ਲੁਧਿਆਣਾ 19 ਜਨਵਰੀ 2020: ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਅਤੇ ਪੰਜਾਬੀ ਕਵੀ ਗੁਰਭਜਨ ਗਿੱਲ ਦਾ ਗ਼ਜ਼ਲ ਸੰਗ੍ਰਹਿ "ਮਨ ਪਰਦੇਸੀ"
ਪੰਜਾਬੀ ਭਵਨ ਲੁਧਿਆਣਾ ਵਿਖੇ ਸੈਂਟਰਲ ਯੂਨੀਵਰਸਿਟੀ ਆਫ ਪੰਜਾਬ ਦੇ ਚਾਂਸਲਰ ਡਾ: ਸ ਸ ਜੌਹਲ ਵੱਲੋਂ ਕੱਲ੍ਹ ਸ਼ਾਮੀਂ ਲੋਕ ਅਰਪਣ ਕੀਤਾ ਗਿਆ।
ਇਸ ਮੌਕੇ ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ, ਸੀਨੀਅਰ ਮੀਤ ਪ੍ਰਧਾਨ ਸੁਰਿੰਦਰ ਕੈਲੇ,ਜਨਰਲ ਸਕੱਤਰ ਡਾ: ਸੁਰਜੀਤ ਸਿੰਘ ਤੇ ਸਾਬਕਾ ਪ੍ਰਧਾਨ ਡਾ: ਸੁਖਦੇਵ ਸਿੰਘ ਸਿਰਸਾ ਨੇ ਵੀ ਡਾ: ਸ ਸ ਜੌਹਲ ਸਮੇਤ ਲੇਖਕ ਨੂੰ ਗ਼ਜ਼ਲ ਸੰਗ੍ਰਹਿ ਛਪਣ ਤੇ ਮੁਬਾਰਕ ਦਿੱਤੀ।
ਇਸ ਮੌਕੇ ਗੁਰਭਜਨ ਗਿੱਲ ਨੇ ਦੱਸਿਆ ਕਿ ਇਹ ਉਨ੍ਹਾਂ ਦਾ 1985 ਚ ਛਪੇ ਪਹਿਲੇ ਗ਼ਜ਼ਲ ਸੰਗ੍ਰਹਿ ਹਰ ਧੁਖਦਾ ਪਿੰਡ ਮੇਰਾ ਹੈ, ਦੋ ਹਰਫ਼ ਰਸੀਦੀ, ਮਨ ਦੇ ਬੂਹੇ ਬਾਰੀਆਂ,ਮੋਰ ਪੰਖ, ਤਾਰਿਆਂ ਦੇ ਨਾਲ ਗੱਲਾਂ ਕਰਦਿਆਂ, ਗੁਲਨਾਰ, ਮਿਰਗਾਵਲੀ ਤੇ ਰਾਵੀ ਤੋਂ ਬਾਦ ਨੌਵਾਂ ਗ਼ਜ਼ਲ ਸੰਗ੍ਰਹਿ ਹੈ। ਇਸ ਨੂੰ ਚੇਤਨਾ ਪ੍ਰਕਾਸ਼ਨ ਲੁਧਿਆਣਾ ਨੇ ਪ੍ਰਕਾਸ਼ਿਤ ਕੀਤਾ ਹੈ।
ਇਸ ਮੌਕੇ ਜਾਣਕਾਰੀ ਦਿੰਦਿਆਂ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਭੱਠਲ ਨੇ ਦੱਸਿਆ ਕਿ ਗੁਰਭਜਨ ਗਿੱਲ ਅਜਿਹੇ ਪੰਜਾਬੀ ਸਾਹਿਤਕਾਰ ਹਨ, ਜਿਨ੍ਹਾਂ ਨੇ ਆਪਣੀ ਨਵੀਨਤਮ ਅਤੇ ਵੱਖਰੀ ਸ਼ੈਲੀ ਰਾਹੀਂ ਪੰਜਾਬੀ ਸਾਹਿਤ ਦੇ ਕਾਵਿ ਖੇਤਰ ਵਿੱਚ ਆਪਣੀ ਅਲੱਗ ਪਹਿਚਾਣ ਕਾਇਮ ਕੀਤੀ ਹੈ । 1976 ਤੋਂ ਅਧਿਆਪਨ ਕਾਰਜ ਸ਼ੁਰੂ ਕਰਕੇ ਸੱਤ ਸਾਲ ਕਾਲਜਾਂ ਚ ਪੜ੍ਹਾਉਣ ਮਗਰੋਂ 1983 ਤੋਂ 2013 ਤੀਕ ਤੀਹ ਸਾਲ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਵਿੱਚ ਸੀਨੀਅਰ ਸੰਪਾਦਕ ਵਜੋਂ ਸੇਵਾਵਾਂ ਨਿਭਾਉਣ ਉਪਰੰਤ ਮਈ 2013 ਵਿੱਚ ਸੇਵਾ ਮੁਕਤ ਹੋ ਚੁੱਕੇ ਹਨ ।
ਪ੍ਰੋ: ਗੁਰਭਜਨ ਸਿੰਘ ਗਿੱਲ, ਪੰਜਾਬੀ ਸਾਹਿਤ ਅਕਾਦਮੀ, ਲੁਧਿਆਣਾ ਦੇ 2010 ਤੋਂ 2014 ਤੀਕ ਚਾਰ ਸਾਲ ਪ੍ਰਧਾਨ ਰਹੇ ਅਤੇ ਪ੍ਰੋ: ਮੋਹਨ ਸਿੰਘ ਮੈਮੋਰੀਅਲ ਫਾਉਂਡੇਸ਼ਨ ਦੇ ਸਥਾਪਨਾ ਤੋਂ ਲੈ ਕੇ 2014 ਤੀਕ ਲਗ ਪਗ ਪੈਂਤੀ ਸਾਲ ਪ੍ਰਮੁੱਖ ਅਹੁਦੇਦਾਰ ਰਹੇ ਹਨ। ਇਸ ਵਕਤ ਆਪ ਮਹਾਰਾਜਾ ਦਲੀਪ ਸਿੰਘ ਮੈਮੋਰੀਅਲ ਟਰੱਸਟ, ਬੱਸੀਆਂ ਕੋਠੀ (ਰਾਏਕੋਟ)ਤੇ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਵੀ ਚੇਅਰਮੈਨ ਵੀ ਹਨ। ਸੱਰੀ(ਕੈਨੇਡਾ) ਚ ਸਥਾਪਤ ਪੰਜਾਬ ਭਵਨ ਦੀ ਸਥਾਪਨਾ ਕਰਵਾਉਣ ਲਈ ਆਪ ਜੀ ਦਾ ਯੋਗਦਾਨ ਇਤਿਹਾਸਕ ਮੀਲ ਪੱਥਰ ਹੈ।