ਚੰਡੀਗੜ੍ਹ, 14 ਜਨਵਰੀ 2020 - ਗਲੋਬਲ ਮੀਡੀਆ ਅਕੈਡਮੀ ਦੁਆਰਾ ਪੰਜਵੀਂ ਦੋ ਦਿਨ੍ਹਾਂ ‘ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ’ ਸੀਟੀ ਇੰਸਟੀਚਿਊਟ ਸ਼ਾਹਪੁਰ, ਜਲੰਧਰ ਵਿਖੇ 16-17 ਜਨਵਰੀ ਨੂੰ ਕਰਵਾਈ ਜਾ ਰਹੀ ਹੈ। ਕਾਨਫਰੰਸ ਦੇ ਸਬੰਧ ਵਿਚ ਜਾਣਕਾਰੀ ਦਿੰਦਿਆਂ ਚੇਅਰਮੈਨ ਪ੍ਰੋ. ਕੁਲਬੀਰ ਸਿੰਘ, ਉਪ ਚੇਅਰਮੈਨ ਸ਼੍ਰੀ ਸਤਨਾਮ ਸਿੰਘ ਮਾਣਕ ਅਤੇ ਸਕੱਤਰ ਸ਼੍ਰੀ ਦੀਪਕ ਬਾਲੀ ਨੇ ਦੱਸਿਆ ਕਿ ਇਸ ਵਾਰ 6-7 ਮੁਲਕਾਂ ਤੋਂ ਉਘੀਆਂ ਮੀਡੀਆ ਸ਼ਖਸੀਅਤਾਂ ਸ਼ਮੂਲੀਅਤ ਲਈ ਪਹੁੰਚ ਰਹੀਆਂ ਹਨ। ਕਾਨਫਰੰਸ ਦਾ ਉਦਘਾਟਨ ਅੰਤਰ ਰਾਸ਼ਟਰੀ ਪ੍ਰਸਿੱਧੀ ਦੇ ਮਾਲਕ ਅਰਥ ਸ਼ਾਸਤਰੀ ਅਤੇ ਸੈਂਟਰਲ ਯੂਨੀਵਰਸਿਟੀ ਪੰਜਾਬ ਦੇ ਚਾਂਸਲਰ ਡਾ. ਸਰਦਾਰਾ ਸਿੰਘ ਜੌਹਲ ਕਰਨਗੇ।
ਇਸ ਦੋ ਦਿਨਾਂ ਕਾਨਫਰੰਸ ਦੌਰਾਨ ਚਾਰ ਸੈਸ਼ਨ ਹੋਣਗੇ। ਜਿਨ੍ਹਾਂ ਵਿਚ ‘ਅਜੋਕੀ ਸਥਿੱਤੀ ਵਿਚ ਮੀਡੀਆ ਦੀ ਭੂਮਿਕਾ’, ਵਿਦੇਸ਼ਾਂ ਵਿਚ ਪੰਜਾਬੀ ਭਾਈਚਾਰਾ: ਸਥਿਤੀ ਤੇ ਸੰਭਾਵਨਾਵਾਂ’, ‘ਪੰਜਾਬੀ ਫਿਲਮਾਂ ਤੇ ਸੰਗੀਤ: ਦਸ਼ਾ ਤੇ ਦਿਸ਼ਾ’ ਅਤੇ ‘ਸੋਸ਼ਲ ਮੀਡੀਆ : ਸਥਿੱਤੀ ਤੇ ਸੰਭਾਵਨਾਵਾਂ’ ਵਿਸ਼ਿਆਂ ’ਤੇ ਪੈਨਲ ਡਿਸਕਸ਼ਨ ਹੋਵੇਗੀ। ਜਿਸ ਵਿਚ ਦਿੱਲੀ, ਚੰਡੀਗੜ੍ਹ, ਪੰਜਾਬ ਅਤੇ ਵੱਖ ਵੱਖ ਦੇਸ਼ਾਂ ਦੀਆਂ ਉਘੀਆਂ ਮੀਡੀਆ ਸ਼ਖਸੀਅਤਾਂ ਹਿੱਸਾ ਲੈਣਗੀਆਂ।
ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਦੇ ਚੇਅਰਮੈਨ ਪ੍ਰੋ. ਕੁਲਬੀਰ ਸਿੰਘ ਨੇ ਕਿਹਾ ਕਿ ਅਮਰੀਕਾ, ਕੈਨੇਡਾ, ਇੰਗਲੈਂਡ, ਆਸਟਰੇਲੀਆ, ਨਿਊਜੀਲੈਂਡ, ਇਟਲੀ, ਹਾਂਗ ਕਾਂਗ ਆਦਿ ਮੁਲਕਾਂ ਤੋਂ ਬਹੁਤ ਸਾਰੀਆਂ ਮੀਡੀਆ ਸ਼ਖਸੀਅਤਾਂ ਪੰਜਾਬ ਪਹੁੰਚ ਚੁੱਕੀਆਂ ਹਨ। ਉਨ੍ਹਾਂ ਅੱਗੇ ਦੱਸਿਆ ਕਿ ਵਿਸ਼ਵ ਪੰਜਾਬੀ ਮੀਡੀਆ ਕਾਨਫਰੰਸ ਵਿਚ ਪੇਸ਼ ਵਿਚਾਰਾਂ ਅਤੇ ਵਿਚਾਰ-ਵਿਟਾਂਦਰੇ ਨੂੰ ਪੁਸਤਕ ਰੂਪ ਵਿਚ ਸਾਂਭਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਮੌਕੇ ਤਿੰਨ ਉਘੀਆਂ ਮੀਡੀਆ ਸ਼ਖਸੀਅਤਾਂ ਨੂੰ ‘ਗਲੋਬਲ ਮੀਡੀਆ ਅਕੈਡਮੀ ਐਵਾਰਡ 2020’ ਪ੍ਰਦਾਨ ਕੀਤੇ ਜਾਣਗੇ।