- ਮਨਜੀਤ ਕੌਮ ਮੀਤ ਦੀਆਂ ਕਹਾਣੀਆਂ ਸਮਾਜਿਕ ਦਰਦ ਦੀ ਤਰਜਮਾਨੀ ਕਰਦੀਆਂ ਹਨ - ਪ੍ਰਿੰਸੀਪਲ ਗੁਰਦੇਵ ਕੌਰ
- ਸੱਸ-ਨੂੰਹ ਦੇ ਰਿਸ਼ਤੇ ਨੂੰ ਨਵਾਂ ਮੁਕਾਮ ਦੇਣ ਲਈ ਦੋਵੇਂ ਲੇਖਿਕਾਵਾਂ ਨੂੰ ਵਧਾਈਆਂ - ਕੇ. ਕੇ. ਸ਼ਾਰਦਾ
ਚੰਡੀਗੜ੍ਹ, 07 ਮਾਰਚ 2020 - ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬ ਕਲਾ ਭਵਨ ਵਿਖੇ ਇੱਕ ਸਫ਼ਲ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਵਿਚ ਨਾਮਵਰ ਕਹਾਣੀਕਾਰ ਤੇ ਉੱਘੀ ਲੇਖਿਕਾ ਮਨਜੀਤ ਕੌਰ ਮੀਤ ਦਾ ਕਹਾਣੀ ਸੰਗ੍ਰਹਿ 'ਦਰਦ ਪਰਿੰਦੇ ਦਾ' ਜਿੱਥੇ ਲੋਕ ਅਰਪਣ ਕੀਤਾ ਗਿਆ, ਉਥੇ ਹੀ ਉਕਤ ਲੇਖਿਕਾ ਦੀ ਚਰਚਿਤ ਕਹਾਣੀਆਂ ਦੀ ਕਿਤਾਬ 'ਜਦ ਕੋਈ ਫੌਜਣ ਹੁੰਦੀ ਹੈ' ਦਾ ਹਿੰਦੀ ਅਨੁਵਾਦ ਜਿਸ ਨੂੰ ਮੀਤ ਹੁਰਾਂ ਦੀ ਨੂੰਹ ਡਾ. ਮਣਿਕਾ ਕਪਿਲ ਨੇ ਹਿੰਦੀ ਕਹਾਣੀ ਸੰਗ੍ਰਹਿ 'ਜਬ ਕੋਈ ਫੌਜਣ ਹੋਤੀ ਹੈ' ਦੇ ਨਾਮ ਹੇਠ ਪ੍ਰਕਾਸ਼ਿਤ ਕਰਵਾਇਆ ਤੇ ਇਸ ਮੌਕੇ ਇਸ ਨੂੰ ਵੀ ਲੋਕ ਅਰਪਣ ਕੀਤਾ ਗਿਆ। ਦੋਵੇਂ ਕਿਤਾਬਾਂ ਦੀ ਮੂਲ ਲੇਖਿਕਾ ਤੇ ਅਨੁਵਾਦਕ ਲੇਖਿਕਾ ਦੀ ਮੌਜੂਦਗੀ ਵਿਚ ਪ੍ਰਿੰਸੀਪਲ ਗੁਰਦੇਵ ਕੌਰ, ਗਾਂਧੀ ਸਮਾਰਕ ਨਿਧੀ ਦੇ ਚੇਅਰਮੈਨ ਕੇ ਕੇ ਸ਼ਾਰਦਾ, ਬਲਕਾਰ ਸਿੱਧੂ, ਦੀਪਕ ਸ਼ਰਮਾ ਚਨਾਰਥਲ ਹੁਰਾਂ ਵੱਲੋਂ ਸਾਂਝੇ ਤੌਰ 'ਤੇ ਇਨ੍ਹਾਂ ਕਿਤਾਬਾਂ ਨੂੰ ਰਿਲੀਜ਼ ਕੀਤਾ ਗਿਆ। ਇਸ ਮੌਕੇ ਮੀਤ ਹੁਰਾਂ ਦੇ ਜੀਵਨ ਸਾਥੀ ਗੁਰਦੇਵ ਸਿੰਘ ਤੇ ਪੁੱਤਰ ਅਤੇ ਮਣਿਕਾ ਦੇ ਜੀਵਨ ਸਾਥੀ ਬਿਕਰਮਜੀਤ ਵੀ ਨਾਲ ਸਨ।
ਸਮਾਗਮ ਦੀ ਸ਼ੁਰੂਆਤ ਵਿਚ ਜਿੱਥੇ ਸਮੁੱਚੇ ਪ੍ਰਧਾਨਗੀ ਮੰਡਲ ਅਤੇ ਦੋਵੇਂ ਲੇਖਿਕਾਵਾਂ ਦਾ ਸਵਾਗਤ ਫੁੱਲਾਂ ਨਾਲ ਕੀਤਾ ਗਿਆ, ਉਥੇ ਮਹਿਲਾ ਦਿਵਸ ਨੂੰ ਸਮਰਪਿਤ ਇਸ ਸਮਾਗਮ ਵਿਚ ਮਹਿਲਾ ਸ਼ਕਤੀ ਦਾ ਤੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਹੁਰਾਂ ਨੇ ਕਰਦਿਆਂ ਜਿੱਥੇ ਡਾ. ਮਣਿਕਾ ਕਪਿਲ ਨੂੰ ਵਧਾਈ ਦਿੱਤੀ, ਉਥੇ ਹੀ ਮਨਜੀਤ ਕੌਰ ਮੀਤ ਦੀ ਜੀਵਨ ਘਾਲਣਾਂ ਨੂੰ ਸਾਂਝਾ ਕਰਦਿਆਂ ਭਾਸ਼ਾ ਵਿਭਾਗ ਵਿਚ ਉਨ੍ਹਾਂ ਵੱਲੋਂ ਨਿਭਾਈਆਂ ਸੇਵਾਵਾਂ ਨੂੰ ਵੀ ਯਾਦ ਕੀਤਾ ਗਿਆ। ਸਮਾਗਮ ਵਿਚ ਬਤੌਰ ਮੁੱਖ ਮਹਿਮਾਨ ਪਹੁੰਚੇ ਪ੍ਰਿੰਸੀਪਲ ਗੁਰਦੇਵ ਕੌਰ ਹੁਰਾਂ ਨੇ ਆਖਿਆ ਕਿ ਮਨਜੀਤ ਕੌਰ ਮੀਤ ਤੇ ਡਾ. ਮਣਿਕਾ ਕਪਿਲ ਨੇ ਅੱਜ ਸੱਸ-ਨੂੰਹ ਦੇ ਰਿਸ਼ਤੇ ਨੂੰ ਮਾਂ-ਧੀ ਦੇ ਰਿਸ਼ਤੇ ਤੋਂ ਵੀ ਅੱਗੇ ਲਿਜਾਂਦਿਆਂ ਸਾਹਿਤਕ ਰਿਸ਼ਤੇ ਵਿਚ ਬਦਲ ਦਿੱਤਾ ਹੈ। ਪ੍ਰਿੰਸੀਪਲ ਗੁਰਦੇਵ ਕੌਰ ਨੇ ਮਨਜੀਤ ਕੌਰ ਮੀਤ ਦੀਆਂ ਕਹਾਣੀਆਂ ਨੂੰ ਸਚਾਈ ਦੇ ਨੇੜੇ ਤੇ ਸਮਾਜ ਦੇ ਦਰਦ ਨੂੰ ਬਿਆਨ ਕਰਦੀਆਂ ਕਹਾਣੀਆਂ ਕਰਾਰ ਦਿੱਤਾ।
ਸਮਾਗਮ ਵਿਚ ਬਤੌਰ ਵਿਸ਼ੇਸ਼ ਮਹਿਮਾਨ ਸ਼ਿਰਕਤ ਕਰਨ ਪਹੁੰਚੇ ਗਾਂਧੀ ਸਮਾਰਕ ਨਿਧੀ ਦੇ ਚੇਅਰਮੈਨ ਕੇ ਕੇ ਸ਼ਾਰਦਾ ਹੁਰਾਂ ਨੇ ਨੂੰਹ-ਸੱਸ ਲੇਖਿਕਾਵਾਂ ਨੂੰ ਵਧਾਈ ਦਿੰਦਿਆਂ ਆਖਿਆ ਕਿ ਇਹ ਜਿੱਥੇ ਕਲਮ ਦੀ ਤਾਕਤ ਹੈ, ਉਥੇ ਹੀ ਪਰਿਵਾਰਕ ਸਾਂਝ ਦੀ ਵੀ ਇਕ ਉਦਾਹਰਨ ਹੈ ਕਿ ਨੂੰਹ ਨੇ ਆਪਣੀ ਲੇਖਿਕਾ ਸੱਸ ਦੀ ਕਾਬਲੀਅਤ ਨੂੰ ਹੋਰ ਵੱਡੇ ਸੰਸਾਰ ਵਿਚ ਪਹੁੰਚਾਉਣ ਖਾਤਰ ਉਨ੍ਹਾਂ ਦੀਆਂ ਕਹਾਣੀਆਂ ਨੂੰ ਹਿੰਦੀ ਵਿਚ ਅਨੁਵਾਦ ਕੀਤਾ। ਸ਼ਾਰਦਾ ਨੇ ਜਿੱਥੇ ਪੰਜਾਬੀ ਲੇਖਕ ਸਭਾ ਨੂੰ ਅਜਿਹੇ ਸਮਾਗਮ ਉਲੀਕਣ ਦੀ ਵਧਾਈ ਦਿੱਤੀ, ਉਥੇ ਮਨਜੀਤ ਮੀਤ ਤੇ ਡਾ. ਮਣਿਕਾ ਨੂੰ ਵੀ ਇਸ ਖੇਤਰ ਵਿਚ ਹੋਰ ਅਗਾਂਹ ਵਧਣ ਦਾ ਅਸ਼ੀਰਵਾਦ ਵੀ ਦਿੱਤਾ।
ਦੋਵੇਂ ਕਿਤਾਬਾਂ 'ਤੇ ਵਿਚਾਰ-ਚਰਚਾ ਵਿਚ ਸ਼ਾਮਲ ਹੁੰਦਿਆਂ ਗੁਰਨਾਮ ਕੰਵਰ, ਪ੍ਰੇਮ ਵਿੱਜ ਅਤੇ ਮਨਮੋਹਨ ਸਿੰਘ ਦਾਊਂ ਹੁਰਾਂ ਨੇ ਆਪੋ-ਆਪਣੇ ਵਡਮੁੱਲੇ ਵਿਚਾਰ ਵੀ ਸਾਂਝੇ ਕੀਤੇ। ਪ੍ਰੇਮ ਵਿੱਜ ਹੁਰਾਂ ਨੇ ਜਿੱਥੇ ਹਿੰਦੀ ਅਨੁਵਾਦਿਤ ਕਿਤਾਬ ਦੇ ਹਵਾਲੇ ਨਾਲ ਆਪਣੀ ਗੱਲ ਰੱਖਦਿਆਂ ਕਿਹਾ ਕਿ ਹੁਣ ਇਹ ਇਕੱਲੀ ਪੰਜਾਬੀ ਫੌਜਣਾਂ ਦੀ ਪੀੜ ਨੂੰ ਬਿਆਨ ਕਰਦੀ ਕਿਤਾਬ ਨਹੀਂ ਬਲਕਿ ਹਿੰਦੀ ਵਿਚ ਆ ਜਾਣ ਨਾਲ ਇਹ ਹੁਣ ਸਮੁੱਚੇ ਭਾਰਤ ਦੇ ਸੈਨਿਕ ਪਰਿਵਾਰਾਂ ਦੀ ਕਹਾਣੀ ਬਣ ਗਈ ਹੈ। ਇਸੇ ਤਰ੍ਹਾਂ ਗੁਰਨਾਮ ਕੰਵਰ ਹੁਰਾਂ ਨੇ ਮੂਲ ਲੇਖਿਕਾ ਮਨਜੀਤ ਕੌਰ ਮੀਤ ਦੇ ਜੀਵਨ ਦੇ ਸੰਘਰਸ਼, ਉਸਦੀ ਸੂਝ ਤੇ ਉਸਦੀ ਸਿਆਣਪ ਦੇ ਹਵਾਲੇ ਨਾਲ ਗੱਲ ਸਾਂਝੀ ਕਰਦਿਆਂ ਕਿਹਾ ਕਿ ਮਨਜੀਤ ਕੌਰ ਮੀਤ ਨੂੰ ਸਾਧਾਰਨ ਗੱਲਾਂ ਵਿਚੋਂ ਵੀ ਵੱਡੀ ਕਹਾਣੀ ਲੱਭਣੀ ਆਉਂਦੀ ਹੈ। ਗੁਰਨਾਮ ਕੰਵਰ ਹੁਰਾਂ ਨੇ ਆਖਿਆ ਕਿ ਸੰਗੀਤ ਖੇਤਰ ਵਿਚ ਪੀਐਚਡੀ ਕਰਨ ਵਾਲੀ ਡਾ. ਮਣਿਕਾ ਕਪਿਲ ਹੁਣ ਸਾਹਿਤ ਖੇਤਰ ਵਿਚ ਵੀ ਆਪਣੇ ਵੱਡੇ ਨਿਸ਼ਾਨ ਛੱਡੇਗੀ। ਇਸੇ ਤਰ੍ਹਾਂ ਮਨਮੋਹਨ ਸਿੰਘ ਦਾਊਂ ਹੁਰਾਂ ਨੇ ਲੇਖਿਕਾ ਦੀਆਂ ਲਿਖਤਾਂ, ਉਨ੍ਹਾਂ ਦੀ ਵਿਸ਼ਾ ਚੋਣ, ਸ਼ਬਦਾਂ ਦੀ ਚੋਣ, ਪਾਤਰਾਂ ਨੂੰ ਢੂੰਡਣ ਦੀ ਕਾਸ਼ਤਕਾਰੀ ਤੇ ਉਸ ਨੂੰ ਆਪਣੇ ਸ਼ਬਦਾਂ ਵਿਚ ਬਿਆਨ ਕਰਨ ਦੀ ਕਲਾ ਕੀ ਬਾਖੂਬੀ ਸ਼ਲਾਘਾ ਕੀਤੀ।
ਇਸ ਮੌਕੇ ਜਿੱਥੇ ਮਨਜੀਤ ਕੌਰ ਮੀਤ ਨੇ ਆਪਣੀ ਕਹਾਣੀ ਸਿਰਜਣਾ ਦੀ ਬਾਤ ਸਾਂਝੀ ਕੀਤੀ, ਉਥੇ ਹੀ ਉਨ੍ਹਾਂ ਆਪਣੀਆਂ ਲਿਖਤਾਂ ਨੂੰ ਕਿਤਾਬ ਵਿਚ ਬਦਲਣ ਲਈ ਸਹਿਯੋਗ ਦੇਣ ਵਾਲੇ ਵੱਖੋ-ਵੱਖ ਸਾਹਿਤਕਾਰਾਂ, ਲੇਖਕਾਂ ਦਾ ਧੰਨਵਾਦ ਕਰਦਿਆਂ ਕਹਾਣੀ ਸਿਰਜਣਾ ਦੀ ਕਲਾ ਸਿਖਾਉਣ ਲਈ ਅਵਤਾਰ ਸਿੰਘ ਪਤੰਗ ਦਾ ਉਚੇਚਾ ਧੰਨਵਾਦ ਕੀਤਾ। ਜਦੋਂਕਿ ਡਾ. ਮਣਿਕਾ ਕਪਿਲ ਨੇ ਆਖਿਆ ਕਿ ਜਦੋਂ ਮੈਂ ਆਪਣੀ ਸੱਸ ਮਾਂ ਦੀ ਪੰਜਾਬੀ ਕਿਤਾਬ 'ਜਦ ਕੋਈ ਫੌਜਣ ਹੁੰਦੀ ਹੈ' ਪੜ੍ਹੀ ਤਦ ਹੀ ਮੈਂ ਠਾਣ ਲਿਆ ਕਿ ਮੈਂ ਇਸ ਦਾ ਅਨੁਵਾਦ ਕਰਾਂਗੀ। ਉਨ੍ਹਾਂ ਕਿਹਾ ਕਿ ਕੈਨੇਡਾ ਰਹਿੰਦਿਆਂ ਇਹ ਕਾਰਜ ਅਸਾਨ ਨਹੀਂ ਸੀ ਪਰ ਉਥੇ ਬੈਠਿਆਂ ਵੀ ਮੈਂ ਚੰਡੀਗੜ੍ਹ ਵਿਚ ਆਪਣੀ ਮਾਤਾ ਮਨਜੀਤ ਕੌਰ ਮੀਤ ਦੇ ਸਹਿਯੋਗ ਸਦਕਾ ਇਸ ਅਨੁਵਾਦ ਦੇ ਕਾਰਜ ਨੂੰ ਸਿਰੇ ਚੜ੍ਹਾ ਸਕੀ।
ਸਮਾਗਮ ਦੇ ਅਖੀਰ ਵਿਚ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਡਾ. ਅਵਤਾਰ ਸਿੰਘ ਪਤੰਗ ਨੇ ਆਖਿਆ ਕਿ ਪਹਿਲਾਂ ਤਾਂ ਕਹਾਣੀ ਸਿਰਜਣਾ ਹੀ ਅਸਾਨ ਨਹੀਂ ਹੁੰਦਾ ਤੇ ਅਨੁਵਾਦ ਕਰਨਾ ਤਾਂ ਮੂਲ ਸਿਰਜਣਾ ਤੋਂ ਵੀ ਔਖਾ ਹੁੰਦਾ ਹੈ। ਇਸ ਲਈ ਇਹ ਦੋਵੇਂ ਲੇਖਿਕਾਵਾਂ ਜਿੱਥੇ ਵਧਾਈ ਦੀਆਂ ਪਾਤਰ ਹਨ, ਉਥੇ ਉਨ੍ਹਾਂ ਸਮੁੱਚੇ ਪ੍ਰਧਾਨਗੀ ਮੰਡਲ ਤੇ ਵੱਡੀ ਗਿਣਤੀ ਵਿਚ ਸਾਹਿਤਕਾਰਾਂ, ਲੇਖਕਾਂ ਤੇ ਪਰਿਵਾਰਕ ਮੈਂਬਰਾਂ ਦਾ ਧੰਨਵਾਦ ਕੀਤਾ। ਇਸ ਸਮਾਗਮ ਦੀ ਸਮੁੱਚੀ ਕਾਰਵਾਈ ਕਾਵਿਕ ਰੂਪ ਵਿਚ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਈ। ਇਸ ਮੌਕੇ ਸਮਾਗਮ ਦੇ ਅਗਾਜ਼ ਦੌਰਾਨ ਦਰਸ਼ਨ ਤ੍ਰਿਊਣਾ ਨੇ ਮਹਿਲਾ ਦਿਵਸ ਨੂੰ ਸਮਰਪਿਤ ਤਰੰਨਮ ਵਿਚ ਇਕ ਗੀਤ ਗਾ ਕੇ ਮਾਹੌਲ ਵਿਚ ਨਵੀਂ ਰੂਹ ਭਰੀ।
ਇਸ ਸਾਹਿਤਕ ਸਮਾਗਮ ਦੌਰਾਨ ਚੰਡੀਗੜ੍ਹ ਪੰਜਾਬੀ ਮੰਚ ਦੇ ਪ੍ਰਧਾਨ ਸੁਖਜੀਤ ਸਿੰਘ ਸੁੱਖਾ, ਸਕੱਤਰ ਗੁਰਪ੍ਰੀਤ ਸਿੰਘ ਸੋਮਲ, ਪਰਮਜੀਤ ਕੌਰ ਪਰਮ, ਦਲਜੀਤ ਕੌਰ ਦਾਊਂ, ਰਜਿੰਦਰ ਕੌਰ, ਸੁਰਿੰਦਰ ਕੌਰ, ਮਲਕੀਅਤ ਬਸਰਾ, ਸੁਰਿੰਦਰ ਕਪਿਲ, ਮੀਨਾ ਕਪਿਲ, ਨਰਿੰਦਰ ਨਸਰੀਨ, ਗੁਰਦਰਸ਼ਨ ਮਾਵੀ, ਸੇਵੀ ਰਾਇਤ, ਗੁਰਦੇਵ ਸਿੰਘ, ਬਿਕਰਮ ਸਿੰਘ, ਭੁਪਿੰਦਰ ਮਲਿਕ, ਪਰਮਿੰਦਰ ਸਿੰਘ ਮਦਾਨ, ਪਾਲ ਅਜਨਬੀ, ਨੀਰਜ ਕੁਮਾਰ, ਗੁਰਮੇਲ ਕੌਰ, ਕੇਵਲ ਸਿੰਘ ਰਾਣਾ, ਹਰਦੀਪ ਸਿੰਘ, ਮਨੋਹਰ ਸਿੰਘ ਦੀਵਾਨ, ਦਰਸ਼ਨ ਤ੍ਰਿਊਣਾ, ਪ੍ਰਿਯਾ ਉਪਲ, ਸ਼ਰਨਦੀਪ ਕੌਰ, ਪ੍ਰੇਮ ਵਿੱਜ, ਮਨਮੋਹਨ ਸਿੰਘ ਦਾਊਂ, ਗੁਰਨਾਮ ਕੰਵਰ, ਊਸ਼ਾ ਕੰਵਰ, ਪ੍ਰੋ. ਮਨਦੀਪ ਕੌਰ, ਰਵਿੰਦਰਜੀਤ ਕੌਰ, ਪ੍ਰਿੰਸੀਪਲ ਜਗਰੂਪ ਸਿੰਘ, ਗੁਰਦੀਪ ਕੌਰ ਆਦਿ ਹਾਜ਼ਰ ਸਨ।