ਕੱਲ੍ਹ ਮੈਂ ਆਪਣੇ ਮਿੱਤਰਾਂ ਤੇਜਪ੍ਰਤਾਪ ਸਿੰਘ ਸੰਧੂ ਤੇ ਕੰਵਲਜੀਤ ਸਿੰਘ ਸ਼ੰਕਰ ਦੇ ਨਾਲ ਜੰਡਿਆਲਾ ਗੁਰੂ ਨੇੜੇ ਪਿੰਡ ਅਮਰਕੋਟ ਚ ਸੰਗੀਤ ਮਾਰਤੰਡ ਪ੍ਰਿੰਸੀਪਲ ਸੁਖਵੰਤ ਸਿੰਘ ਜਵੱਦੀ ਟਕਸਾਲ ਦੇ ਮਾਤਾ ਜੀ ਦੀ ਅੰਤਿਮ ਅਰਦਾਸ ਚ ਸ਼ਾਮਿਲ ਹੋਣ ਗਿਆ ਸਾਂ।
ਰਬਾਬ ਦੀਆਂ ਤਾਰਾਂ ਵਰਗੇ ਰਿਸ਼ਤੇ ਹੁੰਦੇ ਨੇ ਮਾਪੇ। ਮਾਂ ਤਾਂ ਬੱਚੇ ਨੂੰ ਬੇਸੁਰਾ ਹੋਣ ਹੀ ਨਹੀਂ ਦਿੰਦੀ। ਰਬਾਬ ਵਰਗੀ ਸੀ ਇਹ ਮਾਂ।
ਮੈਂ ਅਜੇ ਸੋਚ ਹੀ ਰਿਹਾ ਸਾਂ ਕਿ ਇੱਕ ਸਿਖਿਆਰਥੀ ਬਾਹਰੋਂ ਰਬਾਬ ਅੰਦਰ ਲੈ ਆਇਆ।
ਮੈਂ ਇਕੱਲੀ ਇਕੱਲੀ ਤਾਰ ਨੂੰ ਗਹੁ ਨਾਲ ਵੇਖਿਆ।
ਮਾਂ ਦੇ ਜੀਵਨ ਕਾਲ ਸਾਲਾਂ ਵਾਂਗ।
ਪਿੱਛੇ ਮਾਂ ਦੀ ਤਸਵੀਰ ਹੈ ਅੱਗੇ ਰਬਾਬ।
ਮੈਂ ਵਿਚਕਾਰ ਹਾਂ।
ਉਹ ਤਾਂ ਕੇਵਲ ਚੋਲ਼ਾ ਬਦਲੇ ਕੌਣ ਕਹੇ ਮਾਂ ਮਰ ਜਾਂਦੀ ਹੈ।
ਉਹ ਤਾਂ ਆਪਣੀ ਸਾਰੀ ਪੂੰਜੀ ਬੱਚਿਆਂ ਦੇ ਵਿੱਚ ਧਰ ਜਾਂਦੀ ਹੈ।
ਪ੍ਰਿੰਸੀਪਲ ਸੁਖਵੰਤ ਸਿੰਘ ਦੇ ਭੈਣ ਭਰਾਵਾਂ ਨੂੰ ਮਿਲ ਕੇ ਮੈਂ ਇੰਜ ਹੀ ਮਹਿਸੂਸ ਕੀਤਾ।
'
ਅਜਬ ਸਰੂਰ ਜਿਹਾ ਇੱਕ ਮਿਲਦੈ ਸ਼ਹਿਰ ਤੇਰੇ ਚੋਂ ਲੰਘਦਿਆਂ ਵੀ।
ਰਹਿ ਨਹੀਂ ਹੋਇਆ ,ਕਹਿ ਦਿੱਤਾ ਹੈ ਤੈਨੂੰ ਇਹ ਮੈਂ ਸੰਗਦਿਆਂ ਵੀ।
ਨੀਮ ਜ਼ਹਿਰ ਵਿੱਚ ਘੂਕ ਪਿਆ ਹਾਂ ਕੈਸਾ ਡੰਗ ਚਲਾਇਆ ਹੈ ਤੂੰ,
ਸ਼ੁਕਰ ਤੇਰਾ ਤੂੰ ਚੇਤੇ ਰੱਖੀ ਰਿਸ਼ਤੇਦਾਰੀ ਡੰਗਦਿਆਂ ਵੀ।
ਇਹ ਤਾਂ ਐਵੇਂ ਲੱਗਦੈ ਤੈਨੂੰ ਅੱਜ ਮੁਹੱਬਤ ਖ਼ਤਰੇ ਵਿੱਚ ਹੈ,
ਕਸਰ ਨਹੀਂ ਸੀ ਛੱਡੀ ਕੋਈ ਚਾਚੇ ਤਾਇਆਂ ਝੰਗ ਦਿਆਂ ਵੀ।
ਬਣ ਚੰਬੇਲੀ, ਰਾਤ ਦੀ ਰਾਣੀ ਸਾਹੀਂ ਵੱਸ ਜਾ ਲਾਜਵੰਤੀਏ,
ਸੱਚ ਪੁੱਛੇਂ ਤਾਂ ਡਰ ਜਾਂਦਾ ਹਾਂ,ਇਹ ਤੇਰੇ ਤੋਂ ਮੰਗਦਿਆਂ ਵੀ।
ਗ਼ਜ਼ਲ
ਗੁਰਭਜਨ ਗਿੱਲ