ਫਗਵਾੜਾ ਵਿਖੇ ਲਾਲ ਸਿੰਘ ਦਸੂਹਾ ਅਤੇ ਜਸਪਾਲ ਜੀਰਵੀ ਨੂੰ ਦਿੱਤਾ ਗਿਆ "ਸ਼ਬਦ- ਸਿਰਜਣਹਾਰੇ" ਸਨਮਾਨ
-ਸਮਾਗਮ ਦੌਰਾਨ 50 ਕਵੀਆਂ ਨੇ ਆਪਣੀਆਂ ਕਵਿਤਾਵਾਂ ਪੜ੍ਹੀਆਂ
-ਪ੍ਰਸਿੱਧ ਗਾਇਕ ਸੁਖਦੇਵ ਸਾਹਿਬ ਸੂਫ਼ੀ ਗਾਇਕੀ ਨਾਲ ਰੰਗ ਬੰਨ੍ਹਿਆ
ਫਗਵਾੜਾ, 27 ਨਵੰਬਰ 2023- ਮਿਤੀ 26 ਨਵੰਬਰ 2023 ਨੂੰ ਸਕੇਪ ਸਾਹਿਤਕ ਸੰਸਥਾ (ਰਜਿ:) ਫਗਵਾੜਾ ਵੱਲੋਂ ਬਲੱਡ ਬੈਂਕ ਹਰਗੋਬਿੰਦ ਨਗਰ ਵਿਖੇ ਸਲਾਨਾ "ਸ਼ਬਦ- ਸਿਰਜਣਹਾਰੇ" ਸਨਮਾਨ ਸਮਾਰੋਹ ਅਤੇ ਕਵੀ ਦਰਬਾਰ ਕਰਵਾਇਆ ਗਿਆ।ਪ੍ਰਧਾਨਗੀ ਮੰਡਲ ਵਿੱਚ ਉੱਘੀਆਂ ਸਖ਼ਸ਼ੀਅਤਾਂ ਸਕੇਪ ਸਾਹਿਤਕ ਸੰਸਥਾ ਦੇ ਪ੍ਰਧਾਨ ਪਰਵਿੰਦਰਜੀਤ ਸਿੰਘ ,ਸੰਸਥਾ ਦੇ ਸਰਪ੍ਰਸਤ ਪ੍ਰਿੰ. ਗੁਰਮੀਤ ਸਿੰਘ ਪਲਾਹੀ,ਮੁੱਖ ਮਹਿਮਾਨ ਨਰਪਾਲ ਸਿੰਘ ਸ਼ੇਰਗਿੱਲ ,ਕਹਾਣੀਕਾਰ, ਲਾਲ ਸਿੰਘ ਦਸੂਹਾ, ਗ਼ਜ਼ਲਗੋ ਜਸਪਾਲ ਜੀਰਵੀ, ਅਮਰੀਕ ਡੋਗਰਾ, ਨਛੱਤਰ ਸਿੰਘ ਭੋਗਲ, ਰਾਮ ਪਾਲ ਮੱਲ ਸ਼ਾਮਲ ਹੋਏ। ਉੱਘੇ ਕਹਾਣੀਕਾਰ ਰਵਿੰਦਰ ਚੋਟ ਨੇ ਗ਼ਜ਼ਲਗੋ ਜਸਪਾਲ ਜੀਰਵੀ ਦਾ ਸਨਮਾਨ ਪੱਤਰ ਅਤੇ ਗ਼ਜ਼ਲਗੋ ਬਲਦੇਵ ਰਾਜ ਕੋਮਲ ਨੇ ਕਹਾਣੀਕਾਰ ਲਾਲ ਸਿੰਘ ਦਸੂਹਾ ਦਾ ਸਨਮਾਨ ਪੱਤਰ ਪੜ੍ਹ ਕੇ ਸੁਣਾਇਆ।ਇਸ ਉਪਰੰਤ ਸੰਸਥਾ ਵੱਲੋਂ ਉੱਘੇ ਕਹਾਣੀਕਾਰ ਲਾਲ ਸਿੰਘ ਦਸੂਹਾ ਅਤੇ ਪ੍ਰਸਿੱਧ ਗ਼ਜ਼ਲਗੋ ਜਸਪਾਲ ਜੀਰਵੀ ਨੂੰ "ਸ਼ਬਦ-ਸਿਰਜਣਹਾਰੇ" ਸਨਮਾਨ ਨਾਲ਼ ਨਿਵਾਜ਼ਿਆ ਗਿਆ।
ਸਕੇਪ ਸਾਹਿਤਕ ਸੰਸਥਾ ਦੇ ਸਰਪ੍ਰਸਤ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਸਰੋਤਿਆਂ ਨੂੰ ਲਾਲ ਸਿੰਘ ਅਤੇ ਜਸਪਾਲ ਜੀਰਵੀ ਦੇ ਸੰਘਰਸ਼ਾਂ ਭਰੇ ਅਤੇ ਔਕੜਾਂ ਭਰੇ ਜੀਵਨ ਸਫ਼ਰ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਧਰਤੀ ਨਾਲ ਜੁੜੇ ਇਹਨਾਂ ਦੋਵਾਂ ਲੇਖਕਾਂ ਨੇ ਆਪਣੀ ਸਾਰੀ ਉਮਰ ਸਾਹਿਤਕ ਕੰਮਾਂ ਦੇ ਲੇਖੇ ਲਗਾ ਦਿੱਤੀ।ਲੋਕਾਂ ਨਾਲ਼ ਜੁੜੇ ਲੋਕ ਅਕਸਰ ਸਰਕਾਰਾਂ ਦੀਆਂ ਅੱਖਾਂ ਵਿੱਚ ਰੜਕਦੇ ਹਨ ਅਤੇ ਅਣਦੇਖੀ ਦਾ ਸ਼ਿਕਾਰ ਹੁੰਦੇ ਹਨ। ਇਹ ਦੋਵੇਂ ਯੋਧੇ ਨਿਰ-ਸੁਆਰਥ ਢੰਗ ਨਾਲ਼ ਸਰੀਰਕ ਲੜਾਈ ਲੜਦਿਆਂ, ਮਾਨਸਿਕ ਤੌਰ 'ਤੇ ਔਖੇ ਹੋ ਕੇ ਵੀ ਸਾਹਿਤ ਲਈ ਕਾਰਜ ਕਰ ਰਹੇ ਹਨ।ਧਰਤੀ ਨਾਲ ਜੁੜੇ ਇਹਨਾਂ ਦੋਵਾਂ ਸਾਹਿਤਕਾਰਾਂ ਦੀ ਜ਼ਿੰਦਗੀ ਭਰ ਦੀ ਕਮਾਈ ਲਈ ਇਹਨਾਂ ਨੂੰ "ਸ਼ਬਦ- ਸਿਰਜਣਹਾਰੇ" ਸਨਮਾਨ ਦਿੰਦਿਆਂ ਸੰਸਥਾ ਮਾਣ ਮਹਿਸੂਸ ਕਰ ਰਹੀ ਹੈ।ਜਸਪਾਲ ਜੀਰਵੀ ਨੇ ਆਪਣੇ ਜਜ਼ਬਾਤ ਸਰੋਤਿਆਂ ਨਾਲ ਸਾਂਝੇ ਕਰਦਿਆਂ ਆਪਣੀਆਂ ਕੁਝ ਰਚਨਾਵਾਂ ਵੀ ਸਾਂਝੀਆਂ ਕੀਤੀਆਂ ਅਤੇ ਸੰਸਥਾ ਦਾ ਧੰਨਵਾਦ ਕਰਦਿਆ ਕਿਹਾ ਕਿ ਉਹ ਹਮੇਸ਼ਾ ਸਾਹਿਤਕ ਸੇਵਾ ਲਈ ਹਾਜ਼ਰ ਰਹਿਣਗੇ।
ਕਹਾਣੀਕਾਰ ਲਾਲ ਸਿੰਘ ਦਸੂਹਾ ਨੇ ਵੀ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹਨਾ ਜ਼ਿੰਦਗੀ ਭਰ ਲੋਕਾਂ ਸੰਗ ਖੜਨ ਦਾ ਯਤਨ ਕੀਤਾ ਹੈ। ਕਵੀ ਦਰਬਾਰ ਦਾ ਅਰੰਭ ਸੁਖਦੇਵ ਸਿੰਘ ਗੰਡਵਾਂ ਦੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਪੁਰਬ ਨੂੰ ਸਮਰਪਿਤ ਧਾਰਮਿਕ ਗੀਤ ਨਾਲ਼ ਕੀਤਾ ਗਿਆ।ਇਸ ਉਪਰੰਤ ਸਮਾਗਮ ਵਿੱਚ ਹਾਜ਼ਰ 50 ਤੋਂ ਵੱਧ ਕਵੀਆਂ,ਸ਼ਾਇਰਾਂ,ਗ਼ਜ਼ਲਕਾਰਾਂ ਨੇ ਆਪਣੀਆਂ ਗ਼ਜ਼ਲਾਂ,ਨਜ਼ਮਾਂ,ਰਚਨਾਵਾਂ ਨਾਲ ਖ਼ੂਬ ਰੰਗ ਬੰਨ੍ਹਿਆ।ਇਸ ਮੌਕੇ ਬਚਨ ਗੁੜਾ, ਸੋਢੀ ਸੱਤੋਵਾਲੀ, ਸੁਰਜੀਤ ਸਿੰਘ ਬੁਲਾੜ੍ਹੀ ਕਲਾਂ,ਸੀਤਲ ਰਾਮ ਬੰਗਾ,ਸਿਮਰਤ ਕੌਰ,ਜਸਵੰਤ ਸਿੰਘ ਮਜਬੂਰ,ਅਸ਼ੀਸ਼ ਗਾਂਧੀ, ਮੋਨਿਕਾ ਬੇਦੀ, ਬਲਬੀਰ ਕੌਰ ਬੱਬੂ ਸੈਣੀ, ਉਰਮਲਜੀਤ ਸਿੰਘ ਵਾਲੀਆ,ਨਗੀਨਾ ਸਿੰਘ ਬਲੱਗਣ,ਅਸ਼ੋਕ ਮਹਿਰਾ, ਮਨਮੀਤ ਮੇਵੀ,ਅਸ਼ੋਕ ਸ਼ਰਮਾ, ਸ਼ਾਮ ਸਰਗੂੰਦੀ, ਮਨੋਜ ਫਗਵਾੜਵੀ, ਉਰਮਲਜੀਤ ਸਿੰਘ ਵਾਲੀਆ,ਓਮ ਪ੍ਰਕਾਸ਼ ਸੰਦਲ,ਬਲਦੇਵ ਰਾਜ ਕੋਮਲ, ਦੇਵ ਰਾਜ ਦਾਦਰ , ਲਸ਼ਕਰ ਢੰਡਵਾੜਵੀ, ਹਰਚਰਨ ਭਾਰਤੀ, ਗੁਰਦੀਪ ਸਿੰਘ ਭੰਮਰਾ,ਕਰਮਜੀਤ ਸਿੰਘ ਸੰਧੂ, ਜਰਨੈਲ ਸਿੰਘ ਸਾਖੀ, ਗੁਰਨੂਰ ਕੌਰ,ਸੁਬੇਗ ਸਿੰਘ ਹੰਜਰਾਅ,ਦਲਜੀਤ ਮਹਿਮੀ, ਰਵਿੰਦਰ ਚੋਟ ਜੀ ਆਦਿ ਕਵੀ ਸਹਿਬਾਨ ਨੇ,ਆਪਣੀਆਂ ਰਚਨਾਵਾਂ ਨਾਲ ਖ਼ੂਬ ਰੰਗ ਬੰਨ੍ਹਿਆ।
ਮੁੱਖ ਮਹਿਮਾਨ ਉੱਘੇ ਪੱਤਰਕਾਰ ਨਰਪਾਲ ਸਿੰਘ ਸ਼ੇਰਗਿੱਲ ਜੀ ਨੇ ਸਰੋਤਿਆਂ ਨੂੰ ਸੰਬੋਧਨ ਕਰਦਿਆਂ ਇਸ ਗੱਲ ਤੇ ਜ਼ੋਰ ਦਿੱਤਾ ਕਿ ਉਹ ਆਪਣੇ ਦੇਸ, ਆਪਣੀ ਧਰਤੀ 'ਤੇ ਰਹਿੰਦਿਆਂ, ਕਿਰਤ ਕਮਾਈ ਕਰਦਿਆਂ ਆਪਣਾ ਨਾਮ ਬਣਾਉਣ।ਉਹਨਾਂ ਸੁਨੇਹਾ ਦਿੱਤਾ ਕਿ ਨੌਜਵਾਨ ਆਪਣੀ ਧਰਤੀ, ਆਪਣਾ ਘਰ-ਬਾਰ ਵੇਚ ਕੇ ਵਿਦੇਸ਼ ਜਾਣ ਦੀ ਥਾਂ ਇਸੇ ਧਰਤੀ 'ਤੇ ਰਹਿ ਕੇ ਕਾਮਯਾਬੀ ਹਾਸਲ ਕਰਨ ਲਈ ਮਿਹਨਤ ਕਰਨ।ਸਮਾਗਮ ਦੇ ਅਖੀਰ ਵਿੱਚ ਪ੍ਰਸਿੱਧ ਗਾਇਕ ਸੁਖਦੇਵ ਸਾਹਿਲ ਜੀ ਨੇ ਆਪਣੀ ਗਾਇਕੀ ਨਾਲ਼ ਸਰੋਤਿਆਂ ਨੂੰ ਨਿਹਾਲ ਕੀਤਾ।ਸਮਾਗਮ ਵਿੱਚ ਸੁਖਵਿੰਦਰ ਸਿੰਘ,ਐਡਵੋਕੇਟ ਐੱਸ.ਐਲ.ਵਿਰਦੀ ,ਮਨਦੀਪ ਸਿੰਘ,ਸੁਸ਼ੀਲ ਸ਼ਰਮਾ,ਅਨਮੋਲ ਜੀਰਵੀ, ਹਰਸ਼ ਮੱਲ, ਚੈਨ ਮੱਥਫੱਲੂ, ਗਿਆਨ ਕੌਰ, ਅਰਵਿੰਦਰ ਪਾਂਡੇ,ਨਰਿੰਦਰ ਸਿੰਘ ਸੈਣੀ, ਅਮਰਿੰਦਰ ਸਿੰਘ, ਕਸ਼ਮੀਰ ਸਿੰਘ,ਸੁਰਿੰਦਰ ਸਿੰਘ ਨੇਕੀ, ਬਲਵਿੰਦਰ ਕੁਮਾਰ,ਰਾਜਨ ਕੁਮਾਰ, ਮੋਹਨ ਸਾਹਿਲ ਜੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਰੋਤਿਆਂ ਨੇ ਸ਼ਿਰਕਤ ਕੀਤੀ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਕਮਲੇਸ਼ ਸੰਧੂ ਨੇ ਨਿਭਾਈ। ਇਸ ਤਰ੍ਹਾਂ ਸਕੇਪ ਸਾਹਿਤਕ ਸੰਸਥਾ ਦਾ ਇਹ ਸਲਾਨਾ ਸਨਮਾਨ ਸਮਾਰੋਹ ਸਮਾਗਮ ਯਾਦਗਾਰੀ ਹੋ ਨਿਬੜਿਆ।