ਮੋਹਾਲੀ, 17 ਫਰਵਰੀ 2018 :
ਵਾਰਡ ਨੰਬਰ 29 ਤੋਂ ਮਿਉਂਸਿਪਲ ਕੌਂਸਲਰ ਬੀਬੀ ਉਪਿੰਦਰਪ੍ਰੀਤ ਕੌਰ ਦੀ ਪਲੇਠੀ ਪੁਸਤਕ 'ਸਟੋਰੀਜ਼ ਆਫ਼ ਸਮੋਕ ਐਂਡ ਲਾਈਫ਼' ਅੱਜ ਸ. ਨੌਨਿਹਾਲ ਸਿੰਘ, ਇੰਸਪੈਕਟਰ ਜਨਰਲ ਆਫ਼ ਪੁਲਿਸ, ਪੰਜਾਬ ਵੱਲੋਂ ਰਿਲੀਜ਼ ਕੀਤੀ ਗਈ। ਅੰਗਰੇਜ਼ੀ 'ਚ ਲਿਖੀ ਇਹ ਪੁਸਤਕ ਛੋਟੀਆਂ ਕਹਾਣੀਆਂ 'ਤੇ ਅਧਾਰਿਤ ਹੈ ਜੋ ਲੇਖਿਕਾ ਨੇ ਤੰਬਾਕੂ ਕੰਟਰੋਲ ਦਾ ਕਾਰਜ ਕਰਦੇ ਸਮੇਂ ਜ਼ਮੀਨੀ ਪੱਧਰ 'ਤੇ ਦੇਖੀਆਂ। ਦੱਸਣਯੋਗ ਹੈ ਕਿ ਬੀਬੀ ਉਪਿੰਦਰਪ੍ਰੀਤ ਕੌਰ, ਮਰਹੂਮ ਅਮਤੇਸ਼ਵਰ ਕੌਰ ਦੀ ਧੀ ਹੈ ਜਿਨ੍ਹਾਂ ਨੇ 1996 ਵਿੱਚ ਤੰਬਾਕੂ ਦੀ ਵਰਤੋਂ ਵਿਰੁੱਧ ਸਰਗਰਮੀਆਂ ਕਰਨ ਲਈ ਸੰਸਥਾ ਜਨਰੇਸ਼ਨ ਸੇਵੀਅਰ ਐਸੋਸੀਏਸ਼ਨ ਦਾ ਗਠਨ ਕੀਤਾ। 3 ਅਪ੍ਰੈਲ 2015 ਨੂੰ ਬੀਬੀ ਅਮਤੇਸ਼ਵਰ ਕੌਰ ਦਾ ਦੇਹਾਂਤ ਹੋਣ ਤੋਂ ਬਾਅਦ ਇਹ ਕਾਰਜ ਉਹਨਾਂ ਦੀ ਧੀ ਬੀਬੀ ਉਪਿੰਦਰਪ੍ਰੀਤ ਕੌਰ ਨੇ ਆਪਣੇ ਹੱਥਾਂ ਵਿੱਚ ਲਿਆ ਜੋ ਕਿ ਅੱਜ ਤੱਕ ਜਾਰੀ ਹੈ। ਇਸ ਮੌਕੇ ਬੋਲਦਿਆਂ ਬੀਬੀ ਉਪਿੰਦਰਪ੍ਰੀਤ ਕੌਰ ਨੇ ਕਿਹਾ ਕਿ ਉਹਨਾਂ ਦੀ ਇਹ ਪਲੇਠੀ ਪੁਸਤਕ ਜ਼ਮੀਨੀ ਪੱਧਰ 'ਤੇ ਹੋਏ ਤਜਰਬਿਆਂ 'ਤੇ ਅਧਾਰਿਤ ਹੈ ਅਤੇ ਇਸ ਵਿੱਚ ਤੰਬਾਕੂ ਖਾਣ-ਪੀਣ ਕਾਰਨ ਪੈਦਾ ਹੋਏ ਦੁੱਖਾਂ ਨੂੰ ਬਿਆਨ ਕੀਤਾ ਗਿਆ ਹੈ। ਉਹਨਾਂ ਕਿਹਾ ਕਿ ਪੁਸਤਕ ਦਾ ਉਦੇਸ਼ ਤੰਬਾਕੂ ਵਿਰੁੱਧ ਲੋਕ ਲਹਿਰ ਨੂੰ ਹੱਲਾਸ਼ੇਰੀ ਦੇਣਾ ਹੈ ਅਤੇ ਨੌਜਵਾਨਾਂ ਦੀ ਇਸ ਮੁਹਿੰਮ ਵਿੱਚ ਸ਼ਮੂਲੀਅਤ ਕਰਵਾਉਣਾ ਹੈ। ਉਹਨਾਂ ਪੁਸਤਕ ਆਪਣੀ ਮਾਂ ਮਰਹੂਮ ਸ਼੍ਰੀਮਤੀ ਅਮਤੇਸ਼ਵਰ ਕੌਰ ਨੂੰ ਸਮਰਪਿਤ ਕੀਤੀ ਅਤੇ ਕਿਹਾ ਕਿ ਇਸ ਪੁਸਤਕ ਤੋਂ ਇਕੱਠੀ ਹੋਈ ਰਕਮ ਤੰਬਾਕੂ ਕੰਟਰੋਲ ਦੇ ਕਾਰਜਾਂ ਵਿੱਚ ਲਗਾਈ ਜਾਵੇਗੀ। ਉਹਨਾਂ ਕਿਹਾ ਕਿ ਬੀਬੀ ਮਨਪ੍ਰੀਤ ਕੌਰ ਨੇ ਕਿਤਾਬ ਦੀ ਹਰ ਕਹਾਣੀ ਲਈ ਇੱਕ ਪੇਟਿੰਗ ਵੀ ਬਣਾਈ ਹੈ ਜਿਸ ਨੂੰ ਕਿਤਾਬ ਵਿੱਚ ਸ਼ਾਮਲ ਕੀਤਾ ਗਿਆ। ਉਹਨਾਂ ਦਾਅਵਾ ਕੀਤਾ ਕਿ ਇਹ ਕਿਤਾਬ ਉਹਨਾਂ ਲਈ ਵਰਦਾਨ ਸਿੱਧ ਹੋ ਸਕਦੀ ਹੈ ਜੋ ਤੰਬਾਕੂ ਦੀ ਵਰਤੋਂ ਦੀ ਆਦਤ ਨੂੰ ਛੱਡਣਾ ਚਾਹੁੰਦੇ ਹਨ। ਪ੍ਰੋਗਰਾਮ ਦੌਰਾਨ ਉਹਨਾਂ ਕਿਤਾਬ 'ਚੋਂ ਇੱਕ ਰਿਹਾਨਾ ਨਾਂ ਦੀ ਕੁੜੀ ਦੀ ਕਹਾਣੀ 'ਐਂਡ ਦ ਮਿਊਜ਼ਿਕ ਡਾਈਡ' ਪੜ੍ਹ ਕੇ ਸੁਣਾਈ ਜੋ ਤੰਬਾਕੂ ਦੀ ਆਦਤ 'ਚ ਗ੍ਰਸਤ ਸੀ। ਸਮਾਗਮ ਦੌਰਾਨ ਸ. ਨੌਨਿਹਾਲ ਸਿੰਘ ਨੇ ਬੋਲਦਿਆ ਕਿਹਾ ਕਿ ਡਬਲਿਊ.ਐਚ.ਓ. ਦੇ ਅੰਕੜਿਆਂ ਮੁਤਾਬਕ ਭਾਰਤ ਵਿੱਚ ਹਾਰ ਤਕਰੀਬਨ 10 ਲੱਖ ਮੌਤਾਂ ਹੋ ਰਹੀਆਂ ਹਨ ਜੋ ਕਿ ਸਾਡੇ ਸਾਰਿਆਂ ਲਈ ਇੱਕ ਚੁਣੌਤੀ ਹੈ। ਇਸ ਦੌਰਾਨ ਵੀ ਉਹਨਾਂ ਤੰਬਾਕੂ ਕੰਪਨੀਆਂ ਦੇ ਦਿਨ ਪ੍ਰਤੀ ਦਿਨ ਵਧ ਰਹੇ ਮੁਨਾਫਿਆਂ ਦੀ ਗੱਲ ਵੀ ਕੀਤੀ। ਉਹਨਾਂ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਜਿੰਨੇ ਵੀ ਇਸ ਖੇਤਰ 'ਚ ਯਤਨ ਹੋ ਰਹੇ ਹਨ ਉਹਨਾਂ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਉਣ ਦੀ ਲੋੜ ਹੈ। ਉਹਨਾਂ ਕਿਹਾ ਕਿ ਸਿਗਰਟ ਛੱਡਣਾ ਬਹੁਤ ਹੀ ਮੁਸ਼ਕਿਲ ਹੈ ਅਤੇ ਕਈ ਵਾਰ ਤਾਂ ਛੱਡਦੇ-ਛੱਡਦੇ ਹੀ ਜਿੰਦਗੀ ਨਿਕਲ ਜਾਂਦੀ ਹੈ। ਉਹਨਾਂ ਕਿਹਾ ਕਿ ਜ਼ਮੀਨੀ ਤਜਰਬਿਆਂ ਨੂੰ ਕਿਤਾਬ ਦਾ ਰੂਪ ਦੇਣ ਬਹੁਤ ਵਧੀਆ ਉਪਰਾਲਾ ਹੈ ਅਤੇ ਨੌਜਵਾਨਾਂ ਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ। ਸਟੇਜ ਸੰਚਾਲਨ ਸੰਸਥਾ ਦੇ ਸੀਨੀਅਰ ਮੈਂਬਰ ਹਾਕਮ ਸਿੰਘ ਜਵੰਧਾ ਨੇ ਕੀਤਾ। ਇਸ ਦੌਰਾਨ ਸਿਹਤ ਵਿਭਾਗ ਤੋਂ ਡਿਪਟੀ ਡਾਇਰੈਕਟਰ ਡਾ. ਰਾਕੇਸ਼ ਗੁਪਤਾ, ਪੀਜੀਆਈ ਚੰਡੀਗੜ੍ਹ ਤੋਂ ਡਾ. ਸੋਨੂੰ ਗੋਇਲ ਵੀ ਹਾਜਰ ਸਨ।