ਸੰਗੀਤ ਖੇਤਰ ਦੀਆਂ ਦੋ ਪੁਸਤਕਾਂ ਲੋਕ ਅਰਪਣ
ਪਟਿਆਲਾ, 28 ਜੂਨ 2023 - ਪੰਜਾਬੀ ਯੂਨੀਵਰਸਿਟੀ ਦੇ ਪਬਲੀਕੇਸ਼ਨ ਬਿਊਰੋ ਵੱਲੋਂ ਸੰਗੀਤ ਦੇ ਖੇਤਰ ਵਿੱਚ ਪ੍ਰਕਾਸਿ਼ਤ ਦੋ ਪੁਸਤਕਾਂ ਦਾ ਵਾਈਸ ਚਾਂਸਲਰ ਪ੍ਰੋ. ਅਰਵਿੰਦ ਵੱਲੋਂ ਲੋਕ-ਅਰਪਣ ਕੀਤਾ ਗਿਆ। 'ਖਿ਼ਆਲ ਗਾਇਨ ਦੀਆਂ ਉਸਤਾਦੀ ਬੰਦਿਸ਼ਾਂ' ਨਾਮਕ ਪੁਸਤਕ ਪੰਡਿਤ ਸੋਮਨਾਥ ਬੱਟੂ ਅਤੇ ਪ੍ਰੋ. ਯਸ਼ਪਾਲ ਸ਼ਰਮਾ ਵੱਲੋਂ ਲਿਖੀ ਗਈ ਹੈ ਜਦੋਂ ਕਿ 'ਉਸਤਾਦ ਅਮੀਰ ਖਾਂ : ਜੀਵਨ ਅਤੇ ਕਲਾ' ਨਾਮਕ ਪੁਸਤਕ ਪ੍ਰੋ. ਯਸ਼ਪਾਲ ਸ਼ਰਮਾ ਅਤੇ ਡਾ. ਸਾਕਸ਼ੀ ਸ਼ਰਮਾ ਵੱਲੋਂ ਲਿਖੀ ਗਈ ਹੈ। ਇਹ ਪੁਸਤਕਾਂ ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਪ੍ਰਾਜੈਕਟ ਰਾਹੀਂ ਪ੍ਰਕਾਸਿ਼ਤ ਹੋਈਆਂ ਹਨ।
ਪ੍ਰੋ. ਯਸ਼ਪਾਲ ਸ਼ਰਮਾ ਨੇ ਦੱਸਿਆ ਕਿ 'ਖਿ਼ਆਲ ਗਾਇਨ ਦੀਆਂ ਉਸਤਾਦੀ ਬੰਦਿਸ਼ਾਂ' ਪੁਸਤਕ ਮੁੱਖ ਰੂਪ ਵਿੱਚ ਕਿਰਿਆਤਮਕ ਸੰਗੀਤ ਨਾਲ਼ ਸੰਬੰਧਤ ਹੈ ਜਿਸ ਵਿੱਚ ਸ਼ਾਸਤਰੀ ਸੰਗੀਤ ਦੇ 90 ਰਾਗ ਦਰਜ ਕੀਤੇ ਗਏ ਹਨ। ਇਨ੍ਹਾਂ ਰਾਗਾਂ ਰਾਹੀਂ 250 ਦੇ ਕਰੀਬ ਬੰਦਿਸ਼ਾਂ ਪੇਸ਼ ਕੀਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਪੰਡਿਤ ਸੋਮਨਾਥ ਬੱਟੂ ਕੋਲ਼ ਪੰਜਾਬੀ ਬੰਦਿਸ਼ਾਂ ਦਾ ਵੱਡਾ ਖਜ਼ਾਨਾ ਹੈ ਜਿਸ ਬਾਰੇ ਉਨ੍ਹਾਂ ਪੰਡਿਤ ਜੀ ਨੂੰ ਬੇਨਤੀ ਕੀਤੀ ਸੀ ਕਿ ਇਹ ਖਜ਼ਾਨਾ ਅਜਾਈਂ ਨਾ ਚਲਿਆ ਜਾਵੇ। ਇਸ ਦਾ ਸੰਗੀਤ ਦੇ ਜਗਿਆਸੂਆਂ ਤੱਕ ਪਹੁੰਚਣਾ ਜ਼ਰੂਰੀ ਹੈ। ਉਨ੍ਹਾਂ ਦੱਸਿਆ ਕਿ ਇਹ ਪੁਸਤਕ ਉਨ੍ਹਾਂ ਵਿਦਿਆਰਥੀਆਂ ਲਈ ਲਾਹੇਵੰਦ ਸਾਬਿਤ ਹੋਵੇਗੀ ਜਿਨ੍ਹਾਂ ਨੂੰ ਉਸਤਾਦੀ ਬੰਦਿਸ਼ਾਂ ਸਿੱਖਣ ਲਈ ਜੱਦੋ ਜਹਿਦ ਕਰਨੀ ਪੈਂਦੀ ਸੀ।
ਦੂਜੀ ਪੁਸਤਕ 'ਉਸਤਾਦ ਅਮੀਰ ਖਾਂ : ਜੀਵਨ ਅਤੇ ਕਲਾ' ਬਾਰੇ ਬੋਲਦਿਆਂ ਪ੍ਰੋ. ਯਸ਼ਪਾਲ ਸ਼ਰਮਾ ਨੇ ਦੱਸਿਆ ਕਿ ਇਹ ਪੁਸਤਕ ਇੰਦੌਰ ਘਰਾਣੇ ਦੇ ਸੰਸਥਾਪਕ ਉਸਤਾਦ ਅਮੀਰ ਖਾਨ ਬਾਰੇ ਹੈ। ਉਨ੍ਹਾਂ ਦੱਸਿਆ ਕਿ ਉਹ ਖੁਦ ਇੰਦੌਰ ਘਰਾਣੇ ਨਾਲ਼ ਸੰਬੰਧਤ ਹੋਣ ਕਾਰਨ ਇਸ ਪ੍ਰਾਜੈਕਟ ਨਾਲ਼ ਭਾਵਨਾਤਮਕ ਰੂਪ ਵਿੱਚ ਜੁੜੇ ਹੋਏ ਸਨ।
ਪੁਸਤਕਾਂ ਦੇ ਲੋਕ-ਅਰਪਣ ਸਮੇਂ ਡੀਨ ਅਕਾਦਮਿਕ ਮਾਮਲੇ ਪ੍ਰੋ. ਅਸ਼ੋਕ ਤਿਵਾੜੀ, ਪਬਲੀਕੇਸ਼ਨ ਬਿਊਰੋ ਦੇ ਮੁਖੀ ਪ੍ਰੋ. ਸੁਰਜੀਤ ਸਿੰਘ, ਪੰਜਾਬੀ ਭਾਸ਼ਾ ਵਿਕਾਸ ਵਿਭਾਗ ਦੇ ਮੁਖੀ ਡਾ. ਪਰਮਿੰਦਰਜੀਤ ਕੌਰ ਅਤੇ ਪਬਲੀਕੇਸ਼ਨ ਬਿਊਰੋ ਦੇ ਕਰਮਚਾਰੀ ਵੀ ਮੌਜੂਦ ਰਹੇ।