ਮਨਜੀਤ ਕੌਰ ਮੀਤ ਦਾ ਕਹਾਣੀ ਸੰਗ੍ਰਹਿ 'ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ' ਲੋਕ ਅਰਪਣ ਤੇ ਵਿਚਾਰ ਚਰਚਾ
ਹਰਜਿੰਦਰ ਸਿੰਘ ਭੱਟੀ
ਐਸ.ਏ.ਐਸ. ਨਗਰ 2 ਨਵੰਬਰ 2022 - ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੋਹਾਲੀ) ਦੇ ਵਿਹੜੇ ਅੱਜ ਮਿਤੀ 02 ਨਵੰਬਰ 2022 ਨੂੰ ਮਨਜੀਤ ਕੌਰ ਮੀਤ ਦੇ ਮਿੰਨੀ ਕਹਾਣੀ ਸੰਗ੍ਰਹਿ 'ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ' ਨੂੰ ਲੋਕ ਅਰਪਣ ਅਤੇ ਵਿਚਾਰ ਚਰਚਾ ਆਯੋਜਿਤ ਕੀਤੀ ਗਈ। ਸਮਾਗਮ ਦੀ ਪ੍ਰਧਾਨਗੀ ਉੱਘੇ ਕਹਾਣੀਕਾਰ ਜਸਪਾਲ ਮਾਨਖੇੜਾ ਵੱਲੋਂ ਕੀਤੀ ਗਈ। ਇਸ ਮੌਕੇ ਚੰਡੀਗੜ੍ਹ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੰਘ ਸਿੱਧੂ ਵੱਲੋਂ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ।
ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਪੰਜਾਬ ਦੀ ਵਿਭਾਗੀ ਧੁਨੀ 'ਧਨੁ ਲੇਖਾਰੀ ਨਾਨਕਾ' ਨਾਲ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਸ਼ਿਰਕਤ ਕਰਨ ਲਈ ਪਹੁੰਚੇ ਮੁੱਖ ਮਹਿਮਾਨਾਂ, ਸਾਹਿਤਕਾਰਾਂ ਅਤੇ ਪਤਵੰਤੇ ਸੱਜਣਾਂ ਨੂੰ 'ਜੀ ਆਇਆਂ ਨੂੰ' ਕਹਿੰਦਿਆਂ ਭਾਸ਼ਾ ਵਿਭਾਗ ਪੰਜਾਬ ਦੁਆਰਾ ਕੀਤੇ ਜਾ ਰਹੇ ਕੰਮਾਂ ਅਤੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਦੀਆਂ ਪ੍ਰਾਪਤੀਆਂ ਤੋਂ ਹਾਜ਼ਰੀਨ ਨੂੰ ਜਾਣੂ ਕਰਵਾਇਆ ਗਿਆ। ਉਹਨਾਂ ਵੱਲੋਂ ਕਰਵਾਏ ਜਾ ਰਹੇ ਪ੍ਰੋਗਰਾਮ ਦੀ ਰੂਪਰੇਖਾ ਸਾਂਝੀ ਕਰਕੇ ਮਿੰਨੀ ਕਹਾਣੀ ਸੰਗ੍ਰਹਿ 'ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ' ਨੂੰ ਲੋਕ ਅਰਪਣ ਕੀਤਾ ਗਿਆ ਅਤੇ ਵਿਚਾਰ ਚਰਚਾ ਦਾ ਆਗਾਜ਼ ਕੀਤਾ ਗਿਆ।
ਪ੍ਰਸਿੱਧ ਸਾਹਿਤਕਾਰ ਗੁਰਨਾਮ ਕੰਵਰ ਜੀ ਵੱਲੋਂ 'ਬਾਬਲ ਮੇਰੀਆਂ ਗੁੱਡੀਆਂ ਤੇਰੇ ਘਰ ਰਹਿ ਗਈਆਂ' ਬਾਰੇ ਚਰਚਾ ਦੀ ਸ਼ੁਰੂਆਤ ਕਰਦਿਆਂ ਕਿਹਾ ਗਿਆ ਕਿ ਇਹ ਬਹੁਅਰਥੀ ਅਤੇ ਬਹੁ ਪਾਸਾਰੀ ਕਹਾਣੀਆਂ ਸੱਚੀਆਂ ਕਹਾਣੀਆਂ ਹਨ। ਇਸ ਕਰਕੇ ਇਹ ਹਰ ਪਾਠਕ ਨੂੰ ਆਪਣੀਆਂ ਲੱਗਦੀਆਂ ਹਨ। ਮੁੱਖ ਮਹਿਮਾਨ ਬਲਕਾਰ ਸਿੰਘ ਸਿੱਧੂ ਪ੍ਰਧਾਨ ਚੰਡੀਗੜ੍ਹ ਲੇਖਕ ਸਭਾ ਵੱਲੋਂ ਮਨਜੀਤ ਕੌਰ ਮੀਤ ਨੂੰ ਵਧਾਈ ਦਿੰਦੇ ਹੋਏ ਇਸ ਕਹਾਣੀ ਸੰਗ੍ਰਹਿ ਨੂੰ ਲੇਖਿਕਾ ਦੇ ਵਿਸ਼ਾਲ ਜੀਵਨ ਅਨੁਭਵ ਦੇ ਨਿਚੋੜ ਨੂੰ ਕਲਮਬੱਧ ਕਰਕੇ ਕਹਾਣੀ ਰੂਪ ਵਿਚ ਪੇਸ਼ ਕੀਤਾ ਹੈ। ਸਮਾਗਮ ਦੀ ਪ੍ਰਧਾਨਗੀ ਕਰ ਰਹੇ ਉੱਘੇ ਕਹਾਣੀਕਾਰ ਜਸਪਾਲ ਮਾਨਖੇੜਾ ਵੱਲੋਂ ਸਮੁੱਚੀ ਵਿਚਾਰ ਚਰਚਾ ਉਪਰੰਤ ਟਿੱਪਣੀ ਕਰਦਿਆਂ ਮਨਜੀਤ ਕੌਰ ਮੀਤ ਜੀ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਉਹਨਾਂ ਦੀਆਂ ਕਹਾਣੀਆਂ ਵੱਖ-ਵੱਖ ਵਿਸ਼ਿਆਂ ਦਾ ਗੁਲਦਸਤਾ ਹੋਣ ਕਾਰਨ ਇਹ ਪੁਸਤਕ ਕੇਵਲ ਪੜ੍ਹਨਯੋਗ ਨਹੀਂ ਸਗੋਂ ਮਾਣਨਯੋਗ ਹੈ।
ਗੁਰਪ੍ਰੀਤ ਸਿੰਘ ਨਿਆਮੀਆਂ ਵੱਲੋਂ ਹਥਲੀ ਪੁਸਤਕ ਬਾਰੇ ਕਿਹਾ ਕਿ ਇਹ ਕਹਾਣੀਆਂ ਲੇਖਿਕਾ ਮਨਜੀਤ ਕੌਰ ਮੀਤ ਦੇ ਜੀਵਨ ਤਜ਼ਰਬਿਆਂ ਦੀ ਪੈਦਾਇਸ਼ ਹਨ। ਦੀਪਕ ਕੁਮਾਰ ਚਨਾਰਥਲ ਵੱਲੋਂ ਕਿਹਾ ਗਿਆ ਕਿ ਵਿਭਿੰਨ ਵਿਸ਼ਿਆਂ ਨਾਲ ਲੈਸ ਇਨ੍ਹਾਂ ਕਹਾਣੀਆਂ ਵਿਚ ਵੱਡੀਆਂ ਰਮਜ਼ਾਂ ਲੁਕੀਆਂ ਹਨ। ਡਾ. ਲਾਭ ਸਿੰਘ ਖੀਵਾ ਵੱਲੋਂ ਕਿਹਾ ਗਿਆ ਕਿ ਮਨਜੀਤ ਕੌਰ ਮੀਤ ਦੀਆਂ ਕਹਾਣੀਆਂ ਦੇ ਕਿਰਦਾਰ ਆਲੇ-ਦੁਆਲੇ ਵਿਚਰਦੇ ਮਹਿਸੂਸ ਹੁੰਦੇ ਹਨ।
ਇਸ ਮੌਕੇ ਦਵਿੰਦਰ ਕੌਰ ਢਿੱਲੋਂ, ਬਲਵਿੰਦਰ ਸਿੰਘ ਢਿੱਲੋਂ ਅਤੇ ਸ਼ਾਇਰ ਭੱਟੀ ਨੇ ਆਪਣੀਆਂ ਰਚਨਾਵਾਂ ਨਾਲ ਮਾਹੌਲ ਨੂੰ ਨਿਵੇਕਲਾ ਰੰਗ ਪ੍ਰਦਾਨ ਕੀਤਾ। ਇਹਨਾਂ ਤੋਂ ਇਲਾਵਾ ਵਿਚਾਰ ਚਰਚਾ ਵਿੱਚ ਮੌਜੂਦ ਸ੍ਰੋਤਿਆਂ ਜਿਵੇਂ ਸਿਰੀ ਰਾਮ ਅਰਸ਼, ਪਰਵੀਨ ਸੰਧੂ, ਸਰਦਾਰਾ ਸਿੰਘ ਚੀਮਾ, ਰਣਬੀਰ ਰਾਣਾ, ਜਗਮੇਲ ਸਿੰਘ ਬਠਿੰਡਾ, ਮਲਕੀਅਤ ਬਸਰਾ, ਕੇਲਵ ਸਿੰਘ ਰਾਬ, ਜਗਦੀਪ ਕੌਰ ਨੂਰਾਨੀ, ਊਸ਼ਾ ਕੰਵਰ, ਰਾਧਾ ਰਾਣੀ, ਹਰਸ਼ਰਨ ਸਿੰਘ, ਸਤਵਿੰਦਰ ਕੌਰ, ਸੱਚਪ੍ਰੀਤ ਖੀਵਾ, ਨੀਰਜ ਕੁਮਾਰ, ਲਖਵਿੰਦਰ ਸਿੰਘ ਚੀਮਾ, ਕਮਲ ਬਠਿੰਡਾ, ਰਾਜਦੀਪ ਕੌਰ ਮੁਲਤਾਨੀ ਆਦਿ ਵੱਲੋਂ ਵੀ ਸ਼ਿਰਕਤ ਕੀਤੀ ਗਈ।
ਸਮਾਗਮ ਦੇ ਅੰਤ ਵਿਚ ਜ਼ਿਲ੍ਹਾ ਭਾਸ਼ਾ ਅਫਸਰ ਡਾ. ਦਵਿੰਦਰ ਸਿੰਘ ਬੋਹਾ ਵੱਲੋਂ ਮੁੱਖ ਮਹਿਮਾਨਾਂ ਅਤੇ ਬੁਲਾਰਿਆਂ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ ਅਤੇ ਹੋਰ ਪਤਵੰਤੇ ਸੱਜਣਾਂ ਦਾ ਇਸ ਸਮਾਗਮ ਵਿਚ ਪਹੁੰਚਣ ਲਈ ਧੰਨਵਾਦ ਕੀਤਾ। ਮੰਚ ਸੰਚਾਲਨ ਜ਼ਿਲ੍ਹਾ ਖੋਜ ਅਫ਼ਸਰ ਦਰਸ਼ਨ ਕੌਰ ਵੱਲੋਂ ਕੀਤਾ ਗਿਆ। ਇਸ ਸਮਾਗਮ ਦੌਰਾਨ ਜਤਿੰਦਰਪਾਲ ਸਿੰਘ, ਮਨਜੀਤ ਸਿੰਘ ਅਤੇ ਲਖਵਿੰਦਰ ਸਿੰਘ ਵੀ ਹਾਜ਼ਰ ਸਨ। ਇਸ ਮੌਕੇ ਜ਼ਿਲ੍ਹਾ ਭਾਸ਼ਾ ਦਫ਼ਤਰ ਮੋਹਾਲੀ ਵੱਲੋਂ ਪੁਸਤਕ ਪ੍ਰਦਰਸ਼ਨੀ ਵੀ ਲਗਾਈ ਗਈ।