ਪਟਿਆਲਾ, 8 ਜਨਵਰੀ 2019 - ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ 550ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ ਅੱਠਵੀਂ ਵਿਸ਼ਵ ਪੰਜਾਬੀ ਸਾਹਿਤ ਕਾਨਫ਼ਰੰਸ 9-11 ਜਨਵਰੀ, 2019 ਦੌਰਾਨ 'ਸਵਰਨਜੀਤ ਸਵੀ' ਰਚਿਤ ਤੇਲ ਚਿੱਤਰਾਂ ਦੀ ਲੜੀ 'ਉਦਾਸੀਆਂ ਗੁਰੂ ਨਾਨਕ' ਦੀ ਪ੍ਰਦਰਸ਼ਨੀ ਅਜਾਇਬ ਘਰ ਤੇ ਆਰਟ ਗੈਲਰੀ, ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ 8-16 ਜਨਵਰੀ 2019 ਤੱਕ ਜਾਰੀ ਰਹੇਗੀ। ਇਸ ਦਾ ਉਦਘਾਟਨ 9 ਜਨਵਰੀ, 2 ਵਜੇ ਬਾਅਦ ਦੁਪਹਿਰ, ਪ੍ਰੋ. (ਡਾ.) ਬੀ. ਐੱਸ. ਘੁੰਮਣ (ਵਾਈਸ ਚਾਂਸਲਰ, ਪੰਜਾਬੀ ਯੂਨੀਵਰਸਿਟੀ ਪਟਿਆਲਾ) ਕਰਨਗੇ।
ਇਸ ਚਿੱਤਰ ਲੜੀ ਬਾਰੇ ਦਸਦਿਆਂ ਸਵਰਨਜੀਤ ਸਵੀ ਹੁਰਾਂ ਕਿਹਾ ਕਿ 'ਇਸ ਚਿੱਤਰ ਲੜੀ ਦਾ ਮਨੋਰਥ 'ਸਭ ਦਾ ਸਾਂਝਾ ਗੁਰੂ ਨਾਨਕ ਦੇਵ' ਚਿਤਰਨਾ ਹੈ। ਇਸ ਵਿਚ ਗੁਰੂ ਨਾਨਕ, ਨਾਨਕ ਲਾਮਾ ਤੇ ਨਾਨਕ ਪੀਰ ਵਜੋਂ ਵੀ ਚਿੱਤਰੇ ਹਨ। ਚਾਲੀ ਹਜ਼ਾਰ ਕਿਲੋਮੀਟਰ ਦੀ ਪੈਦਲ ਯਾਤਰਾ (ਚਾਰ ਉਦਾਸੀਆਂ) ਇੱਕ ਵਿਲੱਖਣ, ਮਹੱਤਵਪੂਰਨ ਤੇ ਮੰਤਵੀ ਯਾਤਰਾ ਦੌਰਾਨ ਗੁਰੂ ਨਾਨਕ ਸੰਸਾਰ ਦੇ ਇੱਕ ਵੱਡੇ ਭਾਗ ਵਿਚ ਵਿਚਰਦਿਆਂ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਚਿੰਤਕ ਸਖ਼ਸ਼ੀਅਤਾਂ ਨਾਲ ਗੋਸ਼ਟਿ ਰਚਾਉਂਦਿਆਂ ਸੰਸਾਰ ਦੀ ਬਿਹਤਰੀ ਤੇ ਮਨੁੱਖਤਾ ਦੀ ਭਲਾਈ ਲਈ ਵਿਚਾਰ ਚਰਚਾ ਕਰਦੇ ਹਨ। ਇਨਾਂ ਉਦਾਸੀਆਂ ਦੇ ਚਿੰਤਨ ਵਿਚੋਂ ਹੀ ਅੰਤ ਸਿੱਖ ਧਰਮ ਦੀ ਉਤਪਤੀ ਹੁੰਦੀ ਹੈ। ਮੇਰਾਂ ਮੰਤਵ ਗੁਰੂ ਨਾਨਕ ਦੇ ਇਸ ਵਿਆਪਕ ਰੂਪ ਨੂੰ ਚਿਤਰਨਾ ਹੈ ਜੋ ਸਾਰੇ ਸੰਸਾਰ ਤੇ ਲੋਕਾਈ ਦਾ ਸਾਂਝਾ ਸਰਮਾਇਆ ਹੈ ਨਾ ਕਿ ਸਿਰਫ਼ ਸਿੱਖ ਜਗਤ ਦਾ। 2010 ਤੋਂ ਸ਼ੁਰੂ ਕੀਤੀ, ਇਸ ਲੜੀ ਵਿਚ ਕੁਦਰਤੀ ਸੋਮਿਆਂ ਤੋਂ ਪ੍ਰਾਪਤ ਰੰਗਾਂ (ਨੈਚੂਰਲ ਪਿਗਮੈਂਟਸ) ਦੀ ਵਰਤੋਂ ਕੀਤੀ ਗਈ ਹੈ। ਇਸ ਤੋਂ ਪਹਿਲਾਂ ਕਨੇਡਾ, ਅਮਰੀਕਾ ਵਿਚ ਇਸ ਲੜੀ ਦੇ ਸ਼ੋਅ ਕੀਤੇ ਜਾ ਚੁੱਕੇ ਹਨ, ਜਿਸ ਨੂੰ ਸਿੱਖਾਂ, ਮੁਸਲਮਾਨਾਂ ਤੋਂ ਇਲਾਵਾ ਵੱਖ-ਵੱਖ ਧਰਮਾਂ ਦੇ ਲੋਕਾਂ ਤੇ ਵਿਦਵਾਨਾਂ ਕਲਾ ਪਾਰਖੂਆਂ ਵਲੋਂ ਬਹੁਤ ਸਲਾਹਿਆ ਗਿਆ ਹੈ।
ਸਵਰਨਜੀਤ ਸਵੀ