ਲੁਧਿਆਣਾ : 08 ਜਨਵਰੀ 2021 - ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਅਹੁਦੇਦਾਰਾਂ ਤੇੇ ਸਮੂਹ ਮੈਂਬਰਾਂ ਵੱਲੋਂ ਅਕਾਡਮੀ ਦੇ ਜੀਵਨ ਮੈਂਬਰ ਸ੍ਰੀ ਬਹਾਦਰ ਡਾਲਵੀ ਅਤੇ ਡਾ. ਜਗਦੀਸ਼ ਕੌਰ ਵਾਡੀਆ ਦੇ ਸਦੀਵੀ ਵਿਛੋੜੇ ’ਤੇ ਡੂੰਘੇ ਦੁੱਖ ਤੇ ਅਫ਼ਸੋਸ ਦਾ ਪ੍ਰਗਟਾਵਾ ਕੀਤਾ ਗਿਆ।
ਪੰਜਾਬੀ ਸਾਹਿਤ ਅਕਾਡਮੀ ਦੇ ਪ੍ਰਧਾਨ ਪ੍ਰੋ. ਰਵਿੰਦਰ ਸਿੰਘ ਭੱਠਲ ਅਤੇ ਜਨਰਲ ਸਕੱਤਰ ਡਾ. ਸੁੁਰਜੀਤ ਸਿੰਘ ਨੇ ਅਫ਼ਸੋਸ ਦਾ ਪ੍ਰਗਟਾਵਾ ਕਰਦਿਆਂ ਕਿਹਾ ਸ੍ਰੀ ਬਹਾਦਰ ਡਾਲਵੀ, ਗੀਤਕਾਰ ਤੇ ਬਾਲ ਸਾਹਿਤ ਦੇ ਲੇਖਕ ਸਨ। ਉਨ੍ਹਾਂ ਦਸਿਆ ਉਹ ਮੋਗੇ ਤੋਂ ਰਿਟਾਇਰ ਪਿ੍ਰੰਸੀਪਲ ਸਨ ਅਤੇ ਅਜ ਕਲ੍ਹ ਕੈਲਗਰੀ (ਕੈਨੇਡਾ) ਵਿਖੇ ਰਹਿ ਰਹੇ ਸਨ।
ਡਾ. ਜਗਦੀਸ਼ ਕੌਰ ਵਾਡੀਆ ਨੇ ਖ਼ਲੀਲ ਜਿਬਰਾਨ ਇਕ ਵਹਿੰਦਾ ਦਰਿਆ, ਸ਼ਖ਼ਸੀਅਤ ਨੂੰ ਕਰ ਬੁਲੰਦ ਏਨਾ, ਇਤਿਹਾਸਕ ਸਿੱਖ ਨਾਰੀਆਂ ਆਦਿ ਮੌਲਿਕ ਪੁਸਤਕਾਂ ਦੇ ਨਾਲ ਨਾਲ ਖ਼ਲੀਲ ਜਿਬਰਾਨ ਦੀਆਂ ਸਾਰੀਆਂ ਪੁਸਤਕਾਂ ਦੇ ਅਨੁਵਾਦ ਕਰ ਕੇ ਪੰਜਾਬੀ ਸਾਹਿਤ ਦੀ ਝੋਲੀ ਵਿਚ ਪਾਈਆਂ। ਉਨ੍ਹਾਂ ਦਸਿਆ ਡਾ. ਜਗਦੀਸ਼ ਕੌਰ ਵਾਡੀਆ ਨੂੰ ਡੀ.ਲਿੱਟ. ਦੀ ਡਿਗਰੀ ਵੀ ਮਿਲੀ ਹੋਈ ਸੀ।
ਡਾ. ਜਗਦੀਸ਼ ਕੌਰ ਵਾਡੀਆ ਦੇ ਪਰਿਵਾਰ ਤੋਂ ਮਿਲੀ ਜਾਣਕਾਰੀ ਅਨੁਸਾਰ 10 ਜਨਵਰੀ, ਐਤਵਾਰ ਨੂੰ ਗੁਰਦੁਆਰਾ ਸਿੰਘ ਸਭਾ, ਅਰਬਨ ਐਸਟੇਟ, ਫ਼ੇਜ਼ 1, ਜਲੰਧਰ ਵਿਚ ਡਾ. ਵਾਡੀਆ ਦੀ ਅੰਤਿਮ ਅਰਦਾਸ ਹੋਵੇਗੀ। ਪ੍ਰੋ. ਰਵਿੰਦਰ ਸਿੰਘ ਭੱਠਲ ਅਤੇ ਡਾ. ਸੁਰਜੀਤ ਸਿੰਘ ਨੇ ਸਾਹਿਤਕਾਰਾਂ ਦੇ ਪਰਿਵਾਰਾਂ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਡਾ. ਜਗਦੀਸ਼ ਕੌਰ ਵਾਡੀਆ ਅਤੇ ਸ੍ਰੀ ਬਹਾਦਰ ਡਾਲਵੀ ਦੇ ਸਦੀਵੀ ਵਿਛੋੜੇ ਨਾਲ ਪੰਜਾਬੀ ਸਾਹਿਤ ਜਗਤ ਅਤੇ ਪਰਿਵਾਰਾਂ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਇਸ ਦੁੱਖ ਦੀ ਘੜੀ ਵਿਚ ਅਕਾਡਮੀ ਪਰਿਵਾਰਾਂ ਦੇ ਅੰਗ ਸੰਗ ਹੈ।
ਅਫ਼ਸੋਸ ਦਾ ਪ੍ਰਗਟਾਵਾ ਕਰਨ ਵਾਲਿਆਂ ਵਿਚ ਪੰਜਾਬੀ ਸਾਹਿਤ ਅਕਾਡਮੀ, ਲੁਧਿਆਣਾ ਦੇ ਸਾਬਕਾ ਪ੍ਰਧਾਨ ਡਾ. ਸੁਰਜੀਤ ਪਾਤਰ, ਪ੍ਰੋ. ਗੁਰਭਜਨ ਸਿੰਘ ਗਿੱਲ, ਡਾ. ਸੁਖਦੇਵ ਸਿੰਘ ਸਿਰਸਾ, ਡਾ. ਸ. ਪ. ਸਿੰਘ, ਸੁਰਿੰਦਰ ਕੈਲੇ, ਸਹਿਜਪ੍ਰੀਤ ਸਿੰਘ ਮਾਂਗਟ, ਡਾ. ਗੁਲਜ਼ਾਰ ਸਿੰਘ ਪੰਧੇਰ, ਖੁਸ਼ਵੰਤ ਸਿੰਘ ਬਰਗਾੜੀ, ਭੁਪਿੰਦਰ ਸਿੰਘ ਸੰਧੂ, ਡਾ. ਗੁਰਇਕਬਾਲ ਸਿੰਘ, ਮਨਜਿੰਦਰ ਸਿੰਘ ਧਨੋਆ, ਡਾ. ਜਗਵਿੰਦਰ ਜੋਧਾ, ਤ੍ਰੈਲੋਚਨ ਲੋਚੀ, ਸ੍ਰੀ ਰਾਮ ਅਰਸ਼, ਭਗਵੰਤ ਰਸੂਲਪੁਰੀ, ਕਮਲਜੀਤ ਨੀਲੋਂ, ਜਸਵੀਰ ਝੱਜ, ਡਾ. ਸੁਦਰਸ਼ਨ ਗਾਸੋ, ਸੁਦਰਸ਼ਨ ਗਰਗ, ਤਰਸੇਮ, ਅਮਰਜੀਤ ਕੌਰ ਹਿਰਦੇ, ਸੁਰਿੰਦਰ ਨੀਰ, ਡਾ. ਵਨੀਤਾ, ਗੁਲਜ਼ਾਰ ਸਿੰਘ ਸ਼ੌਂਕੀ, ਪ੍ਰੇਮ ਸਾਹਿਲ, ਮੇਜਰ ਸਿੰਘ ਗਿੱਲ ਅਤੇ ਅਕਾਡਮੀ ਦੇ ਹੋਰ ਮੈਂਬਰ ਸ਼ਾਮਲ ਹਨ।