25 ਹਜ਼ਰ ਡਾਲਰ ਦਾ “ਢਾਹਾਂ ਪੁਰਸਕਾਰ” ਲਹਿੰਦੇ ਪੰਜਾਬ ਦੇ ਨਾਵਲਕਾਰ ਨੈਨ ਸੁਖ ਨੂੰ ਦੇਣ ਦਾ ਐਲਾਨ
ਦੂਜਾ ਇਨਾਮ ਬਲਬੀਰ ਮਾਧੋਪੁਰੀ ਅਤੇ ਸਰਘੀ ਨੂੰ ਮਿਲੇਗਾ
ਹਰਦਮ ਮਾਨ, ਬਾਬੂਸ਼ਾਹੀ ਨੈੱਟਵਰਕ
ਸਰੀ, 15 ਅਕਤੂਬਰ 2021- ਵੈਨਕੂਵਰ (ਕੈਨੇਡਾ) ਦੇ ਢਾਹਾਂ ਪਰਿਵਾਰ ਵੱਲੋਂ ਦਿੱਤਾ ਜਾਣ ਵਾਲਾ ਦੱਖਣੀ ਏਸ਼ੀਆਈ ਸਵਦੇਸ਼ੀ ਭਾਸ਼ਾਵਾਂ ਦਾ ਸਭ ਤੋਂ ਵੱਡਾ 25 ਹਜ਼ਾਰ ਡਾਲਰ ਦਾ ਸਾਹਿਤਕ ਪੁਰਸਕਾਰ “ਢਾਹਾਂ ਪੁਰਸਕਾਰ” ਇਸ ਵਾਰ ਲਹਿੰਦੇ ਪੰਜਾਬ ਦੇ ਨਾਵਲਕਾਰ ਨੈਨ ਸੁਖ ਦੇ ਨਾਵਲ “ਜੋਗੀ ਸੱਪ ਤਰਾਹ” ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ। 10-10 ਹਜ਼ਾਰ ਡਾਲਰ ਦੇ ਦੋ ਹੋਰ ਪੁਰਸਕਾਰਾਂ ਲਈ ਬਲਬੀਰ ਮਾਧੋਪੁਰੀ ਦੇ ਨਾਵਲ “ਮਿੱਟੀ ਬੋਲ ਪਈ” ਅਤੇ ਕਹਾਣੀਕਾਰਾ ਸਰਘੀ ਦੇ ਕਹਾਣੀ ਸੰਗ੍ਰਹਿ ‘ਆਪਣੇ ਆਪਣੇ ਮਰਸੀਏ” ਨੂੰ ਚੁਣਿਆ ਗਿਆ ਹੈ।
ਅੱਜ ਵੈਨਕੂਵਰ ਦੇ ਰੌਸ ਸਟਰੀਟ ਤੇ ਸਥਿਤ ਕਾਮਾਗਾਟਾਮਾਰੂ ਮਿਊਜ਼ੀਅਮ ਵਿਚ ਇਕ ਸੰਖੇਪ ਸਮਾਗਮ ਦੌਰਾਨ ਇਹ ਐਲਾਨ ਬਰਜ ਢਾਹਾਂ, ਹਰਿੰਦਰ ਕੌਰ ਅਤੇ ਸਾਧੂ ਸਿੰਘ ਬਿਨਿੰਗ ਨੇ ਕੀਤਾ। ਉਨ੍ਹਾ ਕਿਹਾ ਕਿ ਇਸ ਪੁਰਸਕਾਰ ਦਾ ਉਦੇਸ਼ ਸਰਹੱਦਾਂ ਤੋਂ ਪਾਰ ਪੰਜਾਬੀ ਸਾਹਿਤ ਦੀ ਸਿਰਜਣਾ, ਵਿਸ਼ਵ ਭਰ ਦੇ ਪੰਜਾਬੀ ਭਾਈਚਾਰਿਆਂ ਨੂੰ ਜੋੜਨਾ ਅਤੇ ਵਿਸ਼ਵ ਪੱਧਰ ਤੇ ਪੰਜਾਬੀ ਸਾਹਿਤ ਨੂੰ ਉਤਸ਼ਾਹਿਤ ਕਰਨਾ ਹੈ।
ਜ਼ਿਕਰਯੋਗ ਹੈ ਕਿ ਇਸ ਐਵਾਰਡ ਦੀ ਸਥਾਪਨਾ ਕੈਨੇਡਾ ਇੰਡੀਆ ਐਜੂਕੇਸ਼ਨ ਸੁਸਾਇਟੀ ਦੁਆਰਾ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੇ ਏਸ਼ੀਅਨ ਸਟੱਡੀਜ਼ ਵਿਭਾਗ ਦੇ ਸਹਿਯੋਗ ਨਾਲ ਕੀਤੀ ਗਈ ਹੈ। ਇਸ ਵਾਰ ਇਹ ਅੱਠਵਾਂ ਐਵਾਰਡ ਸੀ। ਇਹ ਪਹਿਲੀ ਵਾਰ ਕਿ ਕਿਸੇ ਸ਼ਾਹਮੁਖੀ ਲਿਪੀ ਦੀ ਪੁਸਤਕ ਨੂੰ ਪਹਿਲਾ ਇਨਾਮ ਹਾਸਲ ਹੋਇਆ ਹੈ। ਇਸ ਤੋਂ ਪਹਿਲੇ ਸੱਤ ਐਵਾਰਡ ਗੁਰਮੁਖੀ ਲਿਪੀ ਦੀਆਂ ਵਾਰਤਕ ਪੁਸਤਕਾਂ ਦੇ ਹਿੱਸੇ ਹੀ ਆਏ ਹਨ।