ਨਰਪਾਲ ਸਿੰਘ ਸ਼ੇਰਗਿੱਲ ਦੀ ਪੁਸਤਕ "ਸਿੱਖ ਸੰਸਾਰ-2024' ਲੋਕ ਅਰਪਣ
- ਪੰਜਾਬੀ ਸੱਥ ਦੇ ਮੁੱਖ ਸੰਚਾਲਕ ਮੋਤਾ ਸਿੰਘ ਸਰਾਏ, ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ
- ਪ੍ਰਸਿੱਧ ਲੇਖਕਾਂ ਬੁੱਧੀਜੀਵੀਆਂ ਨੇ ਵਿਸ਼ੇਸ਼ ਸਮਾਗਮ 'ਚ ਲਿਆ ਹਿੱਸਾ
ਫਗਵਾੜਾ, 13 ਅਪ੍ਰੈਲ 2024 - ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਵਲੋਂ ਅੰਤਰਰਾਸ਼ਟਰੀ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਦੀ ਪੁਸਤਕ ਸਿੱਖ ਸੰਸਾਰ-2024, ਇੰਟਰਨੈਸ਼ਨਲ ਡਾਇਰੈਕਟਰੀ ਆਫ਼ ਗੁਰਦੁਆਰਾਜ਼ ਐਂਡ ਸਿੱਖ ਆਰਗੇਨਾਈਜੇਸ਼ਨ, ਫਗਵਾੜਾ ਵਿਖੇ ਪੰਜਾਬੀ ਸੱਥ ਦੇ ਮੁੱਖ ਸੰਚਾਲਕ ਮੋਤਾ ਸਿੰਘ ਸਰਾਏ ਵਲੋਂ ਲੋਕ ਅਰਪਨ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਪ੍ਰਿੰ: ਗੁਰਮੀਤ ਸਿੰਘ ਪਲਾਹੀ, ਮੋਤਾ ਸਿੰਘ ਸਰਾਏ, ਪ੍ਰਿੰ: ਗੁਰਨਾਮ ਸਿੰਘ ਡੁਮੇਲੀ, ਗਿਆਨ ਸਿੰਘ ਸਾਬਕਾ ਡੀਪੀਆਰਓ ਨੇ ਕੀਤੀ।
ਇਸ ਸਮੇਂ ਬੋਲਦਿਆਂ ਪੰਜਾਬੀ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਪ੍ਰਣਾਈ ਸਖ਼ਸ਼ੀਅਤ ਮੋਤਾ ਸਿੰਘ ਸਰਾਏ ਯੂ.ਕੇ. ਨੇ ਕਿਹਾ ਕਿ ਉਹਨਾ ਨੂੰ ਆਪਣੀ ਮਾਂ ਬੋਲੀ ਪੰਜਾਬੀ 'ਤੇ ਮਾਣ ਹੈ ਅਤੇ ਉਹ ਆਪਣੇ ਜ਼ਿੰਦਗੀ ਪੰਜਾਬੀ ਬੋਲੀ ਤੇ ਸਭਿਆਚਾਰ ਦਾ ਝੰਡਾ ਦੁਨੀਆ ਭਰ 'ਚ ਉੱਚਾ ਚੁੱਕਣ ਲਈ ਵਚਨਵੱਧ ਹਨ। ਉਹਨਾ ਨੇ ਨਰਪਾਲ ਸਿੰਘ ਸ਼ੇਰਗਿੱਲ ਨੂੰ ਉਹਨਾ ਦੀ 55 ਸਾਲ ਦੀ ਸਫਲ ਪੱਤਰਕਾਰੀ ਦੇ ਸਫ਼ਰ ਲਈ ਵਧਾਈ ਦਿੱਤੀ। ਉਹਨਾ ਨੇ ਇਹ ਵੀ ਦੱਸਿਆ ਕਿ ਪੰਜਾਬੀ ਬੋਲੀ ਤੇ ਸਭਿਆਚਾਰ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਿਸ਼ੇਸ਼ ਕੰਮ ਕਰਨ ਵਾਲੀਆਂ 25 ਸਖ਼ਸ਼ੀਅਤਾਂ ਨੂੰ ਪੰਜਾਬੀ ਸੱਥ ਦੇ 25 ਵਰ੍ਹੇ ਪੂਰੇ ਹੋਣ 'ਤੇ ਸਨਮਾਨਿਤ ਕੀਤਾ ਜਾਏਗਾ। ਗਿਆਨ ਸਿੰਘ ਸਾਬਕਾ ਡੀਪੀਆਰਓ ਨੇ ਨਰਪਾਲ ਸਿੰਘ ਸ਼ੇਰਗਿੱਲ ਦੀਆਂ ਪੰਜਾਬੀ ਸੰਸਾਰ 'ਤੇ ਸਿੱਖ ਸੰਸਾਰ ਲਈ ਕੀਤੇ ਵਿਸ਼ੇਸ਼ ਯਤਨਾਂ ਅਤੇ ਪੱਤਰਕਾਰੀ ਦੇ ਖੇਤਰ 'ਚ ਨਵੇਂ ਦਿਸਹੱਦੇ ਸਿਰਜਣ ਲਈ ਮੁਬਾਰਕਾਂ ਦਿੱਤੀਆਂ।
ਇਸ ਸਮੇਂ ਬੋਲਦਿਆਂ ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ ਦੇ ਪ੍ਰਧਾਨ ਪ੍ਰਿੰ: ਗੁਰਮੀਤ ਸਿੰਘ ਪਲਾਹੀ ਨੇ ਕਿਹਾ ਕਿ ਸੰਸਥਾ ਵਲੋਂ ਪੰਜਾਬੀ ਦੇ ਕਾਲਮਨਵੀਸਾਂ ਨੂੰ ਇੱਕ ਪਲੇਟਫਾਰਮ ਦੇਣ ਦਾ ਯਤਨ ਹੋ ਰਿਹਾ ਹੈ ਤਾਂ ਕਿ ਪੰਜਾਬੀ ਪੱਤਰਕਾਰੀ ਦੇ ਖੇਤਰ 'ਚ ਹੋਰ ਬੁਲੰਦੀਆਂ ਛੋਹੀਆਂ ਜਾ ਸਕਣ ਅਤੇ ਇਸਨੂੰ ਅੰਤਰਰਾਸ਼ਟਰੀ ਪੱਧਰ 'ਤੇ ਲਿਜਾਇਆ ਜਾਵੇ।
ਇਸ ਸਮੇਂ ਨਛੱਤਰ ਸਿੰਘ ਭੋਗਲ ਦੀ ਪੁਸਤਕ "ਜੀਵਨਧਾਰਾ" ਵੀ ਪ੍ਰਧਾਨਗੀ ਮੰਡਲ ਵਲੋਂ ਲੋਕ ਅਰਪਨ ਕੀਤੀ ਗਈ। ਇਸ ਸਮੇਂ ਹੋਰਨਾਂ ਤੋਂ ਬਿਨ੍ਹਾਂ ਰਵਿੰਦਰ ਚੋਟ, ਡਾ: ਇੰਦਰਜੀਤ ਸਿੰਘ ਵਾਸੂ, ਜਸਵਿੰਦਰ ਫਗਵਾੜਾ, ਸਾਹਿਬਾ, ਜੀਟਨ ਕੌਰ ਬਾਂਸਲ, ਦਵਿੰਦਰ ਸਿੰਘ ਜੱਸਲ, ਸੁਖਜੀਤ ਵਾਲੀਆ, ਕਰਮਜੀਤ ਸਿੰਘ ਸੰਧੂ, ਕਲਮੇਸ਼ ਸੰਧੂ, ਬਲਦੇਵ ਰਾਜ ਕੋਮਲ, ਹਰਜਿੰਦਰ ਨਿਆਣਾ, ਨੱਛਤਰ ਭੋਗਲ, ਸਰਬਜੀਤ ਸਿੰਘ ਚਾਨਾ, ਅੰਮ੍ਰਿਤਪਾਲ ਸਿੰਘ ਸਰਾਏ, ਕੁਲਵੰਤ ਸਿੰਘ ਭਿੰਡਰ,ਡਾ: ਜਗੀਰ ਸਿੰਘ ਨੂਰ ਆਦਿ ਹਾਜ਼ਰ ਸਨ। ਅੱਜ ਦੇ ਸਮਾਗਮ ਦੌਰਾਨ ਸ਼ਾਮਲ ਕਵੀਆਂ ਨੇ ਆਪਣੀਆਂ ਕਵਿਤਾਵਾਂ ਸੁਣਾਈਆਂ ਅਤੇ ਵਿਸਾਖੀ ਦਿਹਾੜੇ ਦੀਆਂ ਮੁਬਾਰਕਾਂ ਦਿੱਤੀਆਂ।