'ਪੰਜਾਬੀ ਸਭਿਆਚਾਰ ਅਤੇ ਲੋਕਧਾਰਾ ਦੀ ਸੰਰਚਨਾ' ਵਿਸ਼ੇ 'ਤੇ ਅਕਾਦਮਿਕ ਭਾਸ਼ਣ
ਅੰਮ੍ਰਿਤਸਰ 1 ਨਵੰਬਰ 2022 - ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਦੇ ਪੰਜਾਬੀ ਅਧਿਐਨ ਸਕੂਲ ਵਲੋਂ ਪੰਜਾਬ ਸਰਕਾਰ ਅਤੇ ਮਾਣਯੋਗ ਵਾਈਸ-ਚਾਂਸਲਰ ਪੋ੍. ਜਸਪਾਲ ਸਿੰਘ ਸੰਧੂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ 'ਪੰਜਾਬ ਦਿਵਸ' ਨੂੰ ਸਮਰਪਿਤ ਪੰਜਾਬੀ ਸਪਤਾਹ ਦੇ ਪਹਿਲੇ ਦਿਨ 'ਪੰਜਾਬੀ ਸਭਿਆਚਾਰ ਅਤੇ ਲੋਕਧਾਰਾ ਦੀ ਸੰਰਚਨਾ' ਵਿਸ਼ੇ 'ਤੇ ਅਕਾਦਮਿਕ ਭਾਸ਼ਣ ਕਰਵਾਇਆ ਗਿਆ।
ਇਸ ਭਾਸ਼ਣ ਦੇ ਮੁੱਖ ਵਕਤਾ ਡਾ. ਜੋਗਿੰਦਰ ਸਿੰਘ ਕੈਰੋਂ (ਸੇਵਾ-ਮੁਕਤ ਪ੍ਰੋਫੈ਼ਸਰ,ਪੰਜਾਬੀ ਅਧਿਐਨ ਸਕੂਲ) ਸਨ। ਇਸ ਸਮਾਗਮ ਵਿਚ ਡਾ.ਹਰਦੀਪ ਸਿੰਘ (ਓ.ਐੱਸ.ਡੀ. ਵਾਈਸ ਚਾਂਸਲਰ) ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਸਮਾਗਮ ਦੀ ਸ਼ੁਰੂਆਤ ਵਿਚ ਵਿਭਾਗ ਦੇ ਮੁਖੀ ਡਾ.ਮਨਜਿੰਦਰ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਸੁਆਗਤ ਕੀਤਾ ਅਤੇ ਕਿਹਾ ਕਿ ਪੰਜਾਬੀ ਭਾਸ਼ਾ ਦਾ ਵਿਧੀਵਤ ਵਿਕਾਸ,ਪ੍ਰਚਾਰ ਅਤੇ ਪ੍ਸਾਰ ਕਰਨਾ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪ੍ਮੁੱਖ ਉਦੇਸ਼ਾਂ ਵਿੱਚੋਂ ਇੱਕ ਹੈ ਅਤੇ ਇਸ ਉਦੇਸ਼ ਦੀ ਪੂਰਤੀ ਲਈ ਪੰਜਾਬੀ ਅਧਿਐਨ ਸਕੂਲ ਪੂਰਨ ਪ੍ਰਤੀਬੱਧਤਾ ਨਾਲ ਕਾਰਜਸ਼ੀਲ ਰਹਿੰਦਾ ਹੈ।ਇਸ ਮੌਕੇ ਡਾ. ਹਰਦੀਪ ਸਿੰਘ ਨੇ ਪੰਜਾਬੀ ਭਾਸ਼ਾ, ਸਾਹਿਤ ਅਤੇ ਸਭਿਆਚਾਰ ਪ੍ਰਤੀ ਆਪਣੀ ਭਾਵਨਾਤਮਕ ਸਾਂਝ ਨੂੰ ਪ੍ਰਗਟ ਕੀਤਾ।
ਉਨ੍ਹਾਂ ਕਿਹਾ ਕਿ ਲੋਕਧਾਰਾ,ਭਾਸ਼ਾ ਅਤੇ ਸਾਹਿਤ ਆਪਸ ਵਿਚ ਅੰਤਰ-ਸਬੰਧਤ ਵਰਤਾਰੇ ਹਨ। ਇਸ ਲਈ ਇਹ ਇਕ - ਦੂਜੇ ਨੂੰ ਸਮਝਣ ਵਿੱਚ ਸਹਾਈ ਹੁੰਦੇ ਹਨ।ਉਨ੍ਹਾਂ ਨੇ ਵਿਦਿਆਰਥੀਆਂ ਨੂੰ ਇਨ੍ਹਾਂ ਵਿਸ਼ਿਆਂ ਦੇ ਗਿਆਨ ਨੂੰ ਵਿਹਾਰਕ ਜੀਵਨ ਵਿੱਚ ਧਾਰਨ ਕਰਨ ਲਈ ਪੇ੍ਰਿਤ ਕੀਤਾ।ਉਪਰੰਤ ਸਮਾਗਮ ਦੇ ਮੁੱਖ ਵਕਤਾ ਡਾ. ਜੋਗਿੰਦਰ ਸਿੰਘ ਕੈਰੋਂ ਨੇ ਉਪਰੋਕਤ ਵਿਸ਼ੇ 'ਤੇ ਬੋਲਦਿਆਂ ਲੋਕਧਾਰਾ ਅਤੇ ਸਭਿਆਚਾਰ ਨੂੰ ਪਰਿਭਾਸ਼ਤ ਕੀਤਾ ਅਤੇ ਲੋਕਧਾਰਾ ਦੇ ਤੱਤਾਂ ਤੇ ਲੋਕਧਾਰਾਈ ਅਧਿਐਨ -ਵਿਧੀਆਂ ਬਾਰੇ ਚਰਚਾ ਕੀਤੀ । ਉਨ੍ਹਾਂ ਕਿਹਾ ਕਿ ਕਿਸੇ ਵੀ ਸਭਿਆਚਾਰਕ ਟੈਕਸਟ ਦੀ ਸਹੀ ਸਮਝ ਉਸ ਦੀ ਸੰਰਚਨਾ ਦੇ ਤੱਤਾਂ ਦੀ ਅੰਤਰ-ਸਬੰਧਤਾ ਵਿੱਚੋਂ ਪਛਾਣੀ ਜਾ ਸਕਦੀ ਹੈ।ਉਨ੍ਹਾਂ ਕਿਹਾ ਕਿ ਪੰਜਾਬੀ ਬੰਦੇ ਦੀ ਸ਼ਖ਼ਸੀਅਤ ਦਾ ਨਿਰਮਾਣ ਪੰਜਾਬ ਦੀ ਲੋਕਧਾਰਾ ਵਿਚੋਂ ਹੁੰਦਾ ਹੈ। ਲੋਕ-ਸਾਹਿਤ, ਲੋਕ- ਕਲਾਵਾਂ ਅਤੇ ਲੋਕ- ਖੇਡਾਂ ਜਿਹੇ ਵਰਤਾਰੇ ਮਨੁੱਖ ਦੇ ਅਵਚੇਤਨ ਅਤੇ ਚੇਤਨ ਮਨ ਨੂੰ ਘੜਨ ਵਿੱਚ ਬੁਨਿਆਦੀ ਭੂਮਿਕਾ ਨਿਭਾਉਂਦੇ ਹਨ।
ਇਸ ਲਈ ਯੂਨੀਵਰਸਿਟੀਆਂ ਦੇ ਭਾਸ਼ਾ ਨਾਲ ਸਬੰਧਤ ਵਿਭਾਗਾਂ ਵਿੱਚ ਲੋਕਧਾਰਾ ਦੇ ਅਨੁਸ਼ਾਸਨ ਨੂੰ ਵਿਸ਼ੇਸ਼ ਮਹੱਤਵ ਪਾ੍ਪਤ ਹੋਣਾ ਚਾਹੀਦਾ ਹੈ।ਸਮਾਗਮ ਦੇ ਅੰਤ 'ਤੇ ਵਿਭਾਗ ਦੇ ਸੀਨੀਅਰ ਅਧਿਆਪਕ ਡਾ.ਰਮਿੰਦਰ ਕੌਰ ਨੇ ਆਏ ਹੋਏ ਮਹਿਮਾਨਾਂ ਦਾ ਰਸਮੀ ਧੰਨਵਾਦ ਕੀਤਾ। ਸਮਾਗਮ ਦੇ ਮੰਚ ਸੰਚਾਲਨ ਦੀ ਭੂਮਿਕਾ ਡਾ.ਇੰਦਰਪ੍ਰੀਤ ਕੌਰ ਦੁਆਰਾ ਬਾਖ਼ੂਬੀ ਨਿਭਾਈ ਗਈ। ਇਸ ਮੌਕੇ ਡਾ.ਮੇਘਾ ਸਲਵਾਨ, ਡਾ. ਹਰਿੰਦਰ ਕੌਰ ਸੋਹਲ, ਡਾ. ਪਵਨ ਕੁਮਾਰ, ਡਾ. ਜਸਪਾਲ ਸਿੰਘ, ਡਾ. ਕੰਵਲਦੀਪ ਕੌਰ, ਡਾ. ਕੰਵਲਜੀਤ ਕੌਰ, ਡਾ. ਹਰਿੰਦਰ ਸਿੰਘ, ਡਾ. ਗੁਰਪ੍ਰੀਤ ਸਿੰਘ ਬੁੱਟਰ,ਖੋਜ ਵਿਦਿਆਰਥੀ ਤੇ ਵਿਦਿਆਰਥੀ ਵੱਡੀ ਗਿਣਤੀ ਵਿਚ ਹਾਜ਼ਰ ਸਨ।