ਹਰਦੇਵ ਚੌਹਾਨ ਦੀ ਨਵੀਂ ਪੁਸਤਕ 'ਮਨ ਕੈਨਵਸ' ਪੜ੍ਹਦਿਆਂ......ਨਿੰਦਰ ਘੁਗਿਆਣਵੀ
ਪ੍ਰਕਾਸ਼ਕ: ਸ਼ਬਦਲੋਕ
ਪੰਨੇ: 155
ਮੁੱਲ: 195 ਰੁਪਏ
ਹਰਦੇਵ ਚੌਹਾਨ ਨੇ ਕਿੱਤੇ ਵਜੋਂ ਤਾਂ ਅਧਿਆਪਕ ਕਾਰਜ ਨਿਭਾਇਆ ਪਰ ਹੁਣ ਉਹ ਨਿਰੋਲ ਪੱਤਰਕਾਰੀ ਤੇ ਸਾਹਿਤਕਾਰੀ 'ਚ ਮਸਰੂਫ ਹੈ।
ਮੂਲ ਰੂਪ ਵਿੱਚ ਉਹ ਬਾਲਾਂ ਦਾ ਸਾਹਿਤਕਾਰ ਹੈ। ਹੁਣ ਤੱਕ ਉਹ ਪੰਜਾਬੀ, ਹਿੰਦੀ ਅਤੇ ਸ਼ਾਹਮੁਖੀ ਵਿੱਚ ਬਾਲ ਸਾਹਿਤ ਦੀਆਂ 30 ਕੁ ਪੁਸਤਕਾਂ ਲਿਖਕੇ ਬਾਲ ਸਾਹਿਤ ਲਈ ਰਾਸ਼ਟਰੀ ਅਤੇ ਸ਼੍ਰੋਮਣੀ ਬਾਲ ਸਾਹਿਤਕਾਰ ਵਰਗੇ ਵਕਾਰੀ ਸਨਮਾਨ ਹਾਸਲ ਕਰ ਚੁਕਾ ਹੈ। ਉਹ ਅਨੁਵਾਦਕ ਅਤੇ ਸੰਪਾਦਕ ਵੀ ਰਿਹਾ ਹੈ।
ਹਥਲੀ ਪੁਸਤਕ 'ਮਨ ਕੈਨਵਸ' ਭਾਵ ਮਨ ਦੀ ਕੈਨਵਸ 29 ਪਾਠਾਂ ਰਾਹੀਂ ਉਸਦੀ ਸ਼ੁਰੂ ਤੋਂ ਅਖੀਰ ਵਾਲੀ ਯਾਤਰਾ ਮੁਖੀ ਕਾਵਿਕ ਚਿੱਤਰਕਾਰੀ ਦਰਸਾਉਂਦੀ ਮੌਲਿਕ ਵਾਰਤਕ ਪੁਸਤਕ ਹੈ।
ਉਸਦੀ ਵਾਰਤਕ ਬੜੀ ਸਰਲ ਤੇ ਸਹਿਜ ਹੈ। ਕਿਸੇ ਦਰਿਆ ਦੇ ਬੇਰੋਕ ਵਹਿਣ ਵਾਂਗ ਵਾਰਤਕ ਦੀ ਨਿਵੇਕਲੀ ਨੁਹਾਰ, ਪਾਠਕ ਨੂੰ ਮੱਲੋਜੋਰੀ ਆਪਣੇ ਨਾਲ ਤੋਰ ਲੈਂਦੀ ਹੈ।
ਉਸ ਦੀ ਨਵੀਂ ਵਾਰਤਕ ਪੁਸਤਕ ਵਿੱਚਲੇ ਨਿੱਕੇ, ਨਿੱਕੇ ਕਵਿਤਾ ਨੁਮਾ ਵਾਰਤਕ ਪਹਿਰੇ ਲੇਖਕ ਦੀਆਂ ਵੱਡੀਆਂ, ਵੱਡੀਆਂ ਬਾਤਾਂ, ਆਪ ਬੀਤੀਆਂ ਤੇ ਯਾਦਾਂ ਦੀ ਚਿੱਤਰਕਾਰੀ ਦਾ ਰੰਗੀਨ ਖੁਲਾਸਾ ਕਰਦੇ ਪ੍ਰਤੀਤ ਹੁੰਦੇ ਹਨ।
ਖਿੱਚ ਭਰਪੂਰ ਇਸ ਪੁਸਤਕ ਨੂੰ ਮੈਂ ਦੋ, ਤਿੰਨ ਬੈਠਕਾਂ ਵਿਚ ਪੜ੍ਹਿਆ ਹੈ। ਹਰਦੇਵ ਚੌਹਾਨ ਦੇ ਕੁਦਰਤ ਪ੍ਰੇਮੀ ਹੋਣ ਦਾ ਪ੍ਰਮਾਣ ਵੀ ਇਸ ਪੁਸਤਕ ਵਿੱਚੋਂ ਸਹਿਜੇ ਹੀ ਮਿਲਦਾ ਹੈ। ਇਥੇ ਮਿੱਟੀ ਦਾ ਮੋਹ, ਮਾਪੇ, ਰੁੱਤਾਂ, ਥਿਤਾਂ, ਪੰਛੀ ਮੋਹ, ਹੋਣੀ-ਅਣਹੋਣੀ ਤੇ ਜਿੰਦੜੀ ਦੀ ਟੁੱਟ-ਭੱਜ... ਉਸਨੇ ਆਪਦਾ ਬਹੁਤ ਕੁਝ ਬਿਆਨਿਆ ਹੈ । ਦੂਜਾ ਜੀਵਨ ਦਾਨ ਦੇਣ ਵਾਲੀ 'ਜੂਨ ਚੁਰਾਸੀ' ਦੇ ਸੇਕਦਾਰ ਦ੍ਰਿਸ਼ ਵੀ ਇਥੇ ਸ਼ਾਮਲ ਹਨ। ਮੇਰੀ ਜਾਚੇ ਇਹ ਪੁਸਤਕ ਪੰਜਾਬੀ ਵਾਰਤਕ ਵਿਚ ਨਿਵੇਕਲਾ ਵਾਧਾ ਕਰਨ ਵਾਲੀ ਪੁਸਤਕ ਹੈ।
ਮੈਂ ਤਹਿਦਿਲੋਂ ਸਾਹਿਤ ਪ੍ਰੇਮੀਆਂ ਨੂੰ 'ਮਨ ਕੈਨਵਸ' ਪੜ੍ਹਨ ਦੀ ਸਿਫਾਰਸ਼ ਕਰਦਾ ਹਾਂ।
ਨਿੰਦਰ ਘੁਗਿਆਣਵੀ
ਚੰਡੀਗੜ੍ਹ (19 ਫਰਵਰੀ,2022)
ਮੋਬਾਈਲ: 94174 21700