"ਦਲਿਤ ਸਕੂਲ" / ਗੁਰਮੀਤ ਕੜਿਆਲਵੀ
ਮੈਂ ਪਿੰਡ ਦਾ ਦਲਿਤ ਸਕੂਲ ਹਾਂ |
ਇਹ ਮੈਂ ਨਹੀਂ ਕਹਿੰਦਾ
ਸਕੂਲ ਦੀ ਲਿੱਪੀ -ਪੋਚੀ ਭੈਣਜੀ ਆਖਦੀ ਹੈ ,
"ਪੜ੍ਹਾਉਣ ਨੂੰ ਤਾਂ ਉੱਕਾ ਰੂਹ ਨਹੀਂ ਕਰਦੀ
ਕੋਈ ਚੱਜ ਦਾ ਜੁਆਕ ਤਾਂ
ਸਕੂਲੇ ਪੜਨ ਹੀ ਨਹੀਂ ਆਉਂਦਾ
ਐਂਵੇ ਨਿੱਕੀਆਂ -ਸੁੱਕੀਆਂ ਜਾਤਾਂ ਆਲੇ
ਰਹਿਗੇ ਸਿਰ ਖਾਣ ਨੂੰ
ਭਲਾ ਇਹਨਾਂ ਨਾਲ ਮੱਥਾ ਕੌਣ ਮਾਰੇ ? "
ਸਕੂਲ ਆਲੀ ਭੈਣਜੀ ਜਮ੍ਹਾਂ ਸੱਚ ਬੋਲਦੀ ਐ
ਨਿੱਕੀਆਂ -ਸੁੱਕੀਆਂ ਜਾਤਾਂ ਦੇ ਪਚਾਧੇ ਨੂੰ ਪੜਾਉਦਿਆਂ
ਉਹਦੀ ਸੋਹਲ ਤੇ ਮਲੂਕ ਜਿੰਦ ਡੋਲਦੀ ਐ
ਏਸੇ ਕਰਕੇ ਉਹ ਹਰ ਰੋਜ਼
ਸਕੂਲੋਂ ਦੌੜਨ ਦਾ ਬਹਾਨਾ ਟੋਲਦੀ ਹੈ |
ਹੁਣ ਤਾਂ ਭੈਣਜੀ ਪੱਕੇ ਤੌਰ ਤੇ ਸ਼ਹਿਰ ਦੇ
ਸਕੂਲ ਵਿਚ ਪਰਵਾਸ ਕਰ ਗਈ ਹੈ
ਜੁਆਕ ਆਂਹਦੇ ਸਕੂਲ 'ਚੋਂ
ਇਤਰ ਫਲੇਲ ਦੀ ਮਹਿਕ ਈ ਉੱਡਗੀ ਐ
ਸਕੂਲ ਦੇ ਢਾਈ ਸੌ ਜੁਆਕਾਂ ਨੂੰ
ਇੱਕੋ (ਸਵਾ ਲਖ) ਮਾਸਟਰ ਪੜਾਉਂਦਾ ਹੈ
ਜੁਆਕਾਂ ਦੀਆਂ ਸ਼ਿਕਾਇਤਾਂ ਸੁਣਦਾ ਹੈ
ਉਹਨਾਂ ਨੂੰ "ਦਿਲ ਕੀ ਬਾਤ" ਸੁਣਾਉਂਦਾ ਹੈ
ਸਮਝ ਲਓ ਸਕੂਲ ਦੀ ਯਾਤਰਾ 'ਤੇ
ਕਦੀ ਕਦਾਈਂ ਆਉਂਦਾ ਹੈ
------ਤੇ ਫਿਰ
ਅਗਲੇ ਦੌਰੇ ਲਈ ਨਿਕਲ ਤੁਰਦਾ ਹੈ
ਕਦੇ ਵੋਟਾਂ ਬਣਾਉਣ
ਕਦੇ ਰੰਗ ਬਰੰਗੇ ਕਾਰਡ ਵੰਡਣ
ਤੇ ਕਦੇ ਮਰਦਮਸ਼ੁਮਾਰੀ ਕਰਨ
ਕਦੇ -ਕਦੇ ਮਾਸਟਰ ਵੀ ਮੈਨੂੰ
ਆਪਣੇ ਵਰਗਾ ਦਲਿਤ ਹੀ ਲਗਦਾ ਹੈ
ਆਪਣੀ ਨਿਗੂਣੀ ਤਨਖਾਹ ਦਾ ਰੋਣਾ ਰੋਂਦਾ
ਪੱਕੇ ਹੋਣ ਲਈ ਟੈਕੀਂਆਂ 'ਤੇ ਚੜ੍ਹਦਾ
ਧਰਨਿਆਂ -ਮੁਜ਼ਾਹਰਿਆਂ 'ਤੇ
ਆਪਣੇ ਵਾਲੀ ਪੁਲਿਸ ਤੋਂ ਸੇਵਾ ਕਰਾਉਂਦਾ
ਮੇਰਾ ਇਹ ਇਕਲੌਤਾ ਮਾਸਟਰ
ਬੱਚਿਆਂ ਨੂੰ ਗਣਿਤ ਦੇ ਪਹਾੜੇ ਵੀ ਪੜ੍ਹਾਉਂਦਾ ਹੈ
ਤੇ ਚਾਚਿਆਂ- ਬਾਪੂਆਂ ਦੇ ਲੇਖਾਂ ਨੂੰ
ਰੱਟਾ ਵੀ ਲੁਆਉਂਦਾ ਹੈ
ਸਾਇੰਸ ਦੇ ਲਾਭ -ਹਾਨੀਆਂ ਦੱਸਦਿਆਂ
ਆਪਣੇ ਮੋਬਾਇਲ ਨਾਲ ਮਨ ਪਰਚਾਉਂਦਾ ਹੈ ।
----ਤੇ ਮੇਰੇ ਜੁਆਕ ਜੋੜੀਆਂ ਬਣਾ
ਚਿੜੀ ਉੱਡ- ਕਾਂ ਉੱਡ ਖੇਡਣ ਲਗਦੇ ਹਨ
ਜੁਆਕ ਮਾਸਟਰ ਨੂੰ ਡਿਸਟਰਬ ਨਹੀਂ ਕਰਦੇ
ਤੇ ਮਾਸਟਰ ਵੀ ਜੁਆਕਾਂ ਦੇ ਕੰਮ
ਉੱਕਾ ਦਖਲ ਨਹੀਂ ਦਿੰਦਾ
ਏਸ ਪੱਖੋਂ ਦੋਵੇਂ ਧਿਰਾਂ ਪੂਰੀਆਂ ਸ਼ਹਿਣਸ਼ੀਲ ਨੇ
ਸਦਭਾਵਨਾ ਏਨੀ ਕਿ ਅੱਧੀ ਛੁੱਟੀ ਵੇਲੇ
ਮਿਡ- ਡੇ -ਮੀਲ ਵੀ ਇਕੱਠੇ ਛਕਦੇ ਨੇ
ਇਕ ਦਿਨ ਮਾਸਟਰ ਨੇ
'ਸੁਤੰਤਰਤਾ ਦਿਵਸ ' ਦੇ ਲੇਖ ਦਾ ਰੱਟਾ ਲਵਾਇਆ ਸੀ
ਅਗਲੇ ਦਿਨ ਬੱਕਰੀਆਂ ਆਲਿਆਂ ਦਾ ਠੋਲਾ
ਅਵੱਲੀ ਗੱਲ ਕੱਢ ਲਿਆਇਆ ਸੀ ,
"ਮਾਹਟਰ ਜੀ ਬਾਪੂ ਆਂਹਦਾ
ਥੋਡੇ ਮਾਹਟਰਾਂ ਨੂੰ ਤਾਂ ਭਕਾਈ ਮਾਰਨ ਦੀ ਵਾਦੀ ਐ
ਜਿਹੜੀ ਆਪਾਂ ਨੂੰ ਮਿਲੀ, ਸੱਚੀ ਨਹੀਂ
ਝੂਠੀ- ਮੂਠੀ ਦੀ ਆਜ਼ਾਦੀ ਐ
ਬਾਪੂ ਆਂਹਦਾ ਰਾਜੇ ਤਾਂ ਪਹਿਲਾਂ ਆਲੇ ਈ ਨੇ
ਬਸ ਰੰਗ ਦਾ ਹੀ ਫਰਕ ਐ
ਕੁੱਝ ਘਰਾਣੇ ਹੀ ਅਮੀਰ ਹੋਏ ਨੇ
ਮੁਲਕ ਤਾਂ ਪਹਿਲਾਂ ਨਾਲੋਂ ਵੀ ਗਰਕ ਐ "
ਮੇਰੇ ਜੁਆਕ ਨਵੇਂ -ਨਵੇਂ ਸੁਆਲ ਕਰਦੇ ਨੇ
ਮਾਸਟਰ ਦੇ ਗਿਆਨ 'ਚ ਮਣਾਮੂੰਹੀਂ ਵਾਧਾ ਕਰਦੇ ਨੇ
ਪਾਣੀ ਬਾਰੇ ਪੜ੍ਹਦਿਆਂ
"ਲਾਟੂ" ਦਾ ਗੇਅਰ ਇਕ ਗੱਲ 'ਤੇ ਅੜ ਗਿਆ ਸੀ
ਮਹਰਿਆਂ ਦਾ ਇਹ ਜੁਆਕ
ਮਾਸਟਰ ਅੱਗੇ ਸੁਆਲ ਬਣਕੇ ਖੜ ਗਿਆ ਸੀ
"ਮਾਸਟਰ ਜੀ ਕਹਿੰਦੇ ਧਰਤੀ ਉਤੇ ਤਿੰਨ ਹਿੱਸੇ ਪਾਣੀ ਐ
ਸੱਚੀ ਗੱਲ ਐ ਕਿ ਘੜੀ ਹੋਈ ਕਹਾਣੀ ਐ ? "
ਮਾਸਟਰ ਐਨਕਾਂ ਨੂੰ ਨੱਕ ਦੀ ਘੋੜੀ 'ਤੇ ਲਿਆਇਆ ਸੀ
ਤੇ ਸ਼ਰਾਰਤੀ ਅੱਖਾਂ ਨਾਲ ਮੁਸਕਰਾਇਆ ਸੀ,
"ਊਂ ਮੇਰੇ ਹਿਸਾਬ ਨਾਲ ਤਾਂ
ਧਰਤੀ ਉਤੇ ਤਿੰਨ ਹਿੱਸੇ ਪਾਣੀ ਐ
ਫੇਰ ਵੀ ਆਵਦੀ ਬੀਬੀ ਨੂੰ ਪੁੱਛ ਕੇ ਆਵੀਂ
ਮੇਰੇ ਨਾਲੋਂ ਤਾਂ ਉਹ ਕਈ ਗੁਣਾਂ ਸਿਆਣੀ ਐ "
-----ਤੇ ਫਿਰ ਅਗਲੇ ਦਿਨ
"ਮਾਸਟਰ ਜੀ ਮਾਂ ਤਾਂ ਆਂਹਦੀ
ਥੋਡਾ ਮਾਟ੍ਹਰ ਧੜੀ- ਧੜੀ ਦੇ ਗਪੌੜ ਛੱਡਦਾ
ਧਰਤੀ 'ਤੇ ਐਨਾ ਪਾਣੀ ਕਿੱਥੋਂ ਆ ਗਿਆ ?
ਆਪਾਂ ਤਾਂ ਪੀਣ ਨੂੰ ਵੀ ਤਰਲੇ ਮਾਰਦੇ ਆਂ
ਕਈ- ਕਈ ਦਿਨ ਨਹਾਉਣਾ-ਧੋਣਾ ਟਾਲਦੇ ਆਂ
ਬਾਲਟੀ ਦੀ ਥਾਂ ਗਿਲਾਸ ਨਾਲ
ਤੇ ਗਿਲਾਸ ਦੀ ਥਾਂ ਚੂਲੀਆਂ ਨਾਲ ਸਾਰਦੇ ਆਂ "
ਸਾਂਸੀਆਂ ਦਾ ਦੌਲਤੀ ਇੰਡੀਆ ਆਲੇ ਨਕਸ਼ੇ 'ਤੇ
ਉਂਗਲ ਘੁਮਾਉਂਦਾ ਹੈ
ਤੇ ਆਪਣਾ ਦਰਦ ਸੁਣਾਉਂਦਾ ਹੈ
"ਮਾਹਟਰ ਜੀ ਆਹ ਸਾਰਾ ਮੁਲਕ ਆਪਣਾ ਈ ਐ ?"
"ਕੋਈ ਸ਼ੱਕ ? " ਮਾਸਟਰ ਫਿਲਮੀ ਡਾਇਲਾਗ ਮਾਰਦਾ ਹੈ
"ਹੱਛਾ !!!" ਦੌਲਤੀ ਹੈਰਾਨ ਹੀ ਨਹੀਂ ਪ੍ਰੇਸ਼ਾਨ ਐ
ਕਿ ਦੇਸ਼ ਦਾ ਕਿਹੋ ਜਿਹਾ ਵਿਧੀ-ਵਿਧਾਨ ਐ
ਐਡੇ ਮੁਲਕ ਵਿਚ ਵੀ ਸਾਡੇ ਰਹਿਣ ਲਈ
ਨਾ ਕੋਈ ਥਾਂ ਤੇ ਨਾ ਕੋਈ ਮਕਾਨ ਐ
ਫਿਰ ਰੇਡੂਆ ਐਵੇਂ ਰੋਜ਼ ਰੌਲਾ ਪਾਈ ਜਾਂਦਾ
ਕਿ ਮੇਰਾ ਭਾਰਤ ਮਹਾਨ ਐ ?
ਦੌਲਤੀ ਇਉਂ ਦੇਸ਼ ਆਲੇ ਨਕਸ਼ੇ 'ਚੋਂ ਅਕਸਰ
ਆਪਣੇ ਰਹਿਣ ਲਈ ਥਾਂ ਭਾਲਦਾ ਹੈ |
ਘੁਮਿਆਰਾਂ ਦਾ ਘੰਮਾ ਤਾਂ ਬੜਾ ਵਹਿਬਤੀ ਐ
ਸੁਆਲ ਦਾ ਵੱਖਰਾ ਈ ਜੁਆਬ ਦਿੰਦਾ ਹੈ
" ਘੰਮਿਆ ਧਰਤੀ ਘੁੰਮਦੀ ਕਿ ਖੜੀ ?"
"ਮਾਹਟਰ ਸੈਬ ਮੇਰਾ ਬਾਪੂ ਆਂਹਦਾ ਖੜੀ ਹੋਣੀ ਐ
ਜੇ ਘੁੰਮਦੀ ਹੁੰਦੀ ਤਾਂ
ਆਪਣਾ ਚੱਕ ਵੀ ਘੁੰਮਦੇ ਰਹਿਣਾ ਸੀ
ਤੇ ਚੱਕ ਦੇ ਘੁੰਮਣ ਨਾਲ ਹੀ
ਘਰਦੇ ਜੀਆਂ ਦੇ ਮੂੰਹ 'ਚ ਅੰਨ ਪੈਣਾ ਸੀ ।
ਹੁਣ ਦੀਵਾਲੀ ਵੇਲੇ ਦੀਵੇ ਨਹੀਂ
ਬਨੇਰਿਆਂ 'ਤੇ ਲੜੀਆਂ ਜਗਦੀਆਂ ਨੇ
ਕੀ ਦੱਸੀਏ ਕਿੰਨ੍ਹੀਆਂ ਬੁਰੀਆਂ ਲੱਗਦੀਆਂ ਨੇ
ਹਟੜੀਆਂ ਜਗਾਉਣ ਵਾਸਤੇ ਕੁੜੀਆਂ ਨਹੀਂ ਰਹੀਆਂ
ਸ਼ੋਹਦਿਆਂ ਢਿੱਡ ਅੰਦਰ ਈ ਮਾਰ ਸੁੱਟੀਆਂ ਨੇ
ਸੋ ਮਾਹਟਰ ਜੀ
ਬਾਪੂ ਦੀ ਗੱਲ 'ਚ ਸਚਾਈ ਬੜੀ ਐ
ਧਰਤੀ ਘੁੰਮਦੀ ਨ੍ਹੀਂ ਇਕੋ ਥਾਂਏ ਖੜੀ ਐ "
ਮਜ੍ਹਬੀਆਂ ਦੀ ਘੀਟੋ
ਸਕੂਲ ਲੰਗੇ ਡੰਗ ਆਉਂਦੀ ਐ
ਜਿਆਦਾ ਦਿਨ ਆਵਦੀ ਵਿਧਵਾ ਮਾਂ ਨਾਲ
ਲੋਕਾਂ ਦੇ ਘਰੀਂ ਗੋਹਾ- ਕੂੜ੍ਹਾ ਕਰਾਉਂਦੀ ਐ
ਗੋਹੇ ਦੇ ਭਰੇ ਟੋਕਰੇ ਚੁੱਕਦਿਆਂ ਮੁਤਰਾਲ
ਵਰਦੀ 'ਤੇ ਭਾਰਤ ਮਾਤਾ ਦਾ ਨਕਸ਼ਾ ਬਣਾਉਂਦਾ ਹੈ
ਉਸਦੀਆਂ ਮਾਸੂਮ ਅੱਡੀਆਂ 'ਚ ਫਸਿਆ ਗੋਹਾ
ਰਾਜਧਾਨੀ ਦੀ ਸਿੱਖਿਆ ਨੀਤੀ ਨੂੰ ਦੰਦੀਆਂ ਚਿੜਾਉਂਦਾ ਹੈ
ਮੈਂ ਪਿੰਡ ਦਾ ਦਲਿਤ ਸਕੂਲ
ਰਾਜਧਾਨੀ ਦੀ ਮੀਸਣੀ ਅੱਖ ਦਾ ਸੁਪਨਾ ਹਾਂ
ਜੋ ਨੇਤਾਵਾਂ ਦੇ ਵਿਕਾਸਮੁਖੀ ਬਿਆਨਾਂ 'ਚ ਹੀ
ਚਮਕਦਾ ਹੈ
ਉਂਜ ਤਾਂ ਬਸ ਅਖਬਾਰਾਂ ਤੇ ਚੈਨਲਾਂ ਦੀਆਂ
ਖਬਰਾਂ 'ਚ ਹੀ ਲਟਕਦਾ ਹੈ
ਤੇ ਘੰਮਿਆਂ, ਘੋਟੀਆਂ, ਦੌਲਤੀਆਂ; ਠੋਲ੍ਹਿਆਂ ਨੂੰ
ਸਰਵਪੱਖੀ ਗਿਆਨ ਬਖਸ਼ਦਾ ਹੈ
ਮੇਰੇ ਮੱਥੇ 'ਤੇ ਉੱਕਰਿਆ ,
"ਸਿੱਖਣ ਲਈ ਆਉ ,ਸੇਵਾ ਲਈ ਜਾਓ " ਦਾ ਨਾਅਰਾ
ਮੇਰੇ ਢਿੱਡ 'ਚ ਕੁਤਕਤਾੜੀਆਂ ਕੱਢਦਾ ਹੈ
ਸੂਟ-ਬੂਟ ਤੇ ਨੈਕਟਾਈ ਵਾਲਿਆਂ ਦੇ ਫਰਜੰਦਾਂ ਨੂੰ
ਮੇਰੇ ਤੋਂ ਭਿੱਟ ਚੜਦੀ ਹੈ
ਮੇਰੇ ਕੋਲੋਂ ਲੰਘਣ ਲੱਗਿਆਂ
ਮੁਸ਼ਕ ਨੱਕ ਨੂੰ ਚੜ੍ਹਦੀ ਐ
ਏਸੇ ਕਰਕੇ ਉਹਨਾਂ ਦੀ ਸਕੂਲ ਵੈਨ
ਮੇਰੇ ਕੋਲੋਂ ਦੂਰ -ਦੂਰ ਹੋਕੇ ਲੰਘਦੀ ਹੈ
ਮੈਨੂੰ ਦੁਖੀ ਕਰਦੀ ਹੈ
ਮੇਰੇ ਲਾਡਲਿਆਂ ਦਾ ਕਲੇਜਾ ਡੰਗਦੀ ਹੈ
ਮੈਂ ਆਪਣੇ ਆਲਿਆਂ-ਭੋਲਿਆਂ ਦੀਆਂ ਅੱਖਾਂ 'ਚ
ਸੁਪਨੇ ਬੀਜਣਾ ਚਹੁੰਦਾ ਹਾਂ
ਇਸੇ ਕਰਕੇ ਆਏ ਸਾਲ
ਰਾਜਧਾਨੀ ਵੱਲ ਝੋਲੀ ਫੈਲਾਉਂਦਾ ਹਾਂ
ਮੈਂ ਪਿੰਡ ਦਾ ਦਲਿਤ ਸਕੂਲ ਹਾਂ
** Gurmeet karyalvi