ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਵੱਲੋਂ ਅਕਾਡਮੀ ਦਾ ਸਰਵਉੱਚ ਸਨਮਾਨ ਫ਼ੈਲੋਸ਼ਿਪ ਨਾਲ ਪੰਜ ਉੱਘੇ ਸਾਹਿਤਕਾਰਾਂ ਦਾ ਸਨਮਾਨ
ਲੁਧਿਆਣਾ : 14 ਮਈ 2023 -
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਅਕਾਡਮੀ ਦੇ ਸਰਵਉੱਚ ਸਨਮਾਨ ਫ਼ੈਲੋਸ਼ਿਪ ਨਾਲ
ਉੱਘੇ ਸਾਹਿਤਕਾਰ ਸ. ਗੁਲਜ਼ਾਰ ਸਿੰਘ ਸੰਧੂ, ਸ੍ਰੀ ਪ੍ਰੇਮ ਪ੍ਰਕਾਸ਼, ਸ੍ਰੀ ਰਵਿੰਦਰ ਰਵੀ
(ਕੈਨੇਡਾ), ਪ੍ਰੋ. ਰਵਿੰਦਰ ਸਿੰਘ ਭੱਠਲ ਅਤੇ ਡਾ. ਸ. ਪ. ਸਿੰਘ ਨੂੰ ਸਨਮਾਨਤ ਕੀਤਾ
ਗਿਆ। ਫ਼ੈਲੋਸ਼ਿਪ ਸਨਮਾਨ ਵਿਚ ਸਾਹਿਤਕਾਰਾਂ ਨੂੰ ਇੱਕੀ-ਇੱਕੀ ਹਜ਼ਾਰ ਰੁਪਏ ਦੇ ਰਾਸ਼ੀ,
ਸ਼ੋਭਾ ਪੱਤਰ, ਦੋਸ਼ਾਲੇ, ਪੁਸਤਕਾਂ ਦੇ ਸੈੱਟ ਦੇ ਕੇ ਸਨਮਾਨਤ ਕੀਤਾ ਗਿਆ।
ਮੁੱਖ ਮਹਿਮਾਨ ਡਾ. ਸਰਦਾਰਾ ਸਿੰਘ ਜੌਹਲ ਨੇ ਪ੍ਰਧਾਨਗੀ ਭਾਸ਼ਨ ’ਚ ਕਿਹਾ ਕਿ ਪੰਜੇ
ਫ਼ੈਲੋਜ਼ ਦਾ ਸਨਮਾਨ ਉਨ੍ਹਾਂ ਦੀਆਂ ਪੰਜਾਬੀ ਸਾਹਿਤ ਨੂੰ ਉਮਰ ਭਰ ਦੀਆਂ ਪ੍ਰਾਪਤੀਆਂ ਦਾ
ਸਨਮਾਨ ਹੈ। ਉਨ੍ਹਾਂ ਕਿਹਾ ਪੰਜਾਬੀ ਭਾਸ਼ਾ ਨਾਲ ਜੁੜੇ ਹੋਏ ਇਹ ਨਾਮਵਰ ਲੇਖਕ ਦੀ ਉਮਰ ਭਰ
ਦੀ ਕਮਾਈ ਨੂੰ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਨੇ ਸਤਿਕਾਰ ਕਰਕੇ ਅਕਾਡਮੀ ਨੇ ਆਪਣਾ
ਫ਼ਰਜ਼ ਨਿਭਾਇਆ ਹੈ।
ਸਮਾਗਮ ਦੇ ਆਰੰਭ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਪ੍ਰਧਾਨ ਡਾ. ਲਖਵਿੰਦਰ
ਸਿੰਘ ਜੌਹਲ ਹੋਰਾਂ ਨੇ ਸਨਮਾਨਤ ਸ਼ਖ਼ਸੀਅਤਾਂ ਨੂੰ ਮੁਬਾਰਕਬਾਦ ਦਿੰਦਿਆਂ ਸਭ ਨੂੰ ਜੀ
ਆਇਆਂ ਨੂੰ ਕਿਹਾ। ਉਨ੍ਹਾਂ ਕਿਹਾ ਕਿ ਇਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨਤ ਕਰਕੇ ਅਕਾਡਮੀ
ਗੌਰਵ ਮਹਿਸੂਸ ਕਰ ਰਹੀ ਹੈ।
ਇਸ ਮੌਕੇ ਸ. ਗੁਲਜ਼ਾਰ ਸਿੰਘ ਸੰਧੂ ਬਾਰੇ ਡਾ. ਜੇ. ਬੀ. ਸਿੰਘ ਹੋਰਾਂ ਨੇ ਪੇਪਰ
ਪੜ੍ਹਦਿਆਂ ਸੰਧੂ ਸਾਹਿਬ ਦੇ ਜੀਵਨ ਅਤੇ ਰਚਨਾ ਸੰਸਾਰ ਬਾਰੇ ਜਾਣਕਾਰੀ ਦਿੱਤੀ। ਸ. ਸੰਧੂ
ਜੀ ਬਾਰੇ ਸ਼ੋਭਾ ਪੱਤਰ ਡਾ. ਹਰਜਿੰਦਰ ਸਿੰਘ ਸਿਰਸਾ ਹੋਰਾਂ ਨੇ ਪੇਸ਼ ਕੀਤਾ। ਸ੍ਰੀ ਪ੍ਰੇਮ
ਪ੍ਰਕਾਸ਼ ਜੀ ਦੀਆਂ ਕਹਾਣੀਆਂ ਬਾਰੇ ਡਾ. ਰਵਿੰਦਰ ਘੁੰਮਣ ਹੋਰਾਂ ਨੇ ਬੜੇ ਵਿਸਥਾਰਪੂਰਵਕ
ਪਰਚਾ ਪੇਸ਼ ਕੀਤਾ ਅਤੇ ਸ਼ੋਭਾ ਪੱਤਰ ਸ੍ਰੀ ਭਗਵੰਤ ਰਸੂਲਪੁਰੀ ਨੇ ਪੜ੍ਹਿਆ।
ਸ੍ਰੀ ਰਵਿੰਦਰ ਰਵੀ (ਕੈਨੇਡਾ) ਬਾਰੇ ਡਾ. ਹਰਜਿੰਦਰ ਸਿੰਘ ਅਟਵਾਲ ਹੋਰਾਂ ਨੂੰ ਪੇਪਰ ਪੇਸ਼
ਕਰਦਿਆਂ ਉਨ੍ਹਾਂ ਦੇ ਕਵਿਤਾ ਸੰਸਾਰ ਬਾਰੇ ਬਹੁਤ ਮੁੱਲਵਾਲ ਗੱਲਾਂ ਕੀਤੀਆਂ ਅਤੇ ਸ਼ੋਭਾ
ਪੱਤਰ ਸ੍ਰੀ ਜਤਿੰਦਰ ਹਾਂਸ ਨੇ ਪੇਸ਼ ਕੀਤਾ। ਸ੍ਰੀ ਰਵਿੰਦਰ ਰਵੀ ਹੋਰਾਂ ਦੇ ਸਨਮਾਨ ਡਾ.
ਹਰਜਿੰਦਰ ਸਿੰਘ ਨੇ ਪ੍ਰਾਪਤ ਕੀਤਾ। ਪ੍ਰੋ. ਰਵਿੰਦਰ ਸਿੰਘ ਭੱਠਲ ਬਾਰੇ ਸ੍ਰੀ ਜਸਵੀਰ
ਰਾਣਾ ਦਾ ਲਿਖਿਆ ਪਰਚਾ ਡਾ. ਆਤਮਜੀਤ ਹੋਰਾਂ ਪੇਸ਼ ਕਰਦਿਆਂ ਭੱਠਲ ਸਾਹਿਬ ਦੀਆਂ ਸਾਹਿਤਕ
ਪ੍ਰਾਪਤੀਆਂ ਬਾਰੇ ਅਤੇ ਅਕਾਡਮੀ ਪ੍ਰਤੀ ਉਨ੍ਹਾਂ ਦੀ ਨਿਭਾਈਆਂ ਸੇਵਾਵਾਂ ਦਾ ਬਾਖ਼ੂਬੀ
ਜ਼ਿਕਰ ਕੀਤਾ।
ਪ੍ਰੋ. ਭੱਠਲ ਬਾਰੇ ਸ਼ੋਭਾ ਪੱਤਰ ਸ੍ਰੀ ਤੈਲੋਚਨ ਲੋਚੀ ਹੋਰਾਂ ਨੇ ਪੇਸ਼
ਕੀਤਾ। ਪ੍ਰੋ. ਰਵਿੰਦਰ ਸਿੰਘ ਭੱਠਲ ਹੋਰਾਂ ਨੇ ਅਕਾਡਮੀ ਵਲੋਂ ਦਿੱਤੀ ਰਾਸ਼ੀ ਨੂੰ ਬੜੀ
ਨਿਮਰਤਾ ਨਾਲ ਅਕਾਡਮੀ ਨੂੰ ਵਾਪਸ ਕਰਦਿਆਂ ਕਿਹਾ ਕਿ ਇਹ ਸਨਮਾਨ ਮੇਰੀ ਮਾਂ ਵਲੋਂ ਮਿਲਿਆ
ਸਨਮਾਨ ਹੈ ਜਿਸ ਕਰਕੇ ਮੈਂ ਰਾਸ਼ੀ ਨਹੀਂ ਲੈ ਸਕਦਾ। ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ
ਸਾਬਕਾ ਉਪਕੁਲਪਤੀ ਡਾ. ਸ. ਪ. ਸਿੰਘ ਬਾਰੇ ਪੇਪਰ ਡਾ. ਤੇਜਿੰਦਰ ਕੌਰ ਨੇ ਪੜ੍ਹਿਆ ਅਤੇ
ਸ੍ਰੀ ਕੇ. ਸਾਧੂ ਸਿੰਘ ਹੋਰਾਂ ਨੇ ਉਨ੍ਹਾਂ ਬਾਰੇ ਸ਼ੋਭਾ ਪੱਤਰ ਪੇਸ਼ ਕੀਤਾ।
ਸ. ਗੁਲਜ਼ਾਰ ਸਿੰਘ ਸੰਧੂ ਹੋਰਾਂ ਨੇ ਕਿਹਾ ਕਿ ਕਹਾਣੀ ਲਿਖਣਾ ਤਾਂ ਸਬੱਬ ਹੀ ਸੀ। ਮੇਰੇ
ਆਲੇ ਦੁਆਲੇ ਦੇ ਮਾਹੌਲ/ਵਾਤਾਵਰਨ ਨੇ ਮੈਨੂੰ ਕਹਾਣੀਕਾਰ ਬਣਾ ਦਿੱਤਾ। ਸ੍ਰੀ ਪ੍ਰੇਮ
ਪ੍ਰਕਾਸ਼ ਹੋਰਾਂ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ ਫ਼ੈਲੋਸ਼ਿਪ ਮਿਲਣਾ
ਮੇਰੇ ਲਈ ਮਾਣ ਵਾਲੀ ਗੱਲ ਹੈ। ਪ੍ਰੋ. ਰਵਿੰਦਰ ਸਿੰਘ ਭੱਠਲ ਹੋਰਾਂ ਕਿਹਾ ਕਿ ਪੰਜਾਬੀ
ਸਾਹਿਤ ਅਕਾਡਮੀ, ਲੁਧਿਆਣਾ ਨਾਲ ਮੇਰਾ ਰੂਹਾਨੀ ਰਿਸ਼ਤਾ ਹੈ। ਅਕਾਡਮੀ ਨੇ ਮੈਨੂੰ ਸਿਹਤ,
ਹੌਸਲਾ, ਰਾਹਤ ਤੇ ਪਛਾਣ ਦਿੱਤੀ ਹੈ। ਅੱਜ ਅਕਾਡਮੀ ਮੇਰੀਆਂ ਸੇਵਾਵਾਂ ਸਨਮੁਖ ਮੈਨੂੰ
ਪੁਰਸਕਾਰ ਦੇ ਰਹੀ ਹੈ ਤਾਂ ਇਹ ਮੇਰੇ ਲਈ ਉਸੇ ਤਰ੍ਹਾਂ ਦਾ ਹੀ ਅਨੁਭਵ ਹੈ ਜਿਵੇਂ ਮੇਰੀ
ਪਹਿਲੀ ਕਿਤਾਬ ਛਪਣ ਤੇ ਮੇਰੀ ਮਾਂ ਨੇ ਮੇਰੇ ਮੱਥੇ ਨੂੰ ਚੁੰਮ ਕੇ ਅਸੀਸ ਦਿੱਤੀ ਸੀ।
ਡਾ. ਸ. ਪ. ਸਿੰਘ ਹੋਰਾਂ ਨੇ ਕਿਹਾ ਕਿ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਵਲੋਂ
ਮੈਨੂੰ ਫ਼ੈਲੋਸ਼ਿਪ ਦੇ ਕੇ ਜੋ ਸਨਮਾਨ ਦਿੱਤਾ ਗਿਆ ਹੈ ਮੇਰੇ ਲਈ ਮਾਣ ਦੀ ਗੱਲ ਹੈ ਤੇ ਨਾਲ
ਨਾਲ ਬਹੁਤ ਵੱਡੀ ਜਿੰਮੇਂਵਾਰੀ ਹੈ।
ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਮੰਚ
ਸੰਚਾਲਨ ਕਰਦੇ ਹੋਏ ਅੱਜ ਦੇ ਸਮਾਗਮ ਦੀ ਰੂਪ ਰੇਖਾ ਤੇ ਫ਼ੈਲੋਸ਼ਿਪ ਬਾਰੇ ਦਸਿਆ। ਉਨ੍ਹਾਂ
ਕਿਹਾ ਕਿ ਅਕਾਡਮੀ ਇਕੋ ਸਮੇਂ ਵੱਧ ਤੋਂ ਵੱਧ 10 ਫ਼ੈਲੋਜ਼ ਹੁੰਦੇ ਹਨ। ਇਸ ਤੋਂ ਪਹਿਲਾ
ਡਾ. ਰਤਨ ਸਿੰਘ ਜੱਗੀ, ਡਾ. ਸ. ਸ. ਜੌਹਲ, ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ
ਗਿੱਲ ਅਤੇ ਡਾ. ਸੁਖਦੇਵ ਸਿੰਘ ਸਿਰਸਾ ਨੂੰ ਫ਼ੈਲੋਸ਼ਿਪ ਸਨਮਾਨ ਭੇਟਾ ਕੀਤਾ ਜਾ ਚੁੱਕਾ
ਹੈ। ਉਨ੍ਹਾਂ ਦਸਿਆ ਕਰੋਨਾ ਕਰਕੇ ਅਕਾਡਮੀ ਦੇ ਕਈ ਪ੍ਰੋਗਰਾਮ/ਸਨਮਾਨ ਪਿੱਛੇ ਚਲ ਰਹੇ ਸਨ
ਜਿਨ੍ਹਾਂ ਨੂੰ ਨਵੀਂ ਟੀਮ ਨੇ ਪੂਰਾ ਕਰਨ ਦਾ ਸੁਹਿਰਦ ਯਤਨ ਕੀਤਾ ਹੈ।
ਪੰਜਾਬੀ ਸਾਹਿਤ ਅਕਾਡਮੀ ਦੇ ਸੀਨੀਅਰ ਮੀਤ ਪ੍ਰਧਾਨ ਡਾ. ਸ਼ਿਆਮ ਸੁੂੰਦਰ ਦੀਪਤੀ ਹੋਰਾਂ
ਨੇ ਸਨਮਾਨਤ ਸਾਹਿਤਕਾਰਾਂ ਨੂੰ ਵਧਾਈ ਦਿੰਦਿਆਂ ਇਥੇ ਪਹੁੰਚਣ ’ਤੇ ਸਭ ਦਾ ਸਵਾਗਤ ਕੀਤਾ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਭਜਨ ਸਿੰਘ ਬੇਦੀ ਸਿਰਸਾ, ਕਰਮ ਸਿੰਘ ਜ਼ਖ਼ਮੀ, ਹਰਦੀਪ
ਢਿੱਲੋਂ, ਡਾ. ਸੁਰਿੰਦਰ ਕੌਰ ਭੱਠਲ, ਇੰਦਰਜੀਤਪਾਲ ਕੌਰ, ਡਾ. ਸੁਰਜੀਤ ਕੌਰ ਸੰਧੂ, ਊਸ਼ਾ
ਦੀਪਤੀ, ਸੁਰਿੰਦਰ ਦੀਪ, ਇੰਜ. ਡੀ. ਐ੍ਹਮ. ਸਿੰਘ, ਦਲਵੀਰ ਲੁਧਿਆਣਵੀ, ਪਰਮਜੀਤ ਕੌਰ
ਮਹਿਕ, ਜਸਮੇਰ ਢੱਟ, ਡਾ. ਬਲਵਿੰਦਰ ਔਲਖ ਗਲੈਕਸੀ, ਦੇਵਿੰਦਰ ਸਿੰਘ ਸੇਖਾ, ਅਮਰਜੀਤ
ਸ਼ੇਰਪੁਰੀ, ਕਰਮਜੀਤ ਗਰੇਵਾਲ, ਦੀਪ ਜਗਦੀਪ ਸਿੰਘ, ਰਵੀ ਰਵਿੰਦਰ, ਸੋਮਪਾਲ ਹੀਰਾ,
ਭੁਪਿੰਦਰ ਸਿੰਘ ਚੌਕੀਮਾਨ, ਕੰਵਲ ਢਿੱਲੋਂ, ਸੁਰਜੀਤ ਸਿੰਘ ਲਾਂਬੜਾ, ਰਜਿੰਦਰ ਸਿੰਘ,
ਭਗਵਾਨ ਢਿੱਲੋਂ, ਹਰਦਿਆਲ ਪਰਵਾਨਾ, ਗੁਰਨੂਰ ਸਿੰਘ, ਗੁਰਦੀਪ ਸਿੰਘ, ਰਜਿੰਦਰ ਵਰਮਾ,
ਦਲਜੀਤ ਸਿੰੰਘ ਸਮੇਤ ਕਾਫ਼ੀ ਗਿਣਤੀ ਵਿਚ ਲੇਖਕ ਅਤੇ ਪਾਠਕ ਹਾਜ਼ਰ ਸਨ।