ਪਾਕਿਸਤਾਨੀ ਸ਼ਾਇਰ ਇਰਸ਼ਾਦ ਸੰਧੂ ਦੀਆਂ ਭਾਰਤੀ ਪ੍ਰਕਾਸ਼ਕ ਵੱਲੋਂ ਛਾਪੀਆਂ ਦੋ ਕਾਵਿ ਕਿਤਾਬਾਂ ਲਾਹੌਰ ਵਿੱਚ ਲੋਕ ਅਰਪਣ
ਲੁਧਿਆਣਾਃ 9 ਮਾਰਚ 2024 - ਪਾਕਿਸਤਾਨੀ ਸ਼ਾਇਰ ਇਰਸ਼ਾਦ ਸੰਧੂ ਦੀਆਂ ਭਾਰਤੀ ਪ੍ਰਕਾਸ਼ਕ ਸਨੀ ਪੱਖੋਕੇ ਦੇ ਅਦਾਰੇ ਅਦਬ ਪ੍ਰਕਾਸ਼ਨ ਪੱਖੋਕੇ(ਤਰਨ ਤਾਰਨ)ਵੱਲੋਂ ਛਾਪੀਆਂ ਦੋ ਕਾਵਿ ਕਿਤਾਬਾਂ “ਕੁਝ ਬੰਦਿਆਂ ਦੇ ਨਾਂ ਵੀ ਸੋਹਣੇ ਲੱਗਦੇ ਨੇ” ਅਤੇ ਦਿਲ ਤੋਂ ਈ ਲਹਿ ਗਿਆ ਏਂ”ਲਾਹੌਰ ਵਿੱਚ ਪ੍ਰੋ. ਗੁਰਭਜਨ ਸਿੰਘ ਗਿੱਲ ਤੇ ਪ੍ਰੋ. ਗੁਰਤੇਜ ਕੋਹਾਰਵਾਲਾ ਨੇ ਪਾਕਿ ਹੈਰੀਟੇਜ ਵਿਖੇ ਲੋਕ ਅਰਪਣ ਕੀਤੀਆਂ।
ਇਨ੍ਹਾਂ ਕਿਤਾਬਾਂ ਬਾਰੇ ਜਾਣਕਾਰੀ ਦੇਂਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਜਨਰਲ ਸਕੱਤਰ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਪਾਕਿਸਤਾਨ ਚ ਲਿਖੀ ਜਾ ਰਹੀ ਕਵਿਤਾ ਵਿੱਚੋਂ ਬਾਬਾ ਨਜਮੀ, ਅਫ਼ਜ਼ਲ ਸਾਹਿਰ,ਤਾਹਿਰਾ ਸਰਾ, ਡਾ. ਸੁਗਰਾ ਸੱਦਫ਼ ਦੇ ਨਾਲ ਨਾਲ ਇਸ ਵਕਤ ਇਰਸ਼ਾਦ ਸੰਧੂ, ਬੁਸ਼ਰਾ ਨਾਜ਼, ਤਜੱਮਲ ਕਲੀਮ, ਅਰਸ਼ਦ ਮਨਜ਼ੂਰ ਤੇ ਬਾਬਾ ਗੁਲਾਮ ਹੁਸੈਨ ਨਦੀਮ ਚੋਖੇ ਪੜ੍ਹੇ ਜਾ ਰਹੇ ਨੇ। ਇਸ ਗੱਲ ਵਿੱਚ ਸੋਸ਼ਲ ਮੀਡੀਆ ਦਾ ਸਭ ਤੋਂ ਵੱਡਾ ਹਿੱਸਾ ਹੈ। ਸਨੀ ਪੱਖੋਕੇ ਨੇ ਪਛਲੇ ਦੋ ਤਿੰਨ ਸਾਲਾਂ ਵਿੱਚ ਹੀ ਕਈ ਨਵੇਂ ਸ਼ਾਇਰ ਭਾਰਤੀ ਪੰਜਾਬ ਵਿੱਚ ਪੇਸ਼ ਕੀਤੇ ਨੇ ਜਿੰਨ੍ਹਾਂ ਵਿੱਚੋਂ ਬੁਸ਼ਰਾ ਨਾਜ਼, ਇਰਸ਼ਾਦ ਸੰਧੂ ਤੇ ਅਰਸ਼ਦ ਮਨਜ਼ੂਰ ਪ੍ਰਮੁੱਖ ਹਨ।
ਇਸ ਮੌਕੇ ਗੱਲ ਬਾਤ ਕਰਦਿਆਂ ਪੰਜਾਬੀ ਲੋਕ ਵਿਰਾਸਤ ਅਕਾਡਮੀ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਬਾਬਾ ਨਜਮੀ, ਅਫ਼ਜ਼ਲ ਸਾਹਿਰ, ਬੁਸ਼ਰਾ ਨਾਜ਼ ਤੇ ਇਰਸ਼ਾਦ ਸੰਧੀ ਦੇ ਲੋਕ ਪਰਵਾਨ ਹੋਣ ਦਾ ਵੱਡਾ ਕਾਰਨ ਆਸਾਨ ਜ਼ਬਾਨਦਾਨੀ ਤੇ ਪ੍ਰਕਾਸ਼ਕਾਂ ਵੱਲੋਂ ਮੰਡੀ ਵਿੱਚ ਨਵੇ ਢੰਗ ਤਰੀਕੇ ਦੀ ਈ ਪੇਸ਼ਕਾਰੀ ਹੈ। ਸਾਨੂੰ ਸਭ ਨੂੰ ਲੋਕਾਂ ਵਿੱਚ ਚੰਗਾ ਕਲਾਮ ਭੇਜਣ ਲਈ ਨਵੇਂ ਨਵੇਂ ਪਲੈਟਫਾਰਮ ਉਸਾਰਨੇ ਪੈਣਗੇ ਤਾਂ ਜੋ ਸਿਰਫ਼ ਕਿਤਾਬ ਨੂੰ ਬੁੱਕ ਸ਼ਾਪ ਤੇ ਹੀ ਨਾ ਨਿਰਭਰ ਰਹਿਣਾ ਪਵੇ।
ਪੰਜਾਬੀ ਕਵੀ ਗੁਰਤੇਜ ਕੋਹਾਰਵਾਲਾ ਨੇ ਕਿਹਾ ਕਿ ਇਰਸ਼ਾਦ ਸੰਧੂ ਕੋਲ ਸਹਿਜ ਤੇ ਸੁਹਜ ਦੇ ਨਾਲ ਨਾਲ ਸਮਾਜਕ ਸੱਚ ਨੂੰ ਸਮਝਣ ਵਾਲੀ ਵਿਸ਼ਲੇਸ਼ਣੀ ਅੱਖ ਵੀ ਹੈ। ਪ੍ਰਸਿੱਧ ਪੱਤਰਕਾਰ ਜਗਤਾਰ ਭੁੱਲਰ (ਏ ਬੀ ਸੀ ਚੈਨਲ) ਨੇ ਦੱਸਿਆ ਕਿ ਸਨੀ ਪੱਖੋਕੇ ਦੀ ਦਿਲੀ ਤਮੰਨਾ ਸੀ ਕਿ ਇਹ ਕਿਤਾਬਾਂ ਲਾਹੌਰ ਵਿੱਚ ਲੋਕ ਅਰਪਣ ਹੋਣ। ਭਾਵੇਂ ਇਨ੍ਹਾਂ ਕਿਤਾਬਾਂ ਦਾ ਸ਼ਾਇਰ ਇਰਸ਼ਾਦ ਸੰਧੂ ਦੂਰ ਵੱਸਦਾ ਹੋਣ ਕਾਰਨ ਨਹੀਂ ਪਹੁੰਚ ਸਕਿਆ ਪਰ ਉਸ ਦੇ ਸੱਜਣ ਬੇਲੀ ਸਭ ਹਾਜ਼ਰ ਨੇ। ਜਗਤਾਰ ਭੁੱਲਰ ਨੇ ਦੱਸਿਆ ਕਿ ਕੁਝ ਬੰਦਿਆਂ ਦੇ ਨਾਂ ਵੀ ਸੋਹਣੇ ਲੱਗਦੇ ਨੇ ਪਿਛਲੇ ਇੱਕ ਸਾਲ ਵਿੱਚ ਹੀ ਤੀਜੀ ਵਾਰ ਛਾਪੀ ਗਈ ਹੈ ਜਦ ਕਿ ਦੂਜੀ ਕਾਵਿ ਕਿਤਾਬ ਦਿਲ ਤੋਂ ਈ ਲਹਿ ਗਿਆ ਏਂ ਕੁਝ ਮਹੀਨਿਆਂ ਵਿੱਚ ਹੀ ਦੂਜੀ ਵਾਰ ਛਪੀ ਹੈ। ਬੁਸ਼ਰਾ ਨਾਜ਼ ਦੀ ਕਿਤਾਬ “ਬੰਦਾ ਮਰ ਵੀ ਸਕਦਾ ਏ” ਦਾ ਇੱਕ ਸਾਲ ਵਿੱਚ ਹੀ ਅੱਠਵਾਂ ਐਡੀਸ਼ਨ ਛਪ ਚੁਕਾ ਹੈ।
ਇਸ ਮੌਕੇ ਉੱਘੇ ਕਹਾਣਾਕਾਰ ਅਲੀ ਉਸਮਾਨ ਬਾਜਵਾ, ਪੰਜਾਬੀ ਲੇਖਕ ਤੇ ਫਿਲਮ ਅਦਾਕਾਰ ਡਾ. ਸਵੈਰਾਜ ਸੰਧੂ , ਸੁਨੀਲ ਕਟਾਰੀਆ (ਬੀ ਬੀ ਸੀ) ਗੁਰਬਖ਼ਸ਼ ਸਿੰਘ ਬਣਵੈਤ ਕੈਨੇਡਾ, ਜਸਵਿੰਦਰ ਕੌਰ ਗਿੱਲ ਤੇ ਹੋਰ ਸ਼ੁਭ ਚਿੰਤਕਾਂ ਨੇ ਇਰਸ਼ਾਦ ਸੰਧੂ ਨੂੰ ਸੋਹਣੀਆ ਕਿਤਾਬਾਂ ਲਿਖਣ ਤੇ ਸਨੀ ਪੱਖੋਕੇ ਨੂੰ ਸੁੰਦਰ ਪ੍ਰਕਾਸ਼ਨ ਲਈ ਮੁਬਾਰਕਬਾਦ ਦਿੱਤੀ।