ਫਿਲਮੀ ਐਕਟਰਾਂ ਜਾਂ ਕਿ੍ਰਕਟਰਾਂ ਦੀਆਂ ਤਸਵੀਰਾਂ ਦੀ ਬਜਾਇ ਵੰਡੀਆਂ ਜਾਗਰੂਕਤਾ ਵਾਲੀਆਂ ਕਾਪੀਆਂ
- ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦਾ ਵਾਤਾਵਰਣ ਦੀ ਸੰਭਾਲ ਸਬੰਧੀ ਹੌਕਾ
ਦੀਪਕ ਗਰਗ
ਕੋਟਕਪੂਰਾ, 16 ਮਈ 2023:- ਭਾਈ ਘਨੱਈਆ ਕੈਂਸਰ ਰੋਕੋ ਸੇਵਾ ਸੁਸਾਇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਚੰਦਬਾਜਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਕਾਰਜਕਾਰੀ ਪ੍ਰਧਾਨ ਮੱਘਰ ਸਿੰਘ ਫਰੀਦਕੋਟ ਦੀ ਰਹਿਨੁਮਾਈ ਹੇਠ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਗਿਆਣਾ ਵਿਖੇ ਵਾਤਾਵਰਣ ਦੀ ਸੰਭਾਲ ਸਬੰਧੀ ਕਰਵਾਏ ਗਏ ਜਾਗਰੂਕਤਾ ਸੈਮੀਨਾਰ ਦੌਰਾਨ ਸੁਸਾਇਟੀ ਦੇ ਪੈ੍ਰਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਦੱਸਿਆ ਕਿ ਕੋਟਕਪੂਰਾ ਗਰੁੱਪ ਆਫ ਫੈਮਿਲੀਜ਼ ਬਰੈਂਪਟਨ (ਕੈਨੇਡਾ) ਦੇ ਸਹਿਯੋਗ ਨਾਲ ਜਿਲੇ ਭਰ ਦੇ ਲਗਭਗ ਸਾਰੇ ਸਰਕਾਰੀ ਪ੍ਰਾਇਮਰੀ, ਐਲੀਮੈਂਟਰੀ, ਮਿਡਲ, ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਜਾਗਰੂਕਤਾ ਵਾਲੀਆਂ ਕਾਪੀਆਂ ਵੰਡ ਕੇ ਬੱਚਿਆਂ ਨੂੰ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਜਾ ਚੁੱਕਾ ਹੈ।
ਉਹਨਾਂ ਦੱਸਿਆ ਕਿ ਭਾਂਵੇ ਬਜਾਰਾਂ ਵਿੱਚ ਫਿਲਮੀ ਅਦਾਕਾਰਾਂ, ਐਕਟਰਾਂ, ਕਿ੍ਰਕਟਰਾਂ ਦੀਆਂ ਤਸਵੀਰਾਂ ਵਾਲੀਆਂ ਕਾਪੀਆਂ ਤਾਂ ਆਮ ਮਿਲ ਜਾਂਦੀ ਹਨ ਪਰ ਇਸ ਤਰਾਂ ਦੀਆਂ ਜਾਗਰੂਕਤਾ ਵਾਲੀਆਂ ਕਾਪੀਆਂ ਬਜਾਰਾਂ ਵਿੱਚ ਖਰੀਦੀਆਂ ਨਹੀਂ ਜਾ ਸਕਦੀਆਂ, ਕਿਉਂਕਿ ਸੁਸਾਇਟੀ ਨੇ ਇਸ ਵਿੱਚ ਵਾਤਾਵਾਰਣ ਦੀ ਸੰਭਾਲ, ਟੈ੍ਰਫਿਕ ਨਿਯਮਾ ਦੀ ਪਾਲਣਾ, ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਤੋਂ ਬਚਣ ਦੇ ਢੰਗ ਤਰੀਕੇ, ਪਾਣੀ ਦੀ ਬੱਚਤ ਸਮੇਤ ਜੰਗਲ, ਜਲਗਾਹਾਂ, ਜਲਵਾਯੂ ਪਰਿਵਰਤਨ, ਰੇਆਂ ਅਤੇ ਸਪਰੇਆਂ, ਸ਼ੋਰ ਪ੍ਰਦੂਸ਼ਣ, ਧਰਤੀ ਹੇਠਲੇ ਪਾਣੀ ਅਤੇ ਦਰਿਆਵਾਂ ਦੇ ਸਾਫ ਸੁਥਰੇ ਪਾਣੀ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਵਾਲੇ ਅਨੇਕਾਂ ਢੰਗ ਤਰੀਕੇ ਇਸ ਕਾਪੀ ਰਾਹੀਂ ਸਮਝਾਉਣ ਦੀ ਕੌਸ਼ਿਸ਼ ਕੀਤੀ ਹੈ।
ਉਹਨਾਂ ਦੱਸਿਆ ਕਿ ਜਾਗਰੂਕਤਾ ਵਾਲੀਆਂ ਕਾਪੀਆਂ ਤਕਸੀਮ ਕਰਨ ਦੇ ਨਾਲ ਨਾਲ ਵਾਤਾਵਰਣ ਦੀ ਸੰਭਾਲ ਕਿਵੇਂ, ਕਿਉਂ ਅਤੇ ਕਿਸ ਤਰਾਂ ਕਰਨ ਵਾਲੇ ਨੁਕਤਿਆਂ ਦੀ ਵੀ ਸਾਂਝ ਪਾਈ ਗਈ। ਉਹਨਾ ਦੱਸਿਆ ਕਿ ਸਤਲੁਜ, ਬਿਆਸ ਤੇ ਘੱਗਰ ਵਰਗੇ ਦਰਿਆਵਾਂ ਨੂੰ ਦੂਸ਼ਿਤ ਹੋਣ ਤੋਂ ਬਚਾਉਣ ਲਈ ਇਹਨਾ ਵਿੱਚ ਪੈਣ ਵਾਲੇ ਬੁੱਢੇ ਨਾਲੇ, ਚਿੱਟੀ ਵੇਈਂ, ਕਾਲਾ ਸੰਘਿਆ, ਡਰੇਨਾਂ ਆਦਿ ਵਿੱਚ ਪਿੰਡਾਂ, ਸ਼ਹਿਰਾਂ, ਕਾਰਖਾਨਿਆਂ ਅਤੇ ਡੇਅਰੀਆਂ ਦਾ ਪ੍ਰਦੂਸ਼ਿਤ ਪਾਣੀ ਪੈਣ ਤੋਂ ਰੋਕਣ ਦੀ ਲੋੜ ਹੈ, ਕਿਉਂਕਿ ਉਕਤ ਦਰਿਆਵਾਂ ਦਾ ਪਾਣੀ ਪੀਣ ਲਈ ਵਰਤਿਆ ਜਾਂਦਾ ਹੈ ਪਰ ਦਰਿਆਵਾਂ ਵਿੱਚ ਜਹਿਰਾਂ ਅਤੇ ਭਾਰੀ ਧਾਤਾਂ ਵਾਲਾ ਪਾਣੀ ਸੁੱਟਣਾ ਬਹੁਤ ਹੀ ਖਤਰਨਾਕ ਹੈ।
ਗੁਰਿੰਦਰ ਸਿੰਘ ਮਹਿੰਦੀਰੱਤਾ ਅਤੇ ਮਨਦੀਪ ਸਿੰਘ ਮਿੰਟੂ ਗਿੱਲ ਨੇ ਦੱਸਿਆ ਕਿ 2013 ਤੋਂ 2017 ਤੱਕ ਦੇ ਖੋਜ ਅੰਕੜਿਆਂ ’ਤੇ ਅਧਾਰਤ ਕੇਂਦਰੀ ਭੂਜਲ ਬੋਰਡ ਦੀ 2019 ਦੀ ਰਿਪੋਰਟ ਮੁਤਾਬਿਕ ਪੰਜਾਬ ਦਾ ਧਰਤੀ ਹੇਠਲਾ ਪਾਣੀ ਮਹਿਜ 16-17 ਸਾਲ ਦਾ ਹੀ ਬਾਕੀ ਰਹਿ ਗਿਆ ਹੈ। ਮਾਹਿਰਾਂ ਅਨੁਸਾਰ 33 ਫੀਸਦੀ ਰਕਬਾ ਜੰਗਲਾਂ ਅਧੀਨ ਚਾਹੀਦਾ ਹੈ ਪਰ ਪੰਜਾਬ ਵਿੱਚ ਘੱਟ ਕੇ ਇਹ ਰਕਬਾ ਸਿਰਫ 3.67 ਫੀਸਦੀ ਹੀ ਰਹਿ ਗਿਆ ਹੈ। ਉਹਨਾਂ ਅੰਕੜਿਆਂ ਸਹਿਤ ਦਲੀਲਾਂ ਦਿੰਦਿਆਂ ਦੱਸਿਆ ਕਿ ਆਕਸੀਜਨ ਦੀ ਅਹਿਮੀਅਤ ਦਾ ਪਤਾ ਕਰੋਨਾ ਕਾਲ ਵਿੱਚ ਲੱਗਾ, ਜਦੋਂ ਕਰੋੜਾਂਪਤੀ ਲੋਕ ਵੀ ਆਕਸੀਜਨ ਦੀ ਘਾਟ ਕਾਰਨ ਦੁਨੀਆਂ ਤੋਂ ਕੂਚ ਕਰ ਗਏ ਪਰ ਜੰਗਲਾਂ ਦੀ ਨਜਾਇਜ ਕਟਾਈ ਅਤੇ ਲੱਕੜ ਦੀ ਤਸਕਰੀ ਦਾ ਸਿਲਸਿਲਾ ਅਜੇ ਵੀ ਲਗਾਤਾਰ ਜਾਰੀ ਹੈ। ਇਸ ਮੌਕੇ ਉਪਰੋਕਤ ਤੋਂ ਇਲਾਵਾ ਪਿ੍ਰੰਸੀਪਲ ਗੋਪਾਲ ਕਿ੍ਰਸ਼ਨ, ਕੁਲਵੰਤ ਸਿੰਘ ਚਾਨੀ, ਸੋਮਨਾਥ ਅਰੋੜਾ ਆਦਿ ਦਾ ਵੀ ਭਰਪੂਰ ਸਹਿਯੋਗ ਰਿਹਾ।