ਗੁਰਭਜਨ ਸਿੰਘ ਗਿੱਲ
ਲੁਧਿਆਣਾ, 1 ਮਾਰਚ 2020 - ਯਾਦਵਪੁਰ ਯੂਨੀਵਰਸਿਟੀ ਕੋਲਕਾਤਾ (ਪੱਛਮੀ ਬੰਗਾਲ) ਤੋਂ ਪੰਜਾਬੀ ਕਵਿਤਾ ਦੇ ਵੱਖ ਵੱਖ ਪਹਿਲੂਆਂ ਬਾਰੇ ਜਾਣਕਾਰੀ ਹਾਸਲ ਕਰਨ ਲਈ ਖੋਜੀ ਵਿਦਵਾਨ ਤੇ ਬੰਗਾਲੀ ਕਵਿੱਤਰੀ ਡਾ:,ਸੁਤਾਪਾ ਸੇਨਗੁਪਤਾ ਨੇ ਪਿਛਲੇ ਦਿਨੀਂ ਚੋਣਵੇਂ ਪੰਜਾਬੀ ਕਵੀਆਂ ਨਾਲ ਲੁਧਿਆਣਾ 'ਚ ਮੁਲਾਕਾਤ ਕੀਤੀ।
ਲੁਧਿਆਣਾ 'ਚ ਜਿੱਥੇ ਉਨ੍ਹਾਂ ਨੇ ਮਹੱਤਵਪੂਰਨ ਕਵੀਆਂ ਨਾਲ ਅਲੱਗ-ਅਲੱਗ ਮੁਲਾਕਾਤ ਕੀਤੀ ਉੱਥੇ ਪ੍ਰੋ: ਰਵਿੰਦਰ ਭੱਠਲ, ਗੁਰਭਜਨ ਗਿੱਲ, ਤ੍ਰੈਲੋਚਨ ਲੋਚੀ, ਡਾ: ਗੁਰਇਕਬਾਲ ਸਿੰਘ ਤੇ ਮਨਜਿੰਦਰ ਧਨੋਆ ਨਾਲ ਇੱਕੋ ਸ਼ਾਮ ਇਕੱਠਿਆਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਮੁਲਾਕਾਤ ਕੀਤੀ।
ਸਾਰੇ ਪੰਜਾਬੀ ਕਵੀ ਇਸ ਗੱਲ ਤੇ ਇੱਕ ਮੱਤ ਸਨ ਕਿ ਪੰਜਾਬੀ ਕਵਿਤਾ ਨੇ ਸਦੀਆਂ ਤੋਂ ਹਮੇਸ਼ਾਂ ਨਾਬਰਾਂ ਦਾ ਪੱਖ ਪੂਰਿਆ ਹੈ ਇਤੇ ਜਾਬਰਾਂ ਬਾਬਰਾਂ ਨਾਲ ਕਦੇ ਵੀ ਸਿਰਜਣਾਤਮਿਕ ਸਾਂਝ ਨਹੀਂ ਪੁਗਾਈ।
ਸਾਰੇ ਕਵੀਆਂ ਦੇ ਵਿਚਾਰਾਂ ਨੂੰ ਸਮੇਟਦਿਆਂ ਗੁਰਭਜਨ ਗਿੱਲ ਨੇ ਇਹ ਨਿਚੋੜ ਪੇਸ਼ ਕਰਦਿਆਂ ਕਿਹਾ ਕਿ ਰਾਜੇ ਨੂੰ ਸ਼ੀਂਹ ਤੇ ਮੁਕੱਦਮ ਨੂੰ ਕੁੱਤੇ ਕਹਿਣ ਦੀ ਸਮਰੱਥ ਰਵਾਇਤ ਪੰਜ ਸਦੀਆਂ ਪੁਰਾਣੀ ਹੈ ਪਰ ਪਿਛਲੀ ਸਦੀ ਵਿੱਚ ਹੀ ਗਦਰ ਪਾਰਟੀ ਦੇ ਸੂਰਮਿਆਂ ਨੇ ਗਦਰ ਗੂੰਜਾਂ ਵਿੱਚ ਕਲਮ ਨੂੰ ਕਿਰਪਾਨ ਵਾਂਗ ਵਰਤਿਆ। ਹਰ ਸੰਘਰਸ਼ ਵਿੱਚ ਪੰਜਾਬੀ ਕਵਿਤਾ ਹਮੇਸ਼ਾਂ ਲਿੱਸੇ ਕਮਜ਼ੋਰ ਨਿਤਾਣੇ ਵਰਗ ਦੇ ਹੱਕ ਵਿੱਚ ਭੁਗਤੀ ਹੈ, ਜਰਵਾਣਿਆਂ ਦੇ ਪੱਖ ਵਿੱਚ ਨਹੀਂ।
ਡਾ: ਸੁਤਾਪਾ ਸੇਨ ਗੁਪਤਾ ਨੇ ਸਾਰੇ ਪੰਜਾਬੀ ਕਵੀਆਂ ਦਾ ਧੰਨਵਾਦ ਕੀਤਾ ਜਿੰਨ੍ਹਾਂ ਨੇ ਆਪਣੀ ਰਵਾਇਤ ਦੇ ਵੱਖ ਵੱਖ ਪਹਿਲੂਆਂ ਬਾਰੇ ਸਪਸ਼ਟ ਜਾਣਕਾਰੀ ਦਿੱਤੀ ਹੈ।