ਬਠਿੰੰਡਾ, 20 ਅਕਤੂਬਰ, 2016 : ਖੇਤਰੀ ਸਰਸ ਮੇਲਾ-2016 ਬਠਿੰਡਾ ਵਾਸੀਆਂ ਲਈ ਖਿੱਚ ਦੇ ਕੇਂਦਰ ਵਜੋਂ ਸਥਾਪਤ ਹੋਣ ਦੇ ਨਾਲ-ਨਾਲ ਪਿਛਲੇ 7 ਦਿਨਾਂ ਵਿਚ ਇਕ ਲੱਖ ਤੋਂ ਵੱਧ ਲੋਕਾਂ ਦੀ ਸ਼ਿਰਕਤ ਦਾ ਅੰਕੜਾ ਪਾਰ ਕਰ ਚੁੱਕਾ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ਤੋਂ ਆਏ ਦਸਤਕਾਰਾਂ ਅਤੇ ਹਸਤਕਲਾ ਤੋਂ ਇਲਾਵਾ ਕਲਾਕਾਰਾਂ ਵਲੋਂ ਪੇਸ਼ ਕੀਤੀਆਂ ਜਾ ਰਹੀਆਂ ਸਭਿਆਚਾਰਕ ਵੰਨਗੀਆਂ ਨੂੰ ਲੋਕਾਂ ਵਲੋਂ ਦਿੱਤੇ ਜਾ ਰਹੇ ਅਥਾਹ ਪਿਆਰ ਸਦਕਾ ਬਠਿੰਡਾ ਸਰਸ ਮੇਲੇ ਦੀ ਚਾਰ-ਚੁਫੇਰੇ ਧੁੰਮ ਬਰਕਰਾਰ ਹੈ।
ਮੇਲੇ ਦੇ ਸਤਵੇਂ ਦਿਨ ਅੱਜ ਲੋਕਾਂ ਦਾ ਉਤਸ਼ਾਹ ਪੂਰੀ ਤਰ੍ਹਾਂ ਬਰਕਰਾਰ ਦਿਖਾਈ ਦਿੱਤਾ ਅਤੇ ਮੇਲੇ ਵਿਚ ਭਾਰੀ ਭੀੜ ਜੁਟੀ ਰਹੀ। ਅਸਮ, ਮਣੀਪੁਰ, ਪੱਛਮੀ ਬੰਗਾਲ, ਮੇਘਾਲਿਆ, ਛੱਤੀਸਗੜ੍ਹ, ਰਾਜਸਥਾਨ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਦੇ ਕਲਾਕਾਰਾਂ ਵਲੋਂ ਪੇਸ਼ ਕੀਤੇ ਲੋਕ ਨਾਚ ਅਤੇ ਸਭਿਆਚਾਰਕ ਪ੍ਰੋਗਰਾਮਾਂ ਦੀ ਆਏ ਲੋਕਾਂ ਵਲੋਂ ਭਰਪੂਰ ਸ਼ਲਾਘਾ ਕੀਤੀ ਗਈ। ਅਸਮ ਵਲੋਂ ਬਰੋਹ, ਝਾਰਖੰਡ ਦਾ ਸੁੰਬਵਧ, ਰਾਜਸਥਾਨ ਦਾ ਕਾਲ ਬੇਲੀਆ, ਮਣੀਪੁਰ ਦਾ ਢੋਲ ਚੋਲਮ ਅਤੇ ਮਥੁਰਾ ਦਾ ਮਿਉਰ ਡਾਂਸ ਦੀ ਕਲਾਕਾਰਾਂ ਵਲੋਂ ਬਹੁਤ ਹੀ ਸ਼ਾਨਦਾਰ ਪੇਸ਼ਕਾਰੀ ਕੀਕੀ ਗਈ।
ਸ਼ੁਰੂਆਤੀ ਪ੍ਰੋਗਰਾਮਾਂ 'ਚ ਗੁਰੂ ਕਾਂਸੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਵਿਦਿਆਰਥੀਆਂ ਨੇ ਰਾਜਸਥਾਨੀ ਡਾਂਸ , ਮਾਲਵਾ ਡਿਗਰੀ ਕਾਲਜ ਵਲੋਂ ਕੋਰੀਓਗ੍ਰਾਫੀ ਅਤੇ ਮਾਲਵਾ ਫਿਜ਼ੀਕਲ ਕਾਲਜ ਦੀਆਂ ਵਿਦਿਆਰਥਣਾਂ ਨੇ ਲੋਕ ਨਾਚ ਗਿੱਧਾ ਪੇਸ਼ ਕੀਤਾ। ਪ੍ਰਾਇਮਰੀ ਸਕੂਲਾਂ ਵਿਚ ਕੋਟਫੱਤਾ ਅਤੇ ਬੁਰਜ ਸੇਮਾ ਦੇ ਵਿਦਿਆਰਥੀਆਂ ਵਲੋਂ ਮਲਕੀ-ਕੀਮਾ ਕੋਰੀਓਗ੍ਰਾਫੀ ਪੇਸ਼ ਕੀਤੀ। ਜੋਗੀਆਂ ਵਲੋ ਬੀਨ ਸਪੇਰਾ ਨਾਚ ਪੇਸ਼ ਕੀਤਾ ਗਿਆ। ਦੇਰ ਸ਼ਾਮ ਤੱਕ ਮਸ਼ਹੂਰ ਪੰਜਾਬੀ ਗਾਇਕ ਸਤਵਿੰਦਰ ਬੁੱਗਾ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਦਾ ਖੂਬ ਮਨੋਰੰਜਨ ਕੀਤਾ।
ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਡਾ. ਸ਼ੇਨਾ ਅਗਰਵਾਲ ਨੇ ਮੇਲੇ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਬਠਿੰਡਾ ਵਾਸੀਆਂ ਨੇ ਸਰਸ ਮੇਲੇ ਨੂੰ ਦਿਲੋਂ ਪਿਆਰ ਦਿੱਤਾ ਜਿਸ ਸਦਕਾ ਇਕ ਹਫਤੇ ਵਿਚ ਇਕ ਲੱਖ ਲੋਕਾਂ ਨੇ ਮੇਲੇ ਵਿਚ ਸ਼ਿਰਕਤ ਕੀਤੀ ਹੈ।ਉਨ੍ਹਾਂ ਦੱਸਿਆ ਕਿ ਭਾਰਤ ਦੇ ਹੋਰਨਾਂ ਸੂਬਿਆਂ ਤੋਂ ਆਏ ਦਸਤਕਾਰਾਂ ਅਤੇ ਹਸਤਕਲਾ ਨਾਲ ਜੁੜੀਆਂ ਸ਼ਖ਼ਸੀਅਤਾਂ ਵਲੋਂ ਬਣਾਈਆ ਵਸਤਾਂ ਨੂੰ ਵੀ ਲੋਕਾਂ ਵਲੋਂ ਜਬਰਦਸਤ ਹੁੰਗਾਰਾ ਦਿੱਤਾ ਗਿਆ ਹੈ ਜਿਸ ਨਾਲ ਪੇਂਡੂ ਅਰਥਚਾਰੇ ਨੂੰ ਹੋਰ ਮਜ਼ਬੂਤੀ ਮਿਲੇਗੀ। ਉਨ੍ਹਾਂ ਦੱਸਿਆ ਕਿ ਹੁਣ ਤੱਕ 75 ਲੱਖ ਰੁਪਏ ਦੇ ਕਰੀਬ ਖਰੀਦਦਾਰੀ ਦਾ ਅੰਦਾਜਾ ਹੈ ਜੋ ਆਉਂਦੇ ਦਿਨਾਂ 'ਚ ਹੋਰ ਜ਼ੋਰ ਫੜੇਗੀ। ਉਨ੍ਹਾਂ ਦੱਸਿਆ ਕਿ ਜੰਮੂ ਕਸ਼ਮੀਰ, ਛੱਤੀਸਗੜ੍ਹ, ਪੱਛਮੀ ਬੰਗਾਲ, ਉਤਰ ਪ੍ਰਦੇਸ਼, ਮਣੀਪੁਰ, ਅਰੁਣਾਚਲ ਪ੍ਰਦੇਸ਼, ਤੇਲੰਗਾਨਾ, ਮਹਾਰਾਸ਼ਟਰਾ ਆਦਿ ਸੂਬਿਆਂ ਦੇ ਸਟਾਲ ਲੋਕਾਂ ਦੀ ਖਿੱਚ ਦਾ ਕੇਂਦਰ ਬਣੇ ਹੋਏ ਹਨ।