ਡੈਲਟਾ, 24 ਅਗਸਤ, 2016 : ਹਰ ਮਹੀਨੇ ਦੇ ਤੀਜੇ ਮੰਗਲਵਾਰ, ਜਾਰਜ ਮੈਕੀ ਲਾਇਬਰੇਰੀ ਡੈਲਟਾ ਵਿਚ, ਪੰਜਾਬੀ ਸਾਹਿਤ ਨੂੰ ਸਮਰਪਤ ਮਨਾਈ ਜਾਂਦੀ ਕਾਵਿ-ਸ਼ਾਮ ਸੋਗੀ ਮਾਹੌਲ ਵਿਚ ਅਰੰਭ ਹੋਈ। ਸ਼ਾਮ ਦੇ ਸਾਢੇ ਛੇ ਵਜੇ ਮਹਿਫਲ ਜੁੜਦਿਆਂ ਹੀ ਇਸ ਪ੍ਰੋਗਰਾਮ ਦੇ ਸੰਚਾਲਕ ਮੋਹਨ ਗਿੱਲ ਨੇ ਸਰੋਤਿਆਂ ਨਾਲ ਇਕ ਸੋਗਮਈ ਖਬਰ ਸਾਂਝੀ ਕੀਤੀ ਕਿ ਪੰਜਾਬੀ ਦੇ ਸਿਰਮੌਰ ਨਾਵਲਕਾਰ ਪਦਮ ਸ਼੍ਰੀ ਗੁਰਦਿਆਲ ਸਿੰਘ ਅੱਜ ਸਦੀਵੀ ਵਿਛੋੜਾ ਦੇ ਗਏ ਹਨ। ਇਹ ਦੁਖਦਾਈ ਖਬਰ ਸੁਣਨ ਮਗਰੋਂ ਜਰਨੈਲ ਸਿੰਘ ਸੇਖਾ ਤੇ ਜਰਨੈਲ ਸਿੰਘ ਆਰਟਿਸਟ ਨੇ ਸ਼ਰਧਾਂਜਲੀ ਰੂਪ ਵਿਚ, ਸ੍ਰੋਮਣੀ ਸਾਹਿਤਕਾਰ ਨਾਲ ਬਿਤਾਏ ਸਮੇਂ ਦੀਆਂ ਕੁਝ ਯਾਦਾਂ ਸਰੋਤਿਆਂ ਨਾਲ ਸਾਂਝੀਆਂ ਕੀਤੀਆਂ। ਸਮੂਹ ਸਰੋਤਿਆਂ ਵਲੋਂ ਇਕ ਮਿੰਟ ਦਾ ਮੌਨ ਧਾਰਨ ਕਰ ਕੇ ਵਿਛੜੇ ਸਾਹਿਤਕਾਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਉਸ ਮਗਰੋਂ ਅਗਲੀ ਕਾਰਵਾਈ ਸ਼ੁਰੂ ਹੋਈ।
ਇਸ ਵਾਰ ਕਾਵਿ-ਸ਼ਾਮ ਦੇ ਸ਼ਾਇਰ ਸਨ, ਸਾਬਕਾ ਐਸ. ਡੀ. ਐਮ. ਹਰਚਰਨ ਸਿੰਘ ਸੰਧੂ ਅਤੇ ਨੌਜਵਾਨ ਗ਼ਜ਼ਲਗੋ ਦਵਿੰਦਰ ਗੌਤਮ। ਮੋਹਨ ਗਿੱਲ ਨੇ ਸ਼ਾਇਰ ਹਰਚਰਨ ਸਿੰਘ ਸੰਧੂ ਬਾਰੇ ਸੰਖੇਪ ਜਾਣਕਾਰੀ ਦੇਣ ਮਗਰੋਂ ਉਹਨਾਂ ਨੂੰ ਸਟੇਜ 'ਤੇ ਆਉਣ ਦਾ ਸੱਦਾ ਦਿੱਤਾ। ਸੰਧੂ ਸਾਹਿਬ ਨੇ ਬੜੇ ਰੌਚਕ ਢੰਗ ਨਾਲ ਆਪਣੇ ਸੰਘਰਸ਼ਮਈ ਜੀਵਨ ਦੀ ਗਾਥਾ ਸਰੋਤਿਆਂ ਨਾਲ ਸਾਂਝੀ ਕੀਤੀ ਅਤੇ ਨਾਲ ਦੀ ਨਾਲ ਆਪਣੇ ਕਵੀਸ਼ਰ ਪਿਤਾ, ਕਵੀ ਭਰਾ ਤੇ ਕਵਿਤਰੀ ਭੈਣ ਦੀ ਸ਼ਾਇਰੀ ਦੀਆਂ ਕੁਝ ਟੂਕਾਂ ਵੰਨਗੀ ਵਜੋਂ ਸਰੋਤਿਆਂ ਨੂੰ ਸੁਣਾਈਆਂ। ਸਮੇਂ ਦੀ ਸਮਾਪਤੀ ਦੇ ਨੇੜੇ ਪੁਜਦਿਆਂ ਉਹਨਾਂ ਆਪਣੀਆਂ ਕੁਝ ਗ਼ਜ਼ਲਾਂ ਤੇ ਨਜ਼ਮਾਂ ਵੀ ਸੁਣਾਈਆਂ, ਜਿਨ੍ਹਾਂ ਨੂੰ ਤਾੜੀਆਂ ਰਾਹੀਂ ਭਰਪੂਰ ਦਾਦ ਮਿਲੀ।
ਇਸ ਪ੍ਰੋਗਰਾਮ ਦੇ ਦੂਜੇ ਸੰਚਾਲਕ ਜਰਨੈਲ ਸਿੰਘ ਆਰਟਿਸਟ ਨੇ ਗ਼ਜ਼ਲਗੋ ਦਵਿੰਦਰ ਗੌਤਮ ਦੀ ਸਰੋਤਿਆਂ ਨਾਲ ਜਾਣ ਪਹਿਚਾਣ ਕਰਵਾ ਕੇ ਉਹਨਾਂ ਨੂੰ ਮੰਚ 'ਤੇ ਆਉਣ ਦਾ ਸੱਦਾ ਦਿੱਤਾ। ਦਵਿੰਦਰ ਗੌਤਮ ਨੇ ਮੰਚ 'ਤੇ ਆਉਂਦਿਆਂ ਪਹਿਲਾਂ ਆਪਣੇ ਸਾਹਿਤਕ ਗੁਰੂ ਕ੍ਰਿਸ਼ਨ ਭਨੋਟ ਤੋਂ ਅਸ਼ੀਰਵਾਦ ਲਿਆ ਤੇ ਫਿਰ ਦੱਸਿਆ ਕਿ ਮੈਂ ਹੁਣ ਤਕ ਅਨੇਕ ਥਾਈਂ ਆਪਣੀ ਸ਼ਾਇਰੀ ਸੋਰਤਿਆਂ ਨੂੰ ਸੁਣਾਈ ਹੈ ਪਰ ਕਿਸੇ ਰੂ ਬ ਰੂ ਪ੍ਰੋਗਰਾਮ ਵਿਚ ਸ਼ਾਮਲ ਹੋਣ ਦਾ ਪਹਿਲੀ ਵਾਰ ਮੌਕਾ ਮਿਲਿਆ ਹੈ ਜਿਸ ਲਈ ਮੈਂ ਪ੍ਰੋਗਰਾਮ ਦੇ ਸੰਚਾਲਕਾਂ; ਮੋਹਨ ਗਿੱਲ, ਜਰਨੈਲ ਸਿੰਘ ਆਰਟਿਸਟ ਤੇ ਜਰਨੈਲ ਸਿੰਘ ਸੇਖਾ ਦਾ ਧੰਨਵਾਦ ਕਰਦਾ ਹਾਂ। ਇਸ ਪ੍ਰੋਗਰਾਮ ਵਿਚ ਸ਼ਾਮਲ ਹੋ ਕੇ ਮੈਂ ਬੜਾ ਮਾਣ ਮਹਿਸੂਸ ਕਰਦਾ ਹਾਂ। ਉਸ ਤੋਂ ਮਗਰੋਂ ਗੌਤਮ ਨੇ ਆਪਣੇ ਬਚਪਨ, ਸਕੂਲ ਤੇ ਕਾਲਜ ਦੀ ਜ਼ਿੰਦਗੀ ਬਾਰੇ ਕਈ ਰੌਚਕ ਗੱਲਾਂ ਸਾਂਝੀਆਂ ਕਰਨ ਮਗਰੋਂ ਆਪਣੇ ਕੁਝ ਗੀਤ ਸੁਣਾਏ ਤੇ ਫਿਰ ਨਵੀਆਂ ਗ਼ਜ਼ਲਾਂ ਤਰੰਨਮ ਤੇ ਲੈਅ ਵਿਚ ਕਹੀਆਂ। ਗ਼ਜ਼ਲਾਂ ਦਾ ਹਰ ਸ਼ਿਅਰ ਦਾਦ ਦੇ ਕਾਬਲ ਸੀ। ਵੰਨਗੀ ਵਜੋਂ ਇਕ ਸ਼ਿਅਰ;
ਭਲਾ ਕਰਦੀ ਕਿਸਾਨੀ ਦਾ ਕਿਵੇਂ ਸਰਕਾਰ ਹੈ ਵੇਖੋ
ਉਹ ਦੇ ਕੇ ਕਰਜ਼ ਖੇਤਾਂ ਨੂੰ ਘਰਾਂ ਨੂੰ ਖਾ ਗਈ ਮੁੜ ਕੇ
ਇਸ ਮਹਿਫਲ ਵਿਚ ਸ਼ਾਇਰ ਜਸਵਿੰਦਰ, ਸਤੀਸ਼ ਗੁਲਾਟੀ, ਹਰਦਮ ਸਿੰਘ ਮਾਨ, ਕਵਿੰਦਰ ਚਾਂਦ, ਗੁਰਚਰਨ ਟੱਲੇਵਾਲੀਆ, ਕ੍ਰਿਸ਼ਨ ਭਨੋਟ, ਇੰਦਰਜੀਤ ਧਾਮੀ, ਗਿੱਲ ਮਨਸੂਰ, ਰੁਪਿੰਦਰ ਰੂਪੀ, ਅਮਰੀਕ ਸਿੰਘ ਲੇਹਲ, ਹਰਚੰਦ ਸਿੰਘ ਗਿੱਲ, ਜੀਵਨ ਰਾਮਪੁਰੀ, ਮੀਨੂੰ ਬਾਵਾ, ਸੰਦੀਪ ਕੰਗ ਤੇ ਕਈ ਹੋਰ ਉਚ ਸ਼ਖਸੀਅਤਾਂ ਤੇ ਸਾਹਿਤ ਪ੍ਰੇਮੀ ਹਾਜ਼ਰ ਸਨ।ਰਾਜਵੰਤ ਰਾਜ ਨੇ ਸਾਰੇ ਪ੍ਰੋਗਰਾਮ ਨੂੰ ਵੀਡੀਉ ਰਾਹੀਂ ਆਪਣੇ ਕੈਮਰੇ ਵਿਚ ਬੰਦ ਕੀਤਾ। ਵੀਹ ਸਤੰਬਰ, 2016 ਨੂੰ ਮੁੜ ਜੁੜਨ ਵਾਲੀ ਅਗਲੀ ਕਾਵਿ-ਸ਼ਾਮ ਵਿਚ, ਦੋ ਹੋਰ ਨਾਮਵਰ ਸ਼ਾਇਰ ਸਰੋਤਿਆਂ ਦੇ ਰੂਬਰੂ ਹੋਣਗੇ।