ਅਸ਼ੋਕ ਵਰਮਾ
ਬਠਿੰਡਾ, 29 ਅਪ੍ਰੈਲ 2020 - ਬਠਿੰਡਾ ਜ਼ਿਲ੍ਹੇ ਨਾਲ ਸਬੰਧਤ ਵਾਤਾਵਰਨ ਪ੍ਰੇਮੀ ਅਤੇ ਕਮੇਡੀ ਕਲਾਕਾਰ ਮਿਲਾਪ ਚਮਕ ਦਾ ਦਿਹਾਂਤ ਹੋ ਗਿਆ ਹੈ ਜੋ ਕਿ ਪਿਛਲੇ ਕਾਫੀ ਸਮੇਂ ਤੋਂ ਲਿਵਰ ਦੇ ਕੈਂਸਰ ਨਾਲ ਪੀੜਤ ਸਨ। ਉਹ ਪਿੰਡ ਮੰਡੀ ਕਲਾਂ ਦੇ ਪੇਡੂ ਵਿਕਾਸ ਤੇ ਪੰਚਾਇਤਾਂ ਵਿਭਾਗ ਵਿੱਚ ਤਾਇਨਾਤ ਸਨ। ਇੱਕ ਵਧੀਆ ਫੋਟੋਗਰਾਫਰ ਹੋਣ ਕਰਕੇ ਕਾਫੀ ਸਮਾਂ ਪਹਿਲਾਂ ਉਨਾਂ ਦੀਆ ਫੋਟੋਆ ਪੰਜਾਬੀ ਅਖਬਾਰ ਦੇ ਐਤਵਾਰ ਦੇ ਅੰਕ ਵਿੱਚ ਪ੍ਰਕਾਸਿਤ ਹੁੰਦੀਆ ਰਹੀਆ ਹਨ। ਮਿਲਾਪ ਚਮਕ ਨੂੰ ਵਾਤਾਵਰਣ ਪ੍ਰੇਮੀ ਹੋਣ ਕਾਰਨ ਪੌਦੇ ਲਾਉਣ ਦਾ ਸ਼ੌਂਕ ਸੀ ਜਿਸ ਨੂੰ ਉਨ੍ਹਾਂ ਨੇ ਮੰਡੀ ਕਲਾਂ ’ਚ ਅਨੇਕਾਂ ਪੌਦੇ ਲਾ ਕੇ ਪੂਰਾ ਕੀਤਾ ਅਤੇ ਨਵੇਂ ਪੋਚ ਨੂੰ ਇਸ ਦਿਸ਼ਾ ’ਚ ਪ੍ਰੇਰਣਾ ਦਿੱਤੀ।
ਮਿਲਾਪ ਚਮਕ ਦੇ ਲਿਖੇ ਹੋਏ ਗੀਤ ਪੰਜਾਬ ਦੇ ਨਾਮੀ ਕਲਾਕਾਰਾਂ ਦੀ ਅਵਾਜ਼ ਵਿੱਚ ਰਿਕਾਰਡ ਹੋਏ ਹਨ। ਉਨ੍ਹਾਂ ਕਮੇਡੀ ਆਰਟਿਸਟ ਵੱਜੋਂ ਕਾਫੀ ਸਮਾਂ ਕੰਮ ਕੀਤਾ ਅਤੇ ਉਨ੍ਹਾਂ ਦੀਆਂ ਕਈ ਕੈਸਿਟਾਂ ਨੂੰ ਲੋਕਾਂ ਨੇ ਸਰਾਹਿਆ ਪਰ ਉਸ ਨੇ ਕਦੇ ਮਾਣ ਨਹੀਂ ਕੀਤਾ। ਪੂੰਜੀ ਥੋੜੀ ਪਰ ਕੰਮ ਵੱਡੇ ਕਰਨ ਵਾਲੇ ਮਿਲਾਪ ਚਮਕ ਦੀ ਮਹਿਕਮੇ ਚ, ਇਮਾਨਦਾਰੀ ਦੀ ਮਿਸਾਲ ਦਿੱਤੀ ਜਾਂਦੀ ਸੀ। ਗਰੀਬਾਂ ਦੀ ਸਹਾਇਤਾ ਕਰਨਾ ਤੇ ਬਿਮਾਰ ਮਰੀਜਾਂ ਦੇ ਇਲਾਜ ਲਈ ਦਸਵੰਧ ਕੱਢਣਾ ਆਪਣਾ ਫਰਜ ਸਮਝਦਾ ਸੀ। ਇਸ ਦੇ ਉਲਟ ਖੁਦ ਕੈਂਸਰ ਨਾਲ ਲੜਦਾ ਹੋਇਆ ਇਸ ਫਾਨੀ ਸੰਸਾਰ ਨੂੰ ਆਲਵਿਦਾ ਆਖ ਗਿਆ । ਮਿਲਾਪ ਚਮਕੇ ਆਪਣੇ ਪਿੱਛੇ ਪਤਨੀ , ਪੁੱਤਰ ਅਤੇ ਇੱਕ ਧੀਅ ਛੱਡ ਗਿਆ ਹੈ।