ਬਲਜੀਤ ਸਿੰਘ ਪਪਨੇਜਾ ਦੇ ਨਾਵਲ 'ਸਿਵਿਆਂ ਦੇ ਰਾਹੀ' ਦਾ ਹੋਇਆ ਲੋਕ ਅਰਪਣ
- ਦੇਸ਼ ਦੀ ਵੰਡ ਦੇ ਵਿਸ਼ੇ ਤੇ ਹੋਈ ਵਿਚਾਰ ਚਰਚਾ
ਰਵੀ ਜੱਖੂ
ਚੰਡੀਗੜ੍ਹ ਃ 13 ਅਗਸਤ 2023 - ਪੰਜਾਬੀ ਲੇਖਕ ਸਭਾ (ਰਜਿ:) ਚੰਡੀਗੜ੍ਹ ਵੱਲੋਂ ਅੱਜ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਵਿਖੇ ਇੱਕ ਸਮਾਗਮ ਰਚਾਇਆ ਗਿਆ ਜੋ ਆਪਣੀ ਕਿਸਮ 'ਚ ਨਿਵੇਕਲਾ ਸੀ।
ਉੱਘੇ ਨਾਵਲਕਾਰ ਬਲਜੀਤ ਸਿੰਘ ਪਪਨੇਜਾ ਦਾ ਤਾਜ਼ਾ ਨਾਵਲ 'ਸਿਵਿਆਂ ਦੇ ਰਾਹੀ' ਦੇ ਲੋਕ ਅਰਪਣ ਤੋਂ ਇਲਾਵਾ ਅਜ਼ਾਦੀ ਦਿਵਸ ਨੂੰ ਸਮਰਪਿਤ ਦੇਸ਼ ਦੀ ਵੰਡ ਦੇ ਵਿਸ਼ੇ ਤੇ ਇੱਕ ਵਿਸ਼ੇਸ਼ ਭਾਸ਼ਣ ਲੇਖਕ ਅਤੇ ਫ਼ਿਲਮ ਵਿਸ਼ਲੇਸ਼ਕ ਤਰਸੇਮ ਬਸ਼ਰ ਵੱਲੋਂ ਦਿੱਤਾ ਗਿਆ।
ਸਭਾ ਵੱਲੋਂ ਹਾਲ ਹੀ ਵਿੱਚ ਵਿੱਛੜੇ ਜਨਵਾਦੀ ਕਵੀ ਹਰਭਜਨ ਸਿੰਘ ਹੁੰਦਲ, ਪ੍ਰਸਿੱਧ ਗਾਇਕ ਸੁਰਿੰਦਰ ਛਿੰਦਾ ਅਤੇ ਲੇਖਕ ਤੇ ਫ਼ਿਲਮਕਾਰ ਮਾਸਟਰ ਤਰਲੋਚਨ ਸਿੰਘ ਸਮਰਾਲਾ ਦੇ ਅਚਨਚੇਤੀ ਅਕਾਲ ਚਲਾਣੇ ਤੇ ਇੱਕ ਮਿੰਟ ਮੌਨ ਰੱਖ ਕੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।
ਆਏ ਮਹਿਮਾਨਾਂ ਦਾ ਸੁਆਗਤ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਨੇਕਿਹਾ ਕਿ ਜੀਵਨ ਦੇ ਵਰਤਾਰੇ ਨੂੰ ਜਦੋਂ ਕਲਮ ਸੰਭਾਲ ਲਵੇ ਤਾਂ ਚੰਗੇ ਸਾਹਿਤ ਦੀ ਸਿਰਜਣਾ ਲਾਜ਼ਮੀ ਹੈ।
ਮੰਚ ਸੰਚਾਲਨ ਕਰਦਿਆਂ ਸਕੱਤਰ ਭੁਪਿੰਦਰ ਸਿੰਘ ਮਲਿਕ ਨੇ ਕਿਹਾ ਬਲਜੀਤ ਸਿੰਘ ਪਪਨੇਜਾ ਦੇ ਸਾਰੇ ਨਾਵਲ ਆਸੇ ਪਾਸੇ ਵਾਪਰ ਰਹੀਆਂ ਘਟਨਾਵਾਂ ਵਿਚੋਂ ਹੀ ਉਪਜੇ ਹਨ।
'ਸਿਵਿਆਂ ਦੇ ਰਾਹੀ' ਨਾਵਲ ਤੇ ਆਪਣਾ ਪਰਚਾ ਪੜ੍ਹਦਿਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਡਾ. ਪ੍ਰਵੀਨ ਸ਼ੇਰੋਂ ਨੇ ਕਿਹਾ ਕਿ ਇਤਾਲਵੀ ਭਾਸ਼ਾ ਤੋਂ ਆਏ ਸ਼ਬਦ 'ਨਵੇਲਾ' ਤੋਂ ਹੀ 'ਨਾਵਲ' ਸ਼ਬਦ ਨਿਕਲਿਆ ਜਿਸ ਦਾ ਮਤਲਬ ਹੈ ਕੁਝ ਨਵਾਂ ਵਾਪਰਨਾ।
ਕਿਸੇ ਵੀ ਰਚਨਾ ਦਾ ਮਿਆਰ ਇਸ ਗੱਲ ਤੋਂ ਹੀ ਪਰਖਿਆ ਜਾਂਦਾ ਹੈ ਕਿ ਇਸ ਨੂੰ ਕਿਸ ਨੇ ਲਿਖਿਆ, ਕਾਹਦੇ ਬਾਰੇ ਲਿਖਿਆ ਤੇ ਇਹ ਰਚਨਾ ਹੋਂਦ ਵਿਚ ਕਿਉਂ ਆਈ।
ਹਰ ਬਿਰਤਾਂਤ ਦੇ ਸਿਧਾਂਤਕ ਪੱਖ ਹੁੰਦੇ ਹਨ ਤੇ ਇਹ ਨਾਵਲ ਮੁਹੱਬਤ ਦਾ ਹੀ ਬਿਰਤਾਂਤ ਹੈ।
ਜਦ ਤੱਕ ਨਾਵਲ ਦੇ ਪਾਤਰ ਲੇਖਕ ਦੇ ਨਾਲ ਨਹੀਂ ਤੁਰਦੇ, ਗੱਲਾਂ ਨਹੀਂ ਕਰਦੇ ਤਾਂ ਵਿਲੱਖਣ ਨਾਵਲ ਲਿਖੇ ਹੀ ਨਹੀਂ ਜਾ ਸਕਦੇ।
ਨਾਵਲ ਵਿਚ ਸਮਾਂ ਤੇ ਸਥਾਨ ਬਹੁਤ ਮਹੱਤਵਪੂਰਨ ਹੁੰਦਾ ਹੈ।
ਲੇਖਕ ਬਲਜੀਤ ਸਿੰਘ ਪਪਨੇਜਾ ਨੇ ਕਿਹਾ ਕਿ ਉਹਨਾਂ ਦਾ ਪਹਿਲਾ ਨਾਵਲ 'ਬੇਬੇ' ਉਨ੍ਹਾਂ ਦੀ ਦਾਦੀ ਨੂੰ ਸਮਰਪਿਤ ਸੀ ਜੋ ਉਹਨਾਂ ਨਾਲ ਕੀਤੀਆਂ ਗੱਲਾਂਬਾਤਾਂ ਚੋਂ ਹੀ ਸਿਰਜ ਹੋ ਗਿਆ ਸੀ।
ਇਹ ਵੱਖਰੀ ਗੱਲ ਹੈ ਕਿ ਇਹ ਨਾਵਲ ਅਠਾਰਾਂ ਸਾਲਾਂ ਬਾਅਦ ਹੀ ਛਪ ਸਕਿਆ।
ਉਸ ਤੋਂ ਬਾਅਦ ਵਾਲੇ ਦੋਵ੍ਹੇੰ ਨਾਵਲ 'ਸੰਤਾਪ' ਅਤੇ 'ਸੰਤਾਪ-ਦਰ-ਸੰਤਾਪ' ਕਿੰਨਰਾਂ ਦੀ ਜ਼ਿੰਦਗੀ ਅਤੇ ਉਨ੍ਹਾਂ ਦੀ ਜੱਦੋਜਹਿਦ ਤੇ ਅਧਾਰਿਤ ਹਨ ਜਿਨ੍ਹਾਂ ਦੀ ਪ੍ਰੇਰਨਾ ਉਹਨਾਂ ਨੂੰ ਆਪਣੀ ਧਰਮਪਤਨੀ ਵਲੋਂ ਸੁਣਾਈ ਗਈ ਇੱਕ ਸੱਚੀ ਘਟਨਾ ਤੋਂ ਮਿਲੀ।
'ਦੇਸ਼ ਦੀ ਅਜ਼ਾਦੀ ਤੇ ਵੰਡ ਦਾ ਸੰਤਾਪ' ਵਿਸ਼ੇ ਤੇ ਆਪਣੇ ਭਾਸ਼ਣ ਵਿੱਚ ਉੱਘੇ ਲੇਖਕ ਤੇ ਫ਼ਿਲਮ ਵਿਸ਼ਲੇਸ਼ਕ ਤਰਸੇਮ ਬਸ਼ਰ ਨੇ ਕਿਹਾ ਕਿ ਲੇਖਕ ਤਾਂ ਸਾਰਿਆਂ ਦੲ ਹੀ ਸਾਂਝਾ ਹੁੰਦਾ ਹੈ। ਸਆਦਤ ਹਸਨ ਮੰਟੋ ਦੀ ਕਹਾਣੀ 'ਟੋਭਾ ਟੇਕ ਸਿੰਘ' ਦਾ ਜ਼ਿਕਰ ਕਰਦਿਆਂ ਉਹਨਾਂ ਕਿਹਾ ਕਿ ਇਹ ਕਹਾਣੀ ਸਾਨੂੰ ਅੱਜ ਵੀ ਹਲੂਣ ਕੇ ਰੱਖ ਦਿੰਦੀ ਹੈ ਕਿ ਹਕੂਮਤਾਂ ਨੂੰ ਇਹ ਸਮਝ ਕਿਉਂ ਨਾ ਆਈ ਕਿ ਪਾਗਲਾਂ ਦਾ ਕੋਈ ਧਰਮ ਨਹੀਂ ਹੁੰਦਾ।
ਇਸਮਤ ਚੁਗ਼ਤਾਈ ਦੀ ਕਹਾਣੀ ਤੇ ਬਣੀ ਐਮ. ਐਸ ਸਥਿਊ ਦੀ ਫ਼ਿਲਮ ' ਗਰਮ ਹਵਾ', ਭੀਸ਼ਮ ਸਾਹਨੀ ਦਾ ਸੀਰੀਅਲ 'ਤਮਸ', ਖੁਸ਼ਵੰਤ ਸਿੰਘ ਦੇ ਨਾਵਲ 'ਟਰੇਨ ਟੂ ਪਾਕਿਸਤਾਨ ' ਤੇ ਅਧਾਰਿਤ ਫ਼ਿਲਮ ਕੁਝ ਅਜਿਹੀਆਂ ਸ਼ਾਹਕਾਰ ਪੇਸ਼ਕਾਰੀਆਂ ਹਨ ਜਿਨ੍ਹਾਂ ਵਿਚ ਵੰਡ ਦੀ ਖੂਨੀ ਲਕੀਰ ਦੀ ਕਹਾਣੀ ਇੰਜ ਬਿਆਨ ਹੋਈ ਹੈ ਕਿ ਤ੍ਰਾਹ ਨਿਕਲਦਾ ਹੈ।
ਤਰਸੇਮ ਬਸ਼ਰ ਨੇ ਕਿਹਾ ਕਿ ਲਿਖਤਾਂ ਤੇ ਫ਼ਿਲਮਾਂ ਇਹ ਅਹਿਸਾਸ ਕਰਾਂਦੀਆਂ ਨੇ ਇਹ ਸਭ ਕੁਝ ਕਿਉਂ ਤੇ ਕਿਸ ਤਰ੍ਹਾਂ ਹੋਇਆ।
ਸਿਆਸਤ ਮੌਕਾ ਪ੍ਰਸਤੀ ਦੀ ਖੇਡ ਹੈ। ਪੰਜਾਬ ਮੁਹੱਬਤ ਦੀ ਧਰਤੀ ਹੈ ਜਿੱਥੇ ਸਾਂਝ ਵਾਸਤੇ ਤਾਂ ਥਾਂ ਹੈ ਵੰਡ ਵਾਸਤੇ ਨਹੀਂ।
ਪ੍ਰਸਿੱਧ ਲੇਖਕ, ਪੱਤਰਕਾਰ ਤੇ ਚਿੰਤਕ ਮਾਲਵਿੰਦਰ ਸਿੰਘ ਮਾਲੀ ਨੇ ਕਿਹਾ ਕਿ ਵੰਡ ਬਾਰੇ ਜੋ ਲਿਖਿਆ ਗਿਆ ਉਸ ਤੋਂ ਅਸਾਂ ਸਬਕ ਨਹੀਂ ਲਿਆ। ਫ਼ੈਸਲਾ ਕੁੰਨ ਤਾਂ ਹਮੇਸ਼ਾ ਸਿਆਸਤ ਹੀ ਰਹੀ ਹੈ ਤੇ ਦੋ ਕੌਮਾਂ ਦੇ ਫ਼ਿਰਕੂ ਸਿਧਾਂਤ ਹੀ ਕਈ ਵਾਰ ਹਾਵੀ ਹੋ ਕੇ ਨੁਕਸਾਨ ਕਰ ਜਾਂਦੇ ਹਨ। ਮਲਕੀਤ ਸਿੰਘ ਪਪਨੇਜਾ ਨੇ ਕਿਹਾ ਕਿ ਉਹਨਾਂ ਦੇ ਛੋਟੇ ਭਰਾ ਬਲਜੀਤ ਸਿੰਘ ਪਪਨੇਜਾ ਨੇ ਜੋ ਲਿਖਿਆ ਉਸਦੀ ਬੁਨਿਆਦ ਘਰ ਵਿੱਚ ਹੀ ਮੋਜੂਦ ਸੀ।
ਸਰਦਾਰਾ ਸਿੰਘ ਚੀਮਾ ਨੇ ਕਿਹਾ ਕਿ ਦੁਨੀਆਂ ਸਾਵੇ ਪੱਧਰੇ ਰਿਸ਼ਤਿਆਂ ਨਾਲ ਬਦਲੀ ਜਾ ਸਕਦੀ ਹੈ ਤੇ ਪੰਜਾਬੀ ਵੀ ਵੰਡ ਤੋਂ ਉੱਭਰ ਕੇ ਨਵੀਆਂ ਤਰੱਕੀਆਂ ਵੱਲ ਅਗਰਸਰ ਹੋ ਗਏ ਹਨ।
ਰਜਿੰਦਰ ਕੌਰ ਨੇ ਵੰਡ ਨਾਲ ਜੁੜੇ ਆਪਣੇ ਜ਼ਾਤੀ ਤਜਰਬੇ ਸਾਂਝੇ ਕਰਦਿਆਂ ਕਿਹਾ ਕਿ ਉਸ ਵੇਲੇ ਵਾਪਰੀਆਂ ਨਿੱਕੀਆਂ ਨਿੱਕੀਆਂ ਘਟਨਾਵਾਂ ਯਾਦ ਕਰਕੇ ਹਾਲੇ ਵੀ ਦਿਲ ਦਹਿਲ ਉੱਠਦਾ ਹੈ।
ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਉੱਘੇ ਲੇਖਕ ਤੇ ਵਿਚਾਰਕ ਡਾ. ਲਾਭ ਸਿੰਘ ਖੀਵਾ ਨੇ ਕਿਹਾ ਕਿ ਕਿੰਨਰ ਸਮਾਜ ਤੇ ਲਿਖੇ ਨਾਵਲਾਂ ਜ਼ਰੀਏ ਬਲਜੀਤ ਸਿੰਘ ਪਪਨੇਜਾ ਨੇ ਲੁਕੇ ਹੋਏ ਕਈ ਦਰਦ ਸਾਂਝੇ ਕੀਤੇ ਹਨ।
ਦੇਸ਼ ਵੰਡ ਬਾਰੇ ਬੋਲਦਿਆਂ ਡਾ. ਖੀਵਾ ਨੇ ਕਿਹਾ ਕਿ ਸਾਹਿਤ ਤੇ ਮਾਨਵਤਾ ਆਪੋ ਵਿੱਚ ਜੁੜੇ ਹੋਏ ਹਨ ਤੇ ਇਸ ਬਾਰੇ ਸੰਵਾਦ ਹੁੰਦਾ ਰਹਿਣਾ ਚਾਹੀਦਾ ਹੈ। ਸਾਹਿਤ ਤੇ ਹੋਰ ਵਿਧਾਵਾਂ ਮਾਨਸਿਕਤਾ ਦੇ ਕਤਲ ਨੂੰ ਬਿਆਨ ਕਰਦੀਆਂ ਹਨ। ਮਨੁੱਖ ਕਦੇ ਆਪਣੇ ਅਤੀਤ ਤੋਂ ਵੱਖ ਨਹੀਂ ਹੋ ਸਕਦਾ।
ਇਸ ਮੌਕੇ ਇਕ ਕਵੀ ਦਰਬਾਰ ਵੀ ਹੋਇਆ ਜਿਸ ਦਾ ਬਾਖੂਬੀ ਸੰਚਾਲਨ ਪੰਜਾਬੀ ਲੇਖਕ ਸਭਾ ਦੇ ਸਕੱਤਰ ਪਾਲ ਅਜਨਬੀ ਨੇ ਕੀਤਾ।
ਸਮਾਗਮ ਵਿੱਚ ਹੋਰਨਾਂ ਤੋਂ ਇਲਾਵਾ ਪਰਮਿੰਦਰ ਸਿੰਘ ਮਦਨ, ਧਿਆਨ ਸਿੰਘ ਕਾਹਲੋਂ, ਜਸਬੀਰ ਕੌਰ, ਸੱਚਪ੍ਰੀਤ ਕੌਰ ਖੀਵਾ, ਪੁਸ਼ਪਿੰਦਰ ਕੌਰ, ਜਗਬੀਰ ਕੌਰ, ਜਨਕ, ਅਮਨਦੀਪ ਸਿੰਘ, ਸਵਰਨਦੀਪ ਸਿੰਘ, ਗੁਰਦਰਸ਼ਨ ਸਿੰਘ ਮਾਵੀ, ਹਰਮਿੰਦਰ ਸਿੰਘ ਕਾਲੜਾ, ਜਗਦੀਪ ਕੌਰ ਨੂਰਾਨੀ, ਮੀਨਾਕਸ਼ੀ, ਮਲਕੀਤ ਸਿੰਘ ਮਾਹਲ, ਪ੍ਰਕਾਸ਼ ਕੌਰ, ਜਗਦੀਪ ਸਿੱਧੂ, ਬਾਬੂ ਚੰਡੀਗੜ੍ਹੀਆ, ਦਵਿੰਦਰ ਸਿੰਘ, ਗੁਰਦੇਵ ਸਿੰਘ, ਡਾ. ਮਨਜੀਤ ਸਿੰਘ ਮਝੈਲ, ਹਰਪ੍ਰੀਤ ਸਿੰਘ ਚਨੂੰ, ਨਵਨੀਤ ਕੌਰ ਮਠਾੜੂ, ਮਿਲਣਪ੍ਰੀਤ ਕੌਰ, ਮਲਕੀਤ ਸਿੰਘ ਨਾਗਰਾ, ਲਾਭ ਸਿੰਘ ਲਹਿਲੀ, ਸੁਖਪ੍ਰੀਤ ਸਿੰਘ, ਇੰਦਰਜੀਤ ਪਰੇਮੀ, ਦਵਿੰਦਰ ਕੌਰ ਬਾਠ, ਪ੍ਰੀਤਮ ਸਿੰਘ ਰੁਪਾਲ, ਸੁਰਜੀਤ ਸੁਮਨ, ਜਸਵਿੰਦਰ ਸਚਦੇਵਾ, ਪਰਮਜੀਤ ਪਰਮ, ਬਲਵਿੰਦਰ ਸਿੰਘ ਜੰਮੂ, ਡਾ. ਸੁਰਿੰਦਰ ਗਿੱਲ, ਡਾ. ਗੁਰਮੇਲ ਸਿੰਘ, ਮਲਕੀਅਤ ਬਸਰਾ, ਸ਼ਾਇਰ ਭੱਟੀ, ਮਨਬੀਰ ਸਿੰਘ, ਰਮਿੰਦਰ ਪਾਲ ਸਿੰਘ, ਤਰਸੇਮ ਸਿੰਘ ਕਾਲੇਵਾਲ, ਨਰਿੰਦਰ ਕੌਰ ਮਠਾੜੂ, ਕੁਲਵਿੰਦਰ ਸਿੰਘ, ਪਰਦੀਪ ਸ਼ਰਮਾ, ਜਗਤਾਰ ਸਿੰਘ ਜੋਗ, ਬਾਬੂ ਰਾਮ ਦੀਵਾਨਾ, ਗੁਰਮੀਤ ਸਿੰਗਲ, ਅਜਾਇਬ ਔਜਲਾ, ਸੰਜੀਵਨ ਸਿੰਘ, ਹਰਬੰਸ ਕੌਰ ਗਿੱਲ, ਡਾ. ਗੁਰਦੇਵ ਸਿੰਘ ਗਿੱਲ, ਦਰਸ਼ਨ ਤਿਉਣਾ, ਨਵਨੀਤ ਰਾਣੀ, ਸੁਨੀਤਾ ਰਾਣੀ ਤੇ ਹੋ ਅਦਬੀ ਸ਼ਖ਼ਸੀਅਤਾਂ ਹਾਜ਼ਿਰ ਸਨ।