ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ੇਖ ਫਰੀਦ ਜੀ ਦੀ 850 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸਾਹਿਤਕ ਸਮਾਗਮ ਕਰਵਾਇਆ
ਪਟਿਆਲਾ 6 ਨਵੰਬਰ 2023 - ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਅਤੇ ਉਚੇਰੀ ਸਿੱਖਿਆ ਤੇ ਭਾਸ਼ਾਵਾਂ ਬਾਰੇ ਮੰਤਰੀ ਸ. ਹਰਜੋਤ ਸਿੰਘ ਬੈਂਸ ਦੀ ਦੇਖ-ਰੇਖ ‘ਚ ਮਨਾਏ ਜਾ ਰਹੇ ਪੰਜਾਬੀ ਮਾਹ-2023 ਦੇ ਸਮਾਗਮਾਂ ਦੀ ਲੜੀ ‘ਚ ਅੱਜ ਭਾਸ਼ਾ ਵਿਭਾਗ ਪੰਜਾਬ ਵੱਲੋਂ ਸ਼ੇਖ ਫਰੀਦ ਜੀ ਦੀ 850 ਸਾਲਾ ਜਨਮ ਸ਼ਤਾਬਦੀ ਨੂੰ ਸਮਰਪਿਤ ਸਾਹਿਤਕ ਗੋਸ਼ਟੀ ਕਰਵਾਈ ਗਈ। ਜਿਸ ਦੌਰਾਨ ਜਗਤ ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ ਪਟਿਆਲਾ ਦੇ ਉਪ ਕੁਲਪਤੀ ਡਾ. ਕਰਮਜੀਤ ਸਿੰਘ ਮੁੱਖ ਮਹਿਮਾਨ ਵਜੋਂ ਪਧਾਰੇ। ਸਮਾਗਮ ਦੀ ਪ੍ਰਧਾਨਗੀ ਸ਼੍ਰੋਮਣੀ ਪੰਜਾਬੀ ਆਲੋਚਕ ਡਾ. ਸੁਖਦੇਵ ਸਿੰਘ ਸਿਰਸਾ ਨੇ ਕੀਤੀ।
ਸ੍ਰੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਫ਼ਤਿਹਗੜ੍ਹ ਸਾਹਿਬ ਦੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸਿਕੰਦਰ ਸਿੰਘ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਧਰਮ ਅਧਿਐਨ ਵਿਭਾਗ ਦੇ ਸਹਾਇਕ ਪ੍ਰੋਫੈਸਰ ਡਾ. ਗੁਰਮੇਲ ਸਿੰਘ ਨੇ ਬਾਬਾ ਫਰੀਦ ਜੀ ਦੀ ਵਿਚਾਰਧਾਰਾ ਤੇ ਬਾਣੀ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੌਕੇ ਭਾਸ਼ਾ ਵਿਭਾਗ ਦੀ ਵਧੀਕ ਨਿਰਦੇਸ਼ਕ ਡਾ. ਵੀਰਪਾਲ ਕੌਰ ਨੇ ਵਿਭਾਗ ਦੀਆਂ ਸਰਗਰਮੀਆਂ, ਯੋਜਨਾਵਾਂ ਤੇ ਪ੍ਰਾਪਤੀਆਂ ਸਬੰਧੀ ਚਾਨਣਾ ਪਾਇਆ ਅਤੇ ਆਏ ਮਹਿਮਾਨਾਂ ਨੂੰ ਜੀ ਆਇਆ ਕਿਹਾ। ਇਸ ਮੌਕੇ ਕੁਝ ਪੁਸਤਕਾਂ ਵੀ ਲੋਕ ਅਰਪਣ ਕੀਤੀਆਂ ਗਈਆਂ ਅਤੇ ਕੁਝ ਸ਼ਖ਼ਸੀਅਤਾਂ ਦਾ ਸਨਮਾਨ ਵੀ ਕੀਤਾ ਗਿਆ।
ਮੁੱਖ ਮਹਿਮਾਨ ਡਾ. ਕਰਮਜੀਤ ਸਿੰਘ ਨੇ ਭਾਸ਼ਾ ਵਿਭਾਗ ਵੱਲੋਂ ਸ਼ੇਖ ਫਰੀਦ ਜੀ ਦੀ ਬਾਣੀ ਅਤੇ ਫ਼ਿਲਾਸਫ਼ੀ ਬਾਰੇ ਕਰਵਾਈ ਗਈ ਗੋਸ਼ਟੀ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੀਆਂ ਉੱਚੀਆਂ-ਸੁੱਚੀਆਂ ਸ਼ਖ਼ਸੀਅਤਾਂ ਨੂੰ ਯਾਦ ਕਰਨ ਨਾਲ ਸਾਡੀ ਸੋਚ ਉੱਚੀ ਉੱਠਦੀ ਹੈ। ਉਨ੍ਹਾਂ ਕਿਹਾ ਕਿ ਸਿੱਖ ਗੁਰੂ ਸਾਹਿਬਾਨਾਂ ਨੇ ਬਹੁਤ ਸੋਚ ਸਮਝਕੇ ਯੁੱਗਾਂ-ਯੁੱਗਾਂਤਰਾਂ ਤੱਕ ਪ੍ਰਵਾਨ ਹੋਣ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸੂਫ਼ੀਆਂ, ਭੱਟਾਂ ਤੇ ਭਗਤਾਂ ਦੀ ਬਾਣੀ ਨੂੰ ਸ਼ਾਮਲ ਕੀਤਾ ਹੈ ਜਿਸ ਤੋਂ ਸੇਖ ਫਰੀਦ ਜੀ ਦੀ ਬਾਣੀ ਦੀ ਸਾਰਥਕਤਾ ਅਤੇ ਸ਼ਖ਼ਸੀਅਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਆਪਣੇ ਪ੍ਰਧਾਨਗੀ ਭਾਸ਼ਨ ‘ਚ ਡਾ. ਸੁਖਦੇਵ ਸਿੰਘ ਸਿਰਸਾ ਨੇ ਕਿਹਾ ਕਿ ਸ਼ੇਖ ਫਰੀਦ ਜੀ ਦੀ ਬਾਣੀ ਉਸ ਸਮੇਂ ਸ੍ਰੀ ਗੁਰੂ ਗ੍ਰੰਥ ਸਾਹਿਬ ‘ਚ ਸ਼ਾਮਲ ਕੀਤੀ ਗਈ ਜਿਸ ਸਮੇਂ ਭਾਰਤੀ ਖਿੱਤੇ ‘ਚ ਜਬਰ-ਜੁਲਮ ਤੇ ਧਰਮ ਪਰਿਵਰਤਨ ਵਾਲਾ ਦੌਰ ਸੀ ਅਤੇ ਸੱਤਾ ਦੇ ਹਮਾਇਤੀ ਲੋਕ ਇੱਕ ਨਵਾਂ ਸੱਭਿਆਚਾਰ ਸਿਰਜਣ ‘ਚ ਸਰਗਰਮ ਸਨ। ਪਰ ਸ਼ੇਖ ਫਰੀਦ ਜੀ ਦੀ ਬਾਣੀ ‘ਚ ਸਪਸ਼ਟ ਦਿਖਾਈ ਦਿੰਦਾ ਹੈ ਕਿ ਉਹ ਸੱਤਾ ਤੋਂ ਦੂਰ ਰਹੇ। ਉਨ੍ਹਾਂ ਕਿਹਾ ਕਿ ਬਾਬਾ ਫਰੀਦ ਜੀ ਦੀ ਬਾਣੀ ਸਨਿਮਰ ਹੋਣ, ਲੋਕਾਂ ‘ਚ ਵਿਚਰਨ ਤੇ ਸਾਂਝੀਵਾਲਤਾ ਦਾ ਸੰਦੇਸ਼ ਦਿੰਦੀ ਹੈ।
ਵਿਸ਼ੇਸ਼ ਵਕਤਾ ਡਾ. ਗੁਰਮੇਲ ਸਿੰਘ ਨੇ ‘ਸ਼ੇਖ ਫਰੀਦ ਜੀ ਦੀ ਬਾਣੀ ਦੀ ਧਰਮ ਸ਼ਾਸ਼ਤਰੀ ਪੜ੍ਹਤ’ ਬਾਰੇ ਪੇਪਰ ਪੜ੍ਹਿਆ। ਉਨ੍ਹਾਂ ਸ਼ੇਖ ਫਰੀਦ ਜੀ ਦੀ ਬਾਣੀ ‘ਚ ਵਰਤੇ ਗਏ ਚਿੰਨ੍ਹਾਂ ਬਾਰੇ ਵਿਸਥਾਰ ‘ਚ ਦੱਸਿਆ। ਡਾ. ਸਿਕੰਦਰ ਸਿੰਘ ਨੇ ਕਿਹਾ ਕਿ ਫਰੀਦ ਜੀ ਦੇ ਕਾਲ ਸਬੰਧੀ ਭਾਵੇਂ 850 ਸਾਲ ਛੋਟੇ ਜਾਪਦੇ ਹੋਣ ਪਰ ਜੋ ਸ਼ੇਖ ਫਰੀਦ ਜੀ ਦੀ ਬਾਣੀ ਨੇ ਸੱਭਿਆਚਾਰ ਸਿਰਜਿਆ ਹੈ ਉਹ ਬੇਮਿਸਾਲ ਤੇ ਸਦੀਵੀ ਹੈ। ਉਨ੍ਹਾਂ ਕਿਹਾ ਕਿ ਭਾਰਤੀ ਖਿੱਤੇ ‘ਚ ਬਹੁਤ ਸਾਰੇ ਲੋਕ ਧਾੜਵੀ ਬਣਕੇ ਆਏ ਅਤੇ ਜਬਰ ਜ਼ੁਲਮ ਕਰਕੇ ਵੀ ਲੋਕ ਮਨਾਂ ਨੂੰ ਜਿੱਤ ਨਹੀਂ ਸਕੇ ਪਰ ਸ਼ੇਖ ਫਰੀਦ ‘ਚ ਆਪਣੀ ਬਾਣੀ ਰਾਹੀਂ ਸਦੀਵੀ ਛਾਪ ਛੱਡਣ ‘ਚ ਸਫਲ ਰਹੇ।
ਇਸ ਮੌਕੇ ਭਾਸ਼ਾ ਵਿਭਾਗ ਵੱਲੋਂ ਛਾਪੀ ਗਈ ਪੁਸਤਕ ‘ਦਾਗ’ (ਲੇਖਕ ਨੈਥੇਨੀਅਲ ਹਾਥੌਰਨ) ਅਤੇ ਜੋਗਿੰਦਰ ਕੌਰ ਅਗਨੀਹੋਤਰੀ ਦਾ ਨਾਵਲ ‘ਨਿੰਮ ਵਾਲਾ ਬਾਰ’ ਦਾ ਲੋਕ ਅਰਪਣ ਕੀਤਾ ਗਿਆ। ਇਸ ਮੌਕੇ ਰੰਗਕਰਮੀ ਪ੍ਰਾਣ ਸੱਭਰਵਾਲ, ਡਾ. ਰਘਬੀਰ ਸਿੰਘ ਭਰਤ, ਕਰਨੈਲ ਸਿੰਘ ਅਸਪਾਲ ਅਤੇ ਗੁਰਨਾਮ ਸਿੰਘ ਅਕੀਦਾ ਨੂੰ ਸਨਮਾਨਿਤ ਕੀਤਾ ਗਿਆ। ਸਹਾਇਕ ਨਿਰਦੇਸ਼ਕ ਅਸ਼ਰਫ ਮਹਿਮੂਦ ਨੰਦਨ ਨੇ ਮੰਚ ਸੰਚਾਲਨ ਕੀਤਾ। ਇਸ ਮੌਕੇ ਸਹਾਇਕ ਡਿਪਟੀ ਡਾਇਰੈਕਟਰ ਹਰਪ੍ਰੀਤ ਕੌਰ, ਸਹਾਇਕ ਨਿਰਦੇਸ਼ਕ ਸੁਰਿੰਦਰ ਕੌਰ ਤੇ ਜਸਪ੍ਰੀਤ ਕੌਰ, ਵੱਡੀ ਗਿਣਤੀ ‘ਚ ਸਾਹਿਤ ਪ੍ਰੇਮੀ ਹਾਜ਼ਰ ਸਨ। ਅਖੀਰ ਵਿੱਚ ਡਿਪਟੀ ਡਾਇਰੈਕਟਰ ਸਤਨਾਮ ਸਿੰਘ ਨੇ ਸਭ ਦਾ ਧੰਨਵਾਦ ਕੀਤਾ।