿੰਘ ਦਰਦੀ ਨੇ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਵੱਲੋਂ ਸਮਾਜ ਦੇ ਕਿਰਦਾਰ ਨੂੰ ਲੋਕਾਂ ਦੇ ਸਨਮੁੱਖ ਕਰਨ ਤੇ ਖੁਸ਼ੀ ਅਨੁਭਵ ਕਰਦਿਆਂ ਲੇਖਕ ਨੂੰ ਵਧਾਈ ਦਿੱਤੀ। ਉਨਾਂ ਕਿਹਾ ਕਿ ਅੱਜ ਲੇਖਕ ਨੇ ਆਪਣੀ ਕਿਤਾਬ ਵਿੱਚ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ ਹੈ। ਇਸ ਪੁਸਤਕ ਦੇ ਲੇਖਕ ਐਡਵੋਕੇਟ ਗੁਰਦਰਸ਼ਨ ਸਿੰਘ ਗੁਸੀਲ ਨੇ ਵਕਤਾਵਾਂ ਦੇ ਪ੍ਰਭਾਵਾ ਨੂੰ ਕਬੂਲਦਿਆਂ ਕਿਹਾ ਕਿ ਸਮਾਜ ਦੇ ਕਿਰਦਾਰ ਵਿੱਚ ਆ ਰਹੀ ਗਿਰਾਵਟ ਨੇ ਮੈਨੂੰ ਇਹ ਕੁਝ ਲਿਖਣ ਲਈ ਮਜਬੂਰ ਕੀਤਾ, ਟੁੱਟਦੇ ਸਮਾਜਿਕ ਰਿਸ਼ਤਿਆਂ ਅਤੇ ਪਾਖੰਡੀ ਭੇਖਧਾਰੀ ਲੋਕਾਂ ਵਲੋਂ ਮਜਲੂਮਾਂ ਨੂੰ ਲੁੱਟਣ ਦਾ ਦਸਤਾਵੇਜ ਹੈ ਮੇਰੀ ਪੁਸਤਕ 'ਕਿਰਦਾਰ' ਉਨਾਂ ਕਿਹਾ ਕਿ ਅੱਜ ਦੇ ਸਮਾਗਮ 'ਚੋਂ ਮਿਲੀ ਅਸ਼ੀਰਵਾਦ ਸਦਕਾ ਮੇਰਾ ਅਗਲਾ, ਲੇਖਣੀ ਦਾ ਸਫਰ ਹੋਰ ਤੇਜ਼ ਤੇ ਵਧੀਆ ਹੋਵੇਗਾ। ਮਾਸਿਕ ਮੈਗਜੀਨ ਗੁਸੱਈਆਂ ਦੇ ਮੁੱਖ ਸੰਪਾਦਕ ਸ੍ਰ. ਕੁਲਵੰਤ ਸਿੰਘ ਨਾਰੀਕੇ ਵੀ ਵਿਸ਼ੇਸ਼ ਤੌਰ ਤੇ ਇਸ ਸਮਾਗਮ ਵਿੱਚ ਪੁੱਜੇ।
ਇਸ ਮੌਕੇ ਤੇ ਮੁਸ਼ਾਇਰਾ ਵੀ ਕਰਵਾਇਆ ਗਿਆ। ਜਿਸ ਵਿੱਚ ਹੇਠ ਲਿਖੇ ਕਰਮਵਾਰ ਸ਼ਾਇਰਾਂ ਨੇ ਆਪਣੇ ਕਲਾਮਾਂ ਨਾਲ ਹਾਜਰੀਨ ਨੂੰ ਨਿਵਾਜਿਆ। ਜਿਨਾਂ ਵਿੱਚ ਸਰਵ ਸ੍ਰੀ ਮੰਗਦ ਖਾਨ ਲੰਗ, ਦੀਦਾਰ ਖਾਨ ਧਬਲਾਨ, ਬਚਨ ਸਿੰਘ ਗੁਰਮ, ਨਿਰਮਲਾ ਗਰਗ, ਗੁਰਪ੍ਰੀਤ ਢਿੱਲੋਂ, ਗੁਰਪ੍ਰੀਤ ਸਿੰਘ ਕਾਠਮੱਠੀ, ਤੇਜਿੰਦਰ ਸਿੰਘ ਅਨਜਾਨਾ, ਰਘਬੀਰ ਸਿੰਘ ਮਹਿਮੀ, ਊਧਮ ਸਿੰਘ ਊਧਮ, ਬਲਬੀਰ ਜਲਾਲਾਬਾਦੀ, ਕੈਪਟਮਨ ਚਮਕੌਰ ਸਿੰਘ, ਬਲਵਿੰਦਰ ਸਿੰਘ ਭੱਟੀ, ਕਿਸ਼ਨ ਲਾਲ ਧੀਮਾਨ, ਸਰਦੂਲ ਸਿੰਘ ਭੱਲਾ, ਡਾ. ਜੀ.ਐਸ. ਆਨੰਦ, ਸਰਵਣ ਕੁਮਾਰ ਵਰਮਾ, ਅਲੀ ਰਾਜਪੁਰਾ, ਦਰਸ਼ਨ ਸਿੰਘ ਬਨੂੜ, ਗੁਰਚਰਨ ਸਿੰਘ ਚੌਹਾਨ, ਡਾ. ਗੁਰਵਿੰਦਰ ਅਮਨ, ਸੰਜੇ ਦਰਦੀ, ਆਸ਼ਾ ਸ਼ਰਮਾ, ਅਮਨ ਸਿੱਧੂ ਮੱਲੇਵਾਲੀਆਂ ਆਦਿ ਨੇ ਆਪਣਾ ਕਲਾਮਾਂ ਰਾਹੀਂ ਮੁਸ਼ਹਰੇ ਵਿੱਚ ਰੰਗਤ ਭਰੀ