ਚੰਡੀਗੜ੍ਹ, 14 ਮਈ, 2017 : ਪੰਜਾਬੀ ਲੇਖਕ ਸਭਾ (ਰਜਿ.) ਚੰਡੀਗੜ੍ਹ ਵੱਲੋਂ ਜਸਵੀਰ ਮੰਡ ਦੇ ਪ੍ਰਸਿੱਧ ਨਾਵਲ 'ਬੋਲ ਮਰਦਾਨਿਆ' 'ਤੇ ਗੰਭੀਰ ਵਿਚਾਰ ਚਰਚਾ ਕਰਵਾਈ ਗਈ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਸੀਨੀਅਰ ਪੱਤਰਕਾਰ ਖੁਸ਼ਹਾਲ ਲਾਲੀ ਨੇ ਨਾਵਲ 'ਬੋਲ ਮਰਦਾਨਿਆ' ਨੂੰ ਸਾਹਿਤ ਦਾ ਸਿਖਰ ਕਰਾਰ ਦਿੰਦਿਆਂ ਆਖਿਆ ਕਿ ਇਹ ਗਿਆਨ ਅਤੇ ਵਿਗਿਆਨ ਦੋਵਾਂ ਦੀ ਕਸੌਟੀ 'ਤੇ ਖਰਾ ਉਤਰਦਾ ਹੈ। ਉਨ੍ਹਾਂ ਕਿਹਾ ਕਿ ਬੜੀ ਦੇਰ ਬਾਅਦ ਪੰਜਾਬੀ 'ਚ ਕੋਈ ਉਚ ਪਾਏ ਦੀ ਰਚਨਾ ਸਾਹਮਣੇ ਆਈ ਹੈ। ਖੁਸ਼ਹਾਲ ਲਾਲੀ ਨੇ ਕਿਹਾ ਕਿ ਨਾਵਲ ਪੜ੍ਹ ਕੇ ਜਿੱਥੇ ਬੈਰਾਗ ਪੈਦਾ ਹੁੰਦਾ ਹੈ, ਉਥੇ ਇਹ ਕਿਰਤ ਕਰਨ ਨੂੰ ਪ੍ਰੇਰਦਾ ਹੈ। ਨਾਵਲ ਫਕੀਰੀ ਅਤੇ ਤਿਆਗ ਦੇ ਫਰਕ ਨੂੰ ਵੀ ਸਪੱਸ਼ਟ ਕਰਦਾ ਹੈ। ਇਹ ਨਾਵਲ ਸਾਧਾਰਨ ਵਿਅਕਤੀ ਤੋਂ ਲੈ ਕੇ ਬੁੱਧੀਜੀਵੀ ਵਰਗ ਤੱਕ ਹਰ ਪਾਠਕ ਨੂੰ ਆਪਣੇ ਨਾਲ ਤੋਰ ਲੈਂਦਾ ਹੈ। ਉਨ੍ਹਾਂ ਇਸ ਨਾਵਲ ਨੂੰ ਆਤਮਿਕ ਸਫ਼ਰ ਦਾ ਨਾਂ ਦਿੰਦਿਆਂ ਲੇਖਕ ਜਸਵੀਰ ਮੰਡ ਨੂੰ ਮੁਬਾਰਕਬਾਦ ਦਿੱਤੀ।
ਚੰਡੀਗੜ੍ਹ ਦੇ ਸੈਕਟਰ 16 ਵਿਚ ਸਥਿਤ ਕਲਾ ਭਵਨ ਵਿਖੇ ਕਰਵਾਏ ਗਏ ਇਸ ਵਿਚਾਰ ਚਰਚਾ ਸਮਾਗਮ ਵਿਚ ਸਭ ਤੋਂ ਪਹਿਲਾਂ ਜਿੱਥੇ ਲੇਖਕ ਸਭਾ ਦੇ ਪ੍ਰਧਾਨ ਸਿਰੀਰਾਮ ਅਰਸ਼ ਨੇ ਆਏ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਨਾਲ ਹੀ ਨਾਵਲ ਦੇ ਲੇਖਕ ਜਸਵੀਰ ਮੰਡ, ਪ੍ਰਧਾਨਗੀ ਕਰ ਰਹੇ ਸੀਨੀਅਰ ਪੱਤਰਕਾਰ ਖੁਸ਼ਹਾਲ ਲਾਲੀ, ਲੇਖਕ ਸਰੂਪ ਸਿਆਲਵੀ ਹੁਰਾਂ ਨੂੰ ਫੁੱਲ ਭੇਂਟ ਕਰਕੇ ਜੀ ਆਇਆਂ ਵੀ ਕਿਹਾ। ਇਸ ਦੇ ਨਾਲ ਹੀ ਵਿਚਾਰ ਚਰਚਾ ਦੀ ਸ਼ੁਰੂਆਤ ਕਰਦਿਆਂ ਸਿਰੀਰਾਮ ਅਰਸ਼ ਹੁਰਾਂ ਨੇ ਇਸ ਨੂੰ ਵਿਸ਼ਾਲ ਸੋਚ, ਖੂਬਸੂਰਤੀ ਦਾ ਸਿਖਰ ਅਤੇ ਰੂਹਾਨੀਅਤ ਦਾ ਕੇਂਦਰ ਕਰਾਰ ਦਿੱਤਾ। ਇਸ ਤੋਂ ਬਾਅਦ ਸਭਾ ਦੇ ਜਨਰਲ ਸਕੱਤਰ ਡਾ. ਗੁਰਮੇਲ ਸਿੰਘ ਹੁਰਾਂ ਨੇ ਕਿਤਾਬ 'ਤੇ ਵਿਸਥਾਰਤ ਪਰਚਾ ਪੜ੍ਹਦਿਆਂ ਆਖਿਆ ਕਿ ਇਹ ਨਾਵਲ ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਹਕੀਕਤ ਦਾ ਵੀ ਸੱਚ ਬਿਆਨ ਕਰਦਾ ਹੈ। ਇਹ ਜਿੱਥੇ ਅਧਿਆਤਮਿਕ ਦੀ ਗੱਲ ਕਰਦਾ ਹੈ, ਉਥੇ ਕਿਸਾਨੀ 'ਤੇ ਹੋ ਰਹੇ ਜ਼ੁਲਮ ਅਤੇ ਧੱਕੇਸ਼ਾਹੀ ਦੀ ਵੀ ਗੱਲ ਕਰਦਾ ਹੈ। ਡਾ. ਗੁਰਮੇਲ ਸਿੰਘ ਨੇ ਕਿਹਾ ਕਿ ਇਹ ਨਾਵਲ ਜਾਤੀਗਤ ਭੇਦ-ਭਾਵ ਦੀਆਂ ਪਰਤਾਂ ਵੀ ਖੋਲ੍ਹਦਾ ਹੈ। ਉਸ ਦੇ ਨਾਲ-ਨਾਲ ਸਾਡੇ ਸਾਹਮਣੇ ਕਈ ਰਾਹ ਹਨ, ਅਸੀਂ ਕਿਹੜਾ ਚੁਣਨਾ ਹੈ, ਉਹ ਸਥਿਤੀ ਵੀ ਸਾਹਮਣੇ ਰੱਖਦਿਆਂ ਦੱਸਦਾ ਹੈ ਕਿ ਫਕੀਰੀ ਤੇ ਤਿਆਗ ਦਾ ਮਾਰਗ, ਘਰ-ਗ੍ਰਹਿਸਥੀ ਦਾ ਮਾਰਗ, ਚੁੱਪ ਤੇ ਗਾਇਨ ਦਾ ਮਾਰਗ, ਆਨੰਦ ਤੇ ਤਪ ਦਾ ਮਾਰਗ। ਉਨ੍ਹਾਂ ਆਪਣੀ ਗੱਲ ਸਮੇਟਦਿਆਂ ਕਿਹਾ ਕਿ ਗਿਆਨ ਜਦੋਂ ਪਰਮ ਗਿਆਨੀ ਕੋਲ ਜਾਂਦਾ ਹੈ, ਫਿਰ ਉਥੋਂ ਉਹ ਖਲਕਤ ਵੱਲ ਮੁੜਦਾ ਹੈ ਤੇ ਇਹ ਨਾਵਲ 'ਬੋਲ ਮਰਦਾਨਿਆ' ਅੱਜ ਖਲਕਤ ਨੂੰ ਆਪਣੇ ਇਤਿਹਾਸ ਨਾਲ ਜੋੜਦਿਆਂ ਹਕੀਕਤ ਤੋਂ ਜਾਣੂ ਕਰਵਾਉਂਦਾ ਹੈ।
ਇਸ ਮੌਕੇ 'ਤੇ ਜਿੱਥੇ ਪ੍ਰਸਿੱਧ ਥੀਏਟਰ ਕਲਾਕਾਰ ਡਾ. ਸਾਹਿਬ ਸਿੰਘ ਨੇ ਆਪਣੀ ਗੰਭੀਰ ਟਿੱਪਣੀਆਂ ਕਰਦਿਆਂ ਕਿਹਾ ਕਿ 'ਬੋਲ ਮਰਦਾਨਿਆ' ਨੂੰ ਪੜ੍ਹਦਿਆਂ ਅਸੀਂ ਉਸੇ ਯੁੱਗ ਵਿਚ ਪਹੁੰਚ ਜਾਂਦੇ ਅਤੇ ਇੰਝ ਮਹਿਸੂਸ ਕਰਨ ਲੱਗ ਪੈਂਦੇ ਹਾਂ ਜਿਵੇਂ ਬਾਬੇ ਨਾਨਕ ਅਤੇ ਮਰਦਾਨੇ ਦੇ ਨਾਲ-ਨਾਲ ਉਨ੍ਹਾਂ ਹੀ ਪਗਡੰਡੀਆਂ 'ਤੇ ਅਸੀਂ ਵੀ ਤੁਰੇ ਜਾ ਰਹੇ ਹੋਈਏ। ਡਾ. ਸਾਹਿਬ ਸਿੰਘ ਨੇ ਕਿਹਾ ਕਿ ਇਹ ਨਾਵਲ ਸੱਚ ਨੂੰ ਸਾਹਮਣੇ ਲਿਆਉਂਦਾ ਹੈ ਕਿ ਬਾਬਾ ਨਾਨਕ ਕਰਾਮਾਤੀ ਹੋਣ ਨਾਲੋਂ ਕਿਰਤ ਕਰਨ ਵਾਲਾ ਬਾਬਾ ਕਹਾਉਣ ਦਾ ਧਾਰਨੀ ਹੈ। ਉਨ੍ਹਾਂ ਜਸਵੀਰ ਮੰਡ ਨੂੰ ਵਧਾਈ ਦਿੰਦਿਆਂ ਕਿਹਾ ਕਿ ਇੰਨਾ ਆਸਾਨ ਨਹੀਂ ਸੀ ਇਹ ਨਾਵਲ ਰਚਣਾ, ਇਹ ਤੁਹਾਡੀ ਚੁੱਪ ਵਿਚੋਂ ਅਤੇ ਤੁਹਾਡੀ ਇਕਾਗਰਤਾ ਵਿਚੋਂ ਜਨਮਿਆ ਨਾਵਲ ਹੈ।
ਵਿਚਾਰ ਚਰਚਾ ਦੇ ਅਖੀਰ ਵਿਚ ਜਿੱਥੇ ਨਾਵਲ ਦੇ ਲੇਖਕ ਜਸਵੀਰ ਮੰਡ ਹੁਰਾਂ ਨੇ ਆਪਣੇ ਜੀਵਨ ਦੀ ਘਾਲਣਾ, ਸਿੱਖਿਆ ਤੋਂ ਬਾਅਦ ਖੇਤੀ ਵੱਲ ਨੂੰ ਪਰਤਣਾ, ਫਿਰ ਵਿਦੇਸ਼ ਤੁਰ ਜਾਣਾ ਤੇ ਵਿਦੇਸ਼ੋਂ ਮੁੜ ਕੇ ਫਿਰ ਪਿੰਡ ਆ ਮਿੱਟੀ ਨਾਲ ਮਿੱਟੀ ਹੋਣਾ, ਇਹ ਸਫ਼ਰ ਬਿਆਨ ਕੀਤਾ, ਉਥੇ ਉਨ੍ਹਾਂ ਇਸ 'ਬੋਲ ਮਰਦਾਨਿਆ' ਨਾਵਲ ਦੀ ਰਚਣ ਦੀ ਕਹਾਣੀ ਵੀ ਸਾਂਝੀ ਕਰਦਿਆਂ ਕਿਹਾ ਕਿ ਕੁਝ ਸਿਰਜਣ ਲਈ, ਕੁਝ ਰਚਣ ਲਈ ਆਪਣੇ ਆਪ ਨਾਲ ਬੈਠਣਾ ਪੈਂਦਾ ਹੈ, ਆਪਣੇ ਆਪ ਨੂੰ ਕੁਝ ਪਲ ਦੇਣੇ ਪੈਂਦੇ ਹਨ। ਬਸ ਫਿਰ ਰਚਿਆ ਜਾਂਦਾ ਹੈ 'ਬੋਲ ਮਰਦਾਨਿਆ ' ਵਰਗਾ ਨਾਵਲ। ਜਸਵੀਰ ਮੰਡ ਨੇ ਕਿਹਾ ਕਿ ਕਦੇ-ਕਦੇ ਅੰਦਰ ਇਹ ਖਿਆਲ ਉਠਦਾ ਕਿ ਮੇਰੀ ਕੀ ਔਕਾਤ ਹੈ ਕਿ ਮੈਂ ਬਾਬੇ ਨਾਨਕ ਨੂੰ ਡਾਇਲਾਗ ਦੇਵਾਂ, ਆਵਾਜ਼ ਦੇਵਾਂ, ਫਿਰ ਦੂਜੇ ਪਲ ਮੈਨੂੰ ਮਹਿਸੂਸ ਹੁੰਦਾ ਕਿ ਇਹ ਉਸੇ ਦੀ ਤਾਂ ਕਿਰਪਾ ਹੈ ਜਦੋਂ ਮੈਂ ਇਹ ਨਾਵਲ ਰਚ ਰਿਹਾ ਸੀ ਤਦ ਇਹੋ ਮਹਿਸੂਸ ਹੁੰਦਾ ਸੀ ਕਿ ਬਾਬਾ ਨਾਨਕ ਵੀ ਮੇਰੇ ਨਾਲ ਹੈ ਤੇ ਭਾਈ ਮਰਦਾਨਾ ਰਬਾਬ ਨਾਲ ਮੇਰੇ ਨਾਲ ਹੀ ਹੈ। ਇਸ ਤੋਂ ਬਾਅਦ ਸਵਾਲ-ਜਵਾਬ ਦਾ ਵੀ ਦੌਰ ਚੱਲਿਆ, ਜਿਸ ਦਾ ਲੇਖਕ ਨੇ ਬੜੀ ਤਸੱਲੀ ਨਾਲ ਜਵਾਬ ਦਿੱਤੇ। ਮਹਿਫ਼ਲ ਦੇ ਆਖਰੀ ਪੜਾਅ 'ਤੇ ਪਹੁੰਚਣ 'ਤੇ ਲੇਖਕ ਸਭਾ ਦੇ ਸੀਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਪਤੰਗ ਨੇ ਸਭਨਾਂ ਦਾ ਧੰਨਵਾਦ ਕੀਤਾ ਅਤੇ ਮੰਚ ਸੰਚਾਲਨ ਡਾ. ਗੁਰਮੇਲ ਸਿੰਘ ਹੁਰਾਂ ਨੇ ਕੀਤਾ। ਇਸ ਮੌਕੇ 'ਤੇ ਬਲਕਾਰ ਸਿੰਘ ਸਿੱਧੂ, ਸੁਰਿੰਦਰ ਗਿੱਲ, ਪਾਲ ਅਜਨਬੀ, ਹਰਮਿੰਦਰ ਕਾਲੜਾ, ਪੰਜਾਬੀ ਫ਼ਿਲਮੀ ਕਲਾਕਾਰ ਰਵਿੰਦਰ ਮੰਡ, ਸਰਦਾਰਾ ਸਿੰਘ ਚੀਮਾ, ਮਨਜੀਤ ਕੌਰ ਮੋਹਾਲੀ, ਪੱਤਰਕਾਰ ਅਤੇ ਕਵੀ ਦੀਪਕ ਸ਼ਰਮਾ ਚਨਾਰਥਲ, ਸਰਬਜੀਤ ਸਿੰਘ, ਬਾਬੂ ਰਾਮ ਦੀਵਾਨਾ, ਸੈਵੀ ਰੈਤ, ਨਰਿੰਦਰ ਨਸਰੀਨ, ਹਰਸਿਮਰਨ ਕੌਰ ਅਤੇ ਕਸ਼ਮੀਰ ਕੌਰ ਸੰਧੂ ਆਦਿ ਹਾਜ਼ਰ ਸਨ।