ਲੁਧਿਆਣਾ: 20 ਜੁਨ 2019 - ਪੰਜਾਬੀ ਸਾਹਿੱਤ ਅਕਾਡਮੀ ਪੰਜਾਬੀ ਭਵਨ ਲੁਧਿਆਣਾ ਵਿਖੇ ਭਾਰਤੀ ਸੈਨਾ ਦੇ ਜਾਂਬਾਜ਼ ਜਰਨੈਲ ਜਨਰਲ ਹਰਬਖ਼ਸ਼ ਸਿੰਘ ਦੀ ਸ੍ਵੈ ਜੀਵਨੀ ' ਫ਼ਰਜ਼ ਦੇ ਰਾਹ ਤੇ' ਦਾ ਲੋਕ ਅਰਪਨ ਕੀਤਾ ਗਿਆ। ਚੇਤਨਾ ਪ੍ਰਕਾਸ਼ਨ ਲੁਧਿਆਣਾ ਵੱਲੋਂ ਪ੍ਰਕਾਸ਼ਿਤ ਇਸ ਪੁਸਤਕ ਦੀ ਅੰਗਰੇਜ਼ੀ ਤੋਂ ਪੰਜਾਬੀ ਅਨੁਵਾਦ ਜੰਮੂ ਨਿਵਾਸੀ ਗੁਰਦੀਪ ਕੌਰ ਜੀ ਨੇ ਕੀਤਾ ਹੈ।
456 ਪੰਨਿਆਂ ਦੀ ਇਸ ਵੱਡ ਆਕਾਰੀ ਪੁਸਤਕ ਨੂੰ ਅੱਜ ਪੰਜਾਬੀ ਸਾਹਿੱਤ ਅਕਾਡਮੀ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ, ਸਾਬਕਾ ਪ੍ਰਧਾਨ ਤੇ ਫੈਲੋ ਪ੍ਰੋ: ਗੁਰਭਜਨ ਸਿੰਘ ਗਿੱਲ, ਮੀਤ ਪ੍ਰਧਾਨ ਸਹਿਜਪ੍ਰੀਤ ਸਿੰਘ ਮਾਂਗਟ, ਜ਼ਿਲ੍ਹਾ ਲੋਕ ਸੰਪਰਕ ਅ਼ਫ਼ਸਰ ਸ: ਪ੍ਰਭਦੀਪ ਸਿੰਘ ਨੱਥੋਵਾਲ, ਗੋਰਕੀ ਪ੍ਰਕਾਸ਼ਨ ਦੇ ਮਾਲਕ ਸ਼੍ਰੀ ਹਰੀਸ਼ ਕੁਮਾਰ ਪੱਖੋਵਾਲ ਤੇ ਚੇਤਨਾ ਪ੍ਰਕਾਸ਼ਨ ਦੇ ਮੁੱਖ ਪ੍ਰਬੰਧਕ ਸੁਮਿਤ ਗੁਲ੍ਹਾਟੀ ਨੇ ਲੋਕ ਅਰਪਨ ਕੀਤਾ।
ਪੁਸਤਕ ਬਾਰੇ ਗੱਲ ਕਰਦਿਆਂ ਪ੍ਰੋ: ਰਵਿੰਦਰ ਭੱਠਲ ਨੇ ਕਿਹਾ ਕਿ ਯੁੱਧ ਦੀ ਜਿਸ ਬਾਰੀਕੀ ਨਾਲ ਜਰਨੈਲ ਸਾਹਿਬ ਨੇ ਤਸਵੀਰ ਪੇਸ਼ ਕੀਤੀ ਹੈ, ਉਹ ਪੰਜਾਬੀ ਵਿੱਚ ਲਿਖੇ ਜਾ ਰਹੇ ਸੈਨਿਕ ਸਾਹਿੱਤ ਵਿੱਚ ਮੁੱਲਵਾਨ ਵਾਧਾ ਹੈ। ਜਨਰਲ ਹਰਬਖ਼ਸ਼ ਸਿੰਘ ਸਿਰਫ਼ ਸੰਗਰੂਰ ਜਿਲ੍ਹੇ ਦੇ ਪਿੰਡ ਬਡਰੁੱਖਾਂ ਦਾ ਹੀ ਮਾਣ ਨਹੀਂ ਸਨ ਸਗੋਂ ਸਮੁੱਚੇ ਗਲੋਬ ਤੇ ਵੱਸਦੇ ਪੰਜਾਬੀਆਂ ਦੀ ਸ਼ਾਨ ਸਨ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਤੇ ਫੈਲੋ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਕਿਹਾ ਕਿ ਆਜ਼ਾਦੀ ਮਗਰੋਂ ਜਿਸ ਸ਼ਾਨ ਨਾਲ ਜਨਰਲ ਹਰਬਖ਼ਸ਼ ਸਿੰਘ ਜੀ ਨੇ ਸੈਨਿਕਾਂ ਦੀ ਅਗਵਾਈ ਤੇ ਮਨੋਬਲ ਉੱਚਾ ਚੁੱਕਣ ਚ ਅਗਵਾਈ ਕੀਤੀ ਉਹ ਮਿਸਾਲੀ ਹੈ। ਉਨ੍ਹਾਂ ਵੱਲੋਂ ਅੰਗਰੇਜ਼ੀ ਚ ਸ੍ਵੈਜੀਵਨੀ ਲਿਖਣਾ ਸਾਡੇ ਲਈ ਪ੍ਰਮਾਣੀਕ ਦਸਤਾਵੇਜ਼ ਬਣ ਗਿਆ ਹੈ। ਇਸ ਨੂੰ ਗੁਰਦੀਪ ਕੌਰ ਜੀ ਵੱਲੋਂ ਅਨੁਵਾਦ ਕਰਨਾ ਵੀ ਸਿਰੜ ਵਾਲਾ ਕਾਰਜ ਸੀ। ਯਕੀਨਨ ਇਹ ਪੁਸਤਕ ਕੇਵਲ ਸੈਨਿਕਾਂ ਨੂੰ ਹੀ ਨਹੀਂ ਸਗੋਂ ਆਮ ਨੌਜਵਾਨਾਂ ਨੂੰ ਵੀ ਜੀਵਨ ਸੇਧ ਪ੍ਰਦਾਨ ਕਰੇਗੀ।
ਸ: ਪ੍ਰਭਦੀਪ ਸਿੰਘ ਨੱਥੋਵਾਲ ਤੇ ਸਹਿਜ ਪ੍ਰੀਤ ਸਿੰਘ ਮਾਂਗਟ ਨੇ ਵੀਇਸ ਪੁਸਤਕ ਦੇ ਪ੍ਰਕਾਸ਼ਨ ਲਈ ਸਤੀਸ਼ ਗੁਲ੍ਹਾਟੀ ਤੇ ਸੁਮਿਤ ਗੁਲ੍ਹਾਟੀ ਨੂੰ ਮੁਬਾਰਕ ਦਿੱਤੀ।
ਸੁਮਿਤ ਗੁਲ੍ਹਾਟੀ ਨੇ ਇਸ ਸਮਾਗਮ ਚ ਸ਼ਾਮਿਲ ਸਮੂਹ ਹਸਤੀਆਂ ਦਾ ਧੰਨਵਾਦ ਕੀਤਾ।