ਰਜਨੀਸ਼ ਸਰੀਨ
ਨਵਾਂਸ਼ਹਿਰ, 03 ਮਾਰਚ 2020 - ਇੰਗਲੈਂਡ ਰਹਿ ਰਹੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੋੜ ਦੀ ਪੁਰਾਣੀ ਵਿਦਿਆਰਥਣ ਅਤੇ ਪੰਜਾਬੀ ਦੀ ਪ੍ਰਸਿੱਧ ਲੇਖਿਕਾ ਮਨਜੀਤ ਕੌਰ ਪੱਡਾ ਨੇ ਸਕੂਲ ਨੂੰ 20 ਹਜਾਰ ਰੁਪਏ ਦੀ ਰਾਸ਼ੀ ਸਕੂਲ ਵਿੱਚ ਚੱਲ ਰਹੇ ਵਿਕਾਸ ਕਾਰਜਾ ਵਿੱਚ ਆਪਣਾ ਯੋਗਦਾਨ ਪਾਉਂਦੇ ਹੋਏ ਭੇਂਟ ਕੀਤੀ।
ਇਸ ਮੌਕੇ ਉਹਨਾਂ ਸਕੂਲ ਲਾਇਬ੍ਰੇਰੀ ਨੂੰ ਆਪਣੇ ਨਵੇਂ ਕਾਵਿ- ਸੰਗ੍ਰਿਹ "ਸੰਦਲੀ ਮਹਿਕ" ਵੀ ਭੇਂਟ ਕੀਤੀ। ਸਕੂਲ ਸਟਾਫ ਅਤੇ ਵਿਦਿਆਰਥੀਆਂ ਨਾਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਅੋੜ ਦੀਆਂ ਆਪਣੀਆਂ ਯਾਦਾ ਨੂੰ ਸਾਂਝਾ ਕਰਦਿਆ ਉਹਨਾਂ ਨੇ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਵਿੱਚ ਬੁਨਿਆਦੀ ਸੁਵਿਧਾਵਾਂ ਦੇ ਵਿਸਥਾਰ ਅਤੇ ਮਿਆਰੀ ਸਿੱਖਿਆ ਸੁਵਿਧਾਵਾਂ ਦਾ ਫਾਇਦਾ ਉਠਾਉਣ ਦੇ ਲਈ ਪ੍ਰੇਰਿਤ ਕੀਤਾ। ਉਹਨਾਂ ਆਪਣੇ ਕਾਵਿ ਸੰਗ੍ਰਿਹ ਵਿੱਚਲੀਆਂ ਦੋ ਕਵਿਤਾਵਾਂ ਪੇਸ਼ ਕਰਦਿਆ ਸਕੂਲ ਵਿਦਿਆਰਥੀਆਂ ਖਾਸ ਤੌਰ 'ਤੇ ਲੜਕੀਆਂ ਨੂੰ ਬਹਿਤਰ ਜੀਵਨ ਜਾਂਚ ਦਾ ਸੰਦੇਸ਼ ਵੀ ਦਿੱਤਾ।
ਪ੍ਰਿੰਸੀਪਲ ਇੰਦੂ ਨੇ ਇਸ ਮੌਕੇ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਨੂੰ ਮੁਹਇਆ ਕਰਵਾਇਆ ਜਾ ਰਹੀਆਂ ਸੁਵਿਧਾਵਾਂ ਦੇ ਨਾਲ-ਨਾਲ ਅਧਿਆਪਕਾਂ ਵੱਲੋਂ ਦਾਨੀ ਸੱਜਣਾਂ ਦੇ ਸਹਿਯੋਗ ਨਾਲ ਸਕੂਲ ਨੂੰ ਸਮਾਰਟ ਸਕੂਲ ਵਿੱਚ ਪ੍ਰਵਿਰਤਿਤ ਕਰਨ ਦੇ ਲਈ ਕੀਤੇ ਜਾ ਰਹੇ ਉਪਰਾਲਿਆਂ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ। ਉਹਨਾਂ ਐਨ.ਆਰ.ਆਈ. ਮਨਜੀਤ ਕੌਰ ਪੱਡਾ ਵੱਲੋਂ ਦਿੱਤੀ ਗਈ ਸਹਾਇਤਾ ਅਤੇ ਸਾਂਝੀਆਂ ਕੀਤੀਆਂ ਗਈਆਂ ਯਾਦਾਂ ਲਈ ਉਹਨਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਇਹ ਮਿਲਣੀ ਸਕੂਲ ਸਟਾਫ ਅਤੇ ਵਿਦਿਆਰਥੀਆਂ ਲਈ ਹਮੇਸ਼ਾ ਇਕ ਅਭੁੱਲ ਯਾਦ ਬਣੀ ਰਹੇਗੀ। ਮੰਚ ਸੰਚਾਲਨ ਮਨਪ੍ਰੀਸ ਸਿੰਘ ਵੱਲੋਂ ਕੀਤਾ ਗਿਆ। ਇਸ ਮੌਕੇ ਅਲਕਾ ਰਾਣੀ,ਕੁਲਵਿੰਦਰ ਕੌਰ, ਲਾਲੀ ਜੋਸ਼ੀ, ਸ਼ੈਫਾਲੀ ਆਦਿ ਹਾਜਰ ਸਨ।