ਜਥੇਦਾਰ ਹਰਪ੍ਰੀਤ ਸਿੰਘ ਵੱਲੋਂ ਪ੍ਰੋ. ਬਡੂੰਗਰ ਦੀ ਪੁਸਤਕ ‘ਸਾਡੇ ਕੌਮੀ ਹੀਰੇ ਸਿੱਖ ਜਰਨੈਲ’ ਲੋਕ ਅਰਪਣ
- ਨੌਜਵਾਨ ਪੀੜ੍ਹੀ ਨੂੰ ਪੁਰਖਿਆਂ ਦੇ ਸ਼ਾਨਾਮੱਤੇ ਇਤਿਹਾਸ ਬਾਰੇ ਜਾਣੂੰ ਕਰਵਾਏਗੀ ਪੁਸਤਕ : ਗਿਆਨੀ ਹਰਪ੍ਰੀਤ ਸਿੰਘ
ਪਟਿਆਲਾ 9 ਜੁਲਾਈ 2021 - ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਪ੍ਰਸਿੱਧ ਸਿੱਖ ਵਿਦਵਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਲੋਂ ਲਿਖੀ ਪੁਸਤਕ ‘ਸਾਡੇ ਕੌਮੀ ਹੀਰੇ ਸਿੱਖ ਜਰਨੈਲ’ ਅੱਜ ਸ੍ਰੀ ਅਨੰਦਪੁਰ ਸਾਹਿਬ ਵਿਖੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਲੋਕ ਅਰਪਣ ਕੀਤੀ।
ਇਸ ਮੌਕੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਬਲਦੇਵ ਸਿੰਘ ਮਾਹਿਲਪੁਰੀ ਯਾਦਗਾਰੀ ਹਾਲ ਵਿਖੇ ਪੁਸਤਕ ਦੇ ਲੋਕ ਅਰਪਣ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਿੱਖਾਂ ਨੇ ਆਪਣੀ ਬਹਾਦਰੀ ਦਾ ਜੋ ਇਤਿਹਾਸ ਰਚਿਆ ਹੈ, ਉਹ ਦੁਨੀਆ ਵਿਚ ਲਾਸਾਨੀ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਨਵੀਂ ਪੁਸਤਕ ਵਿਚ ਬਾਬਾ ਬੰਦਾ ਸਿੰਘ ਬਹਾਦਰ ਤੋਂ ਮਾਰਸ਼ਲ ਅਰਜਨ ਸਿੰਘ ਤੱਕ 17 ਸਿੱਖ ਜਰਨੈਲਾਂ ਦੀ ਜੀਵਨੀ ਤੇ ਪ੍ਰਾਪਤੀਆਂ ਦਾ ਜ਼ਿਕਰ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰੋ. ਬਡੂੰਗਰ ਦੀ ਇਸ ਨਵੀਂ ਪੁਸਤਕ ਤੋਂ ਨਵੀਂ ਪੀੜ੍ਹੀ ਨੂੰ ਆਪਣੇ ਪੁਰਖਿਆਂ ਦੇ ਸ਼ਾਨਾਮੱਤੇ ਇਤਿਹਾਸ ਤੋਂ ਜਾਣੂ ਹੋਣ ਦਾ ਮੌਕਾ ਮਿਲੇਗਾ। ਉਨ੍ਹਾਂ ਨੌਜਵਾਨਾਂ ਨੂੰ ਪੁਸਤਕਾਂ ਪੜ੍ਹਣ ਦੀ ਚੇਟਕ ਲਾਉਣ ਦੀ ਗੱਲ ਵੀ ਆਖੀ।
ਇਸ ਮੌਕੇ ਸੰਬੋਧਨ ਕਰਦਿਆਂ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਪ੍ਰੋ. ਕਿਰਪਾਲ ਸਿੰਘ ਬਡੂੰਗਰ ਦੀ ਨਵੀਂ ਪੁਸਤਕ ਇਤਿਹਾਸ ਨੂੰ ਸਾਂਭਣ ਦਾ ਸੁਨਹਿਰਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਸਿੱਖ ਜਰਨੈਲਾਂ ਦੇ ਜੀਵਨ ਨਾਲ ਸਬੰਧਤ ਇਸ ਪੁਸਤਕ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਲੋਕ ਅਰਪਣ ਕਰਨਾ ਵਿਸ਼ੇਸ਼ ਮਹੱਤਤਾ ਰੱਖਦਾ ਹੈ ਕਿੳਂਕਿ ਸਿੱਖਾਂ ਨੂੰ ਜੰਗੀ ਕਲਾਵਾਂ ਦੀ ਦੇਣ ਸ੍ਰੀ ਅਨੰਦਪੁਰ ਸਾਹਿਬ ਤੋਂ ਹੀ ਮਿਲੀ ਸੀ। ਉਨ੍ਹਾਂ ਹਰੇਕ ਸਿੱਖ ਨੂੰ ਇਹ ਪੁਸਤਕ ਜਰੂਰ ਪੜ੍ਹਨ ਦੀ ਪ੍ਰੇਰਨਾ ਵੀ ਦਿੱਤੀ।
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਸਮਾਗਮ ਵਿਚ ਆਏ ਪਤਵੰਤਿਆਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਸਿੱਖਾਂ ਦੀ ਬੀਰਤਾ ਨੇ ਇਤਿਹਾਸ ਨੂੰ ਸਮੇਂ-ਸਮੇਂ ’ਤੇ ਅਹਿਮ ਮੋੜਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪਹਿਲੇ ਸਿੱਖ ਰਾਜ ਦੇ ਸੰਸਥਾਪਕ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਆਜਾਦ ਭਾਰਤ ਦੇ ਪਹਿਲੇ ਮਾਰਸਲ ਆਫ ਇੰਡੀਅਨ ਏਅਰ ਫੋਰਸ ਮਾਰਸਲ ਅਰਜਨ ਸਿੰਘ ਤੱਕ 17 ਸਿੱਖ ਜਰਨੈਲਾਂ ਦੀਆਂ ਜੀਵਨੀਆਂ ਲਿਖਦਿਆਂ ਉਨ੍ਹਾਂ ਨੂੰ ਬਹੁਤ ਕੁਝ ਨਵਾਂ ਅਨੁਭਵ ਕਰਨ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਇਸ ਪੁਸਤਕ ਨੂੰ ਹਰ ਸਿੱਖ ਦੇ ਘਰ ਵਿਚ ਪੜ੍ਹਿਆ ਜਾਣਾ ਬਹੁਤ ਜਰੂਰੀ ਹੈ।
ਇਸ ਮੌਕੇ ਸ੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਨੇ ਮੰਚ ਸੰਚਾਲਨ ਕੀਤਾ। ਸਮਾਗਮ ਵਿਚ ਹਾਜਰੀਨ ਵਿਚ ਸ੍ਰੋਮਣੀ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ, ਸ੍ਰੋਮਣੀ ਕਮੇਟੀ ਦੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾ ਕੋਨਾ, ਸਾਬਕਾ ਵਧੀਕ ਸਕੱਤਰ ਹਰਭਜਨ ਸਿੰਘ ਮਨਾਵਾ, ਪ੍ਰੋ. ਪਰਮਵੀਰ ਸਿੰਘ, ਭਗਵੰਤ ਸਿੰਘ ਧੰਗੇੜਾ, ਤਲਵਿੰਦਰ ਸਿੰਘ ਬੁੱਟਰ, ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਦੇ ਪਿ੍ਰੰਸੀਪਲ ਜਸਬੀਰ ਸਿੰਘ, ਡਾ. ਪਰਮਜੀਤ ਕੌਰ, ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੈਨੇਜਰ ਮਲਕੀਤ ਸਿੰਘ, ਵਧੀਕ ਮੈਨੇਜਰ ਐਡਵੋਕੇਟ ਹਰਦੇਵ ਸਿੰਘ, ਮਨਜਿੰਦਰ ਸਿੰਘ ਬਰਾੜ ਆਦਿ ਵੀ ਹਾਜ਼ਰ ਸਨ।