ਯਾਦਗਾਰੀ ਹੋ ਨਿੱਬੜਿਆ ਜਗਦੀਪ ਸਿੱਧੂ ਨਾਲ ਰੂਬਰੂ ਅਤੇ ਕਵੀ ਦਰਬਾਰ
ਅਸ਼ੋਕ ਵਰਮਾ
ਮਾਨਸਾ 16 ਜੂਨ 2023: ਭਾਸ਼ਾ ਵਿਭਾਗ ਪੰਜਾਬ ਦੀ ਅਗਵਾਈ ਹੇਠ ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮਾਨਸਾ ਵੱਲੋਂ ਰੂਬਰੂ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ ਗਿਆ ਜਿਸ ਵਿੱਚ ਪੰਜਾਬੀ ਕਵੀ ਜਗਦੀਪ ਸਿੱਧੂ ਆਪਣੀ ਨਵੀਂ ਕਾਵਿ ਕਿਤਾਬ ' ਪੌੜੀਆਂ ਉਤਰਦੀ ਛਾਂ ' ਦੇ ਪ੍ਰਸੰਗ ਵਿੱਚ ਸਰੋਤਿਆਂ ਦੇ ਰੂਬਰੂ ਹੋਏ। ਉਨ੍ਹਾਂ ਕਿਹਾ ਕਿ ਮੇਰੀ ਹਰ ਕਵਿਤਾ ਮੇਰੇ ਅਨੁਭਵ ਵਿਚੋਂ ਆਉਂਦੀ ਹੈ। ਭਾਵੇਂ ਇਹ ਮੇਰੀ ਜੀਵਨੀ ਨਹੀਂ, ਪਰ ਇਹਦੇ ਵਿੱਚ ਮੇਰੇ ਜੀਵਨ ਦੇ ਹੀ ਟੁਕੜੇ ਸ਼ਾਮਿਲ ਹਨ।ਇਸ ਮੌਕੇ ਉਨ੍ਹਾਂ ਕਿਹਾ ਕਿ ਮੈਂ ਆਪਣੇ ਘਰ ਪਰਵਾਰ ਵਿਚੋਂ ਹੀ ਕਵਿਤਾ ਲਿਖਦਾ ਹਾਂ।ਇਸ ਮੌਕੇ ਜਗਦੀਪ ਨੇ ਆਪਣੀ ਇਸ ਨਵੀਂ ਕਿਤਾਬ ਵਿਚੋਂ ਕੁੱਝ ਕਵਿਤਾਵਾਂ ਸਾਂਝੀਆਂ ਕੀਤੀਆਂ।
ਪ੍ਰੋਗਰਾਮ ਦੀ ਪ੍ਰਧਾਨਗੀ ਕਰਦਿਆਂ ਯੂ ਕੇ ਵਾਸੀ ਉੱਘੇ ਕਵੀ ਅਜ਼ੀਮ ਸ਼ੇਖਰ ਨੇ ਕਿਹਾ ਕਿ ਜਗਦੀਪ ਸੂਖਮ ਸ਼ਾਇਰ ਹੈ ਜਿਸ ਨੇ ਆਪਣੀ ਕਵਿਤਾ ਵਿੱਚ ਮਨੁੱਖੀ ਸੰਵੇਦਨਾ ਨੂੰ ਬਹੁਤ ਗਹਿਰਾਈ ਤੋਂ ਰੂਪਮਾਨ ਕੀਤਾ ਹੈ।ਉਨ੍ਹਾਂ ਆਪਣੀਆਂ ਚੋਣਵੀਆਂ ਗ਼ਜ਼ਲਾਂ ਨਾਲ ਸਰੋਤਿਆਂ ਨੂੰ ਸਾਂਝਾ ਕੀਤਾ। ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਅਦਾਕਾਰਾ ਮਨਜੀਤ ਕੌਰ ਔਲਖ ਨੇ ਸਫਲ ਪ੍ਰੋਗਰਾਮ ਦੀ ਵਧਾਈ ਦਿੰਦਿਆਂ ਕਿਹਾ ਕਿ ਭਾਸ਼ਾ ਵਿਭਾਗ ਸਾਹਿਤ ਅਤੇ ਭਾਸ਼ਾ ਲਈ ਸੁਚੱਜੇ ਕਾਰਜ ਕਰ ਰਿਹਾ ਹੈ।
ਉਨ੍ਹਾਂ ਕਿਹਾ ਕਿ ਅੱਜ ਜਗਦੀਪ ਸਮੇਤ ਹਰ ਕਵੀ ਨੇ ਆਪਣੀ ਕਵਿਤਾ ਵਿੱਚ ਮਨੁੱਖੀ ਦਰਦ ਨੂੰ ਸਮੋਇਆ ਹੋਇਆ ਸੀ।ਜ਼ਿਲ੍ਹਾ ਭਾਸ਼ਾ ਅਫ਼ਸਰ ਤੇਜਿੰਦਰ ਕੌਰ ਅਤੇ ਖੋਜ ਅਫ਼ਸਰ ਕਵੀ ਗੁਰਪ੍ਰੀਤ ਨੇ ਸਭ ਦਾ ਧੰਨਵਾਦ ਕਰਦਿਆਂ ਵਿਭਾਗ ਦੇ ਕਾਰਜ ਅਤੇ ਸਕੀਮਾਂ ਦੀ ਚਰਚਾ ਕੀਤੀ।ਉਨ੍ਹਾਂ ਕਿਹਾ ਕਿ ਸਾਹਿਤਕਾਰਾਂ ਦਾ ਕਿਸੇ ਵੀ ਸਮਾਜ ਦੀ ਤਰੱਕੀ ਵਿੱਚ ਅਹਿਮ ਭੂਮਿਕਾ ਹੁੰਦੀ ਹੈ।
ਇਸ ਪ੍ਰੋਗਰਾਮ ਦੇ ਦੂਜੇ ਭਾਗ ਵਿੱਚ ਹੋਏ ਕਵੀ ਦਰਬਾਰ ਵਿੱਚ ਤਨਵੀਰ, ਰਾਜਵਿੰਦਰ ਮੀਰ,ਪਰਾਗ ਸਿੰਗਲਾ, ਸੀਮਾ ਜਿੰਦਲ,ਸੁਖਚਰਨ ਸੱਦੇਵਾਲੀਆ ,ਗੁਲਾਬ ਰਿਉਂਦ, ਕੁਲਦੀਪ ਚੌਹਾਨ,ਗੁਰਜੰਟ ਚਾਹਲ ਅਤੇ ਲਖਵਿੰਦਰ ਹਕਮਵਾਲਾ ਨੇ ਆਪਣੀਆਂ ਕਵਿਤਾਵਾਂ ਨਾਲ ਸਰੋਤਿਆਂ ਨੂੰ ਕੀਲਿਆ।
ਇਸ ਸਮਾਗਮ ਵਿੱਚ ਪ੍ਰੋ.ਸੁਖਦੇਵ ਸਿੰਘ ,ਪ੍ਰਿੰਸੀਪਲ ਦਰਸ਼ਨ ਸਿੰਘ,ਹਰਿੰਦਰ ਮਾਨਸ਼ਾਹੀਆ, ਇੰਦਰਪਾਲ, ਸੰਤੋਸ਼ ਭਾਟੀਆ,ਪ੍ਰੋ. ਸੁਖਦੀਪ ਸਿੰਘ,ਪ੍ਰੋ.ਕੁਲਦੀਪ ਸਿੰਘ, ਪ੍ਰੋ. ਸੁਪਨਦੀਪ ਕੌਰ ,ਬਲਜਿੰਦਰ ਸੰਗੀਲਾ, ਗੁਰਮੇਲ ਕੌਰ ਜੋਸ਼ੀ, ਹਰਦੀਪ ਸਿੱਧੂ,ਬਿੱਟੂ ਮਾਨਸਾ, ਹਰਪ੍ਰੀਤ ਪੁਰਬਾ, ਪਰਮਜੀਤ ਕੌਰ,ਡਾ.ਗੁਰਪ੍ਰੀਤ ਕੌਰ,ਡਾ.ਬੱਲਮ ਲੀਬਾਂ,ਕੁਲਜੀਤ ਸਿੰਘ,ਹਰਪ੍ਰੀਤ ਬਹਿਣੀਵਾਲ ,ਰਣਧੀਰ ਸਿੰਘ ਆਦਮਕੇ,ਅਕਬਰ ਬੱਪੀਆਣਾ, ਭੋਲਾ ਸਿੰਘ ਵਿਰਕ ਅਤੇ ਹੋਰ ਵੀ ਸਾਹਿਤਕਾਰ ਸ਼ਾਮਿਲ ਹੋਏ।