ਲੁਧਿਆਣਾ: 2 ਅਗਸਤ 2019 - ਲੰਮੇ ਸਮੇਂ ਤੋਂ ਡੈਨਮਾਰਕ ਵੱਸਦੇ ਪੰਜਾਬੀ ਸਾਹਿੱਤ ਪ੍ਰੇਮੀ ਤੇ ਗੰਭੀਰ ਪਾਠਕ ਜਗਮੇਲ ਸਿੱਧੂ ਵੱਲੋਂ ਸੰਪਾਦਿਤ ਪੁਸਤਕ ਪੱਤਿਆਂ ਦੀ ਗੁਫ਼ਤਗੂ ਦਾ ਲੋਕ ਅਰਪਣ ਸਮਾਗਮ 4 ਅਗਸਤ ਨੂੰ ਬਾਦ ਦੁਪਹਿਰ 2.00 ਵਜੇ ਪੰਜਾਬੀ ਭਵਨ ਲੁਧਿਆਣਾ ਵਿੱਚ ਪੰਜਾਬੀ ਲੇਖਕ ਸਭਾ ਵੱਲੋਂ ਪੰਜਾਬੀ ਸਾਹਿੱਤ ਅਕਾਡਮੀ ਦੇ ਸਹਿਯੋਗ ਨਾਲ ਕਰਵਾਇਆ ਜਾ ਰਿਹਾ ਹੈ।
ਇਹ ਜਾਣਕਾਰੀ ਦਿੰਦਿਆਂ ਪੰਜਾਬੀ ਲੇਖਕ ਸਭਾ ਦੇ ਜਨਰਲ ਸਕੱਤਰ ਮਨਜਿੰਦਰ ਧਨੋਆ ਨੇ ਦੱਸਿਆ ਕਿ ਸ: ਬੂਟਾ ਸਿੰਘ ਚੌਹਾਨ ਦੀ ਪ੍ਰੇਰਨਾ ਨਾਲ ਸੰਪਾਦਿਤ ਇਸ ਪੁਸਤਕ ਵਿੱਚ ਗਿਆਰਾਂ ਪੰਜਾਬੀ ਗ਼ਜ਼ਲਕਾਰਾਂ ਦੀਆਂ ਮੁਲਾਕਾਤਾਂ ਤੇ ਚੋਣਵੀਆਂ ਗ਼ਜ਼ਲਾਂ ਸ਼ਾਮਿਲ ਕੀਤੀਆਂ ਗਈਆਂ ਹਨ।
ਗੁਰਭਜਨ ਗਿੱਲ,ਵਿਜੈ ਵਿਵੇਕ, ਗੁਰਤੇਜ ਕੋਹਾਰਵਾਲਾ, ਬੂਟਾ ਸਿੰਘ ਚੌਹਾਨ, ਤ੍ਰੈਲੋਚਨ ਲੋਚੀ,ਰਣਜੀਤ ਸਰਾਂਵਾਲੀ, ਜਗਤਾਰ ਸੇਖਾ, ਮਨਜੀਤ ਪੁਰੀ, ਮਨਜਿੰਦਰ ਧਨੋਆ, ਕੁਲਵਿੰਦਰ ਬੱਛੋਆਣਾ, ਬਲਕਾਰ ਔਲਖ, ਤੇ ਗਗਨਦੀਪ ਸਿੰਘ ਦੀਪ ਦੀਆਂ ਮੁਲਾਕਾਤਾਂ ਵੱਖ ਵੱਖ ਲੇਖਕਾਂ ਨੇ ਕੀਤੀਆਂ ਹਨ। ਇਸ ਕਿਤਾਬ ਨੂੰ ਲੋਕ ਗੀਤ ਪ੍ਰਕਾਸ਼ਨ ਨੇ ਪ੍ਰਕਾਸ਼ਿਤ ਕੀਤਾ ਹੈ।
ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਪ੍ਰਧਾਨ ਪ੍ਰੋ: ਰਵਿੰਦਰ ਸਿੰਘ ਭੱਠਲ ਇਹ ਕਿਤਾਬ ਲੋਕ ਅਰਪਣ ਕਰਨਗੇ। ਇਸ ਚ ਸ਼ਾਮਿਲ ਸਾਰੇ ਲੇਖਕਾਂ ਤੇ ਮੁਲਾਕਾਤੀਆਂ ਦੀ ਇਸ ਸਮਾਗਮ ਵਿੱਚ ਪੁੱਜਣ ਦੀ ਆਸ ਹੈ।