← ਪਿਛੇ ਪਰਤੋ
ਪਟਿਆਲਾ, 2 ਜਨਵਰੀ, 2017 : ਸਕੂਲ ਦੇ ਬੱਚਿਆਂ ਵੱਲੋਂ ਤਿਆਰ ਕੀਤੀ ਜਾਣ ਵਾਲੀ ਤ੍ਰੈ-ਮਾਸਿਕ ਰਸਾਲਾ ਬਾਲਪ੍ਰੀਤ ਦੇ ' ਪੰਛੀ ਸਾਡੇ ਮਿੱਤਰ ਪਿਆਰੇ' ਵਿਸ਼ੇਸ਼ ਅੰਕ ਦੀ ਘੁੰਡ ਚੁਕਾਈ ਦੀ ਰਸਮ ਅੱਜ ਮਿੰਨੀ ਸਕੱਤਰੇਤ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਸਿੰਘ ਨੇ ਅਦਾ ਕੀਤੀ। ਇਸ ਮੌਕੇ ਆਯੋਜਿਤ ਕੀਤੀ ਗਈ ਬਾਲ ਭਲਾਈ ਕੌਂਸਲ ਦੀ ਮੀਟਿੰਗ ਵਿੱਚ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪੰਜਾਬੀ ਵਿੱਚ ਪ੍ਰਕਾਸ਼ਿਤ ਕੀਤਾ ਜਾਣ ਵਾਲਾ ਇਹ ਆਪਣੀ ਤਰ੍ਹਾਂ ਦਾ ਪਹਿਲਾ ਰਸਾਲਾ ਹੈ ਜਿਸ ਨੂੰ ਕੇਵਲ ਸਕੂਲੀ ਵਿਦਿਆਰਥੀਆਂ ਦੀ ਰਚਨਾਵਾਂ ਤੇ ਪੇਟਿੰਗ ਦੀ ਸਹਾਇਤਾ ਨਾਲ ਪ੍ਰਕਾਸ਼ਿਤ ਕੀਤਾ ਜਾਂਦਾ ਹੈ। ਰਸਾਲੇ ਦੇ 19 ਵੇਂ ਅੰਕ ਤੇ ਉਹਨਾਂ ਨੇ ਸੰਪਾਦਕੀ ਬੋਰਡ ਦੇ ਮੈਂਬਰਾਂ ਅਤੇ ਸਕੂਲ ਦੇ ਪ੍ਰਿੰਸੀਪਲਾਂ ਨੂੰ ਵਧਾਈ ਦਿੰਦਿਆਂ ਸ਼੍ਰੀ ਰਾਮਵੀਰ ਸਿੰਘ ਨੇ ਕਿਹਾ ਕਿ ਇਸ ਤਰ੍ਹਾਂ ਦੀਆਂ ਗਤੀਵਿਧੀਆਂ ਬੱਚਿਆਂ ਵਿੱਚ ਛੁਪੀ ਪ੍ਰਤਿਭਾ ਨੂੰ ਤਰਾਸਣ ਵਿੱਚ ਸਹਾਈ ਹੁੰਦੀਆਂ ਹਨ। ਰਸਾਲੇ ਦੇ ਆਰਨੇਰੀ ਸੰਪਾਦਕ ਡਾ. ਦਰਸ਼ਨ ਸਿੰਘ ਆਸ਼ਟ ਨੇ ਦੱਸਿਆ ਕਿ ਰਸਾਲੇ ਦਾ ਹਰ ਅੰਕ ਕਿਸੇ ਨਾ ਕਿਸੇ ਵਿਸ਼ੇ ਤੇ ਹੀ ਕੱਢਿਆ ਜਾਂਦਾ ਹੈ। ਇਸ ਵਾਰੀ ਇਹ ਅੰਕ ' ਪੰਛੀ ਸਾਡੇ ਮਿੱਤਰ ਪਿਆਰੇ' ਵਿਸ਼ੇ 'ਤੇ ਹੈ। ਇਸ ਮੌਕੇ ਸੰਪਾਦਕੀ ਬੋਰਡ ਦੇ ਮੈਂਬਰ ਡਾ: ਹਰਸ਼ਿੰਦਰ ਕੌਰ ਨੇ ਅਤੇ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਸ਼੍ਰੀਮਤੀ ਅਨੀਤਾਪ੍ਰੀਤ ਕੌਰ ਨੇ ਛੋਟੀਆਂ ਬੱਚੀਆਂ ਤੇ ਲੜਕੀਆਂ ਨਾਲ ਹੁੰਦੀ ਛੇੜਛਾੜ ਵਰਗੀਆਂ ਸਮਾਜਿਕ ਕੁਰੀਤੀਆਂ ਬਾਰੇ ਬੱਚੀਆਂ ਨੂੰ ਸੁਚੇਤ ਕਰਨ ਵਾਲਾ ਸਾਹਿਤ ਪ੍ਰਕਾਸ਼ਿਤ ਕਰਨ ਦੀ ਸਲਾਹ ਵੀ ਦਿੱਤੀ। ਇਸ ਮੌਕੇ ਡਾ. ਪ੍ਰਿਤਪਾਲ ਸਿੰਘ ਸਿੱਧੂ, ਸ਼੍ਰੀ ਸਤਪਾਲ ਸਿੰਘ ਬਲਾਸੀ ਆਈ.ਸੀ.ਟੀ. ਕੋਆਰਡੀਨੇਟਰ ਤੇ ਹੋਰ ਪਤਵੰਤੇ ਵੀ ਹਾਜ਼ਰ ਸਨ।
Total Responses : 267