ਸਿਰਜਨਾ ਦੇ ਆਪ ਪਾਰ ਵਿੱਚ ਅਰਤਿੰਦਰ ਸੰਧੂ ਦਾ ਰੂਬਰੂ ਸੰਵੇਦਨਾ ਭਰਪੂਰ ਅਤੇ ਪ੍ਰੇਰਨਾਦਾਇਕ ਰਿਹਾ
ਚੰਡੀਗੜ੍ਹ, 19 ਦਸੰਬਰ 2023 - ਪੰਜਾਬ ਸਾਹਿਤ ਅਕਾਦਮੀ ਚੰਡੀਗੜ੍ਹ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਬਰੈਂਪਟਨ ਕੈਨੇਡਾ ਵੱਲੋਂ ਮਹੀਨਾਵਾਰ ਅੰਤਰਰਾਸ਼ਟਰੀ ਆਨਲਾਈਨ ਪ੍ਰੋਗਰਾਮ ਸਿਰਜਣਾ ਦੇ ਆਰ ਪਾਰ ਡਾ ਸਰਬਜੀਤ ਕੌਰ ਸੋਹਲ ਅਤੇ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਸੰਸਥਾਪਕ ਰਮਿੰਦਰ ਰੰਮੀ ਜੀ ਦੀ ਯੋਗ ਅਗਵਾਈ ਵਿੱਚ 17 ਦਸੰਬਰ ਐਤਵਾਰ ਨੂੰ 9 ਵਜੇ ਸਵੇਰੇ ਕੈਨੇਡਾ ਅਤੇ 7/30 ਸ਼ਾਮ ਭਾਰਤ ਕਰਵਾਇਆ ਗਿਆ। ਇਸ ਪ੍ਰੋਗਰਾਮ ਵਿੱਚ ਪ੍ਰਸਿੱਧ ਪੰਜਾਬੀ ਸ਼ਾਇਰਾ, ਲੇਖਿਕਾ ਅਤੇ ਸਾਹਿਤਕ ਮੈਗਜ਼ੀਨ ਏਕਮ ਦੀ ਸੰਪਾਦਿਕਾ ਅਰਤਿੰਦਰ ਸੰਧੂ ਨੇ ਜੀ ਬਤੌਰ ਮਹਿਮਾਨ ਸ਼ਿਰਕਤ ਕੀਤੀ।
ਪ੍ਰੋਗਰਾਮ ਦਾ ਆਰੰਭ ਡਾ ਬਲਜੀਤ ਕੌਰ ਰਿਆੜ ਅਸਿਸਟੈਂਟ ਪ੍ਰੋਫੈਸਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਮੀਤ ਪ੍ਰਧਾਨ ਅੰਤਰਰਾਸ਼ਟਰੀ ਸਾਹਿਤਕ ਸਾਂਝਾ ਨੇ ਅਰਤਿੰਦਰ ਸੰਧੂ ਜੀ ਦੀ ਜਾਣ ਪਛਾਣ ਕਰਵਾ ਕੇ ਕੀਤਾ ਬੜੇ ਸਾਹਿਤਕ ਤੇ ਭਾਵਨਾਤਮਕ ਸ਼ਬਦਾਂ ਰਾਹੀਂ ਉਹਨਾਂ ਅਰਤਿੰਦਰ ਸੰਧੂ ਜੀ ਦੀਆਂ ਸਾਹਿਤਕ ਪ੍ਰਾਪਤੀਆਂ ਬਾਰੇ ਵਿਸਥਾਰ ਸਹਿਤ ਦੱਸਦਿਆਂ ਉਨ੍ਹਾਂ ਨੂੰ ਇਕ ਉਤਮ ਇਨਸਾਨ ਵੀ ਦੱਸਿਆ ਜੋ ਹਮੇਸ਼ਾ ਦੂਜਿਆਂ ਦੀ ਮਦਦ ਲਈ ਤਿਆਰ ਰਹਿੰਦੇ ਹਨ।
ਉਪਰੰਤ ਪ੍ਰੋ ਕੁਲਜੀਤ ਕੌਰ ਨੇ ਆਪਣੇ ਅੰਦਾਜ਼ ਵਿੱਚ ਅਰਤਿੰਦਰ ਸੰਧੂ ਜੀ ਨਾਲ ਰੂਬਰੂ ਕਰਦਿਆਂ ਉਹਨਾਂ ਦੇ ਜੀਵਨ ਸਫ਼ਰ ਬਾਰੇ ਗੱਲਬਾਤ ਕੀਤੀ। ਅਰਤਿੰਦਰ ਸੰਧੂ ਜੀ ਨੇ ਆਪਣੇ ਪਰਿਵਾਰਕ ਪਿਛੋਕੜ ਤੋਂ ਹੁਣ ਤੱਕ ਦੀਆਂ ਪ੍ਰਾਪਤੀਆਂ ਬਾਰੇ ਭਾਵਪੂਰਤ ਸ਼ਬਦਾਂ ਵਿਚ ਜਾਣਕਾਰੀ ਦਿੱਤੀ। ਉਹਨਾਂ ਨੇ ਬੀ ਐੱਸ ਸੀ ਬੀ ਐਡ ,ਐਮ ਏ ਪੰਜਾਬੀ ਤੱਕ ਦੀ ਪੜ੍ਹਾਈ ਕਰਕੇ ਫਿਰ ਸਕੂਲ ਅਧਿਆਪਨ ਕੀਤਾ ਅਤੇ ਮੁਖ ਅਧਿਆਪਕਾ ਦੇ ਤੌਰ ਤੇ ਰਿਟਾਇਰ ਹੋਏ।
ਸਾਹਿਤਕ ਲਗਨ ਭਾਂਵੇ ਨੌਵੀਂ ਜਮਾਤ ਵਿੱਚ ਹੀ ਲਗ ਗਈ ਸੀ ਪਰ ਉਹਨਾਂ ਸਾਹਿਤ ਰਚਨਾ ਪ੍ਰੋੜ ਉਮਰ ਵਿਚ ਸ਼ੁਰੂ ਕੀਤੀ। ਉਹਨਾਂ ਦੀਆਂ 15 ਕਾਵਿ ਪੁਸਤਕਾਂ ਤੋਂ ਇਲਾਵਾ ਵਾਰਤਕ ਅਤੇ ਅਨੁਵਾਦਿਤ ਪੁਸਤਕਾਂ ਵੀ ਹਨ । ਸਾਹਿਤਕ ਏਕਮ ਦਾ ਸੰਪਾਦਨ ਕਰਦਿਆਂ ਆਪ ਨੂੰ ਇਕ ਦਹਾਕਾ ਹੋ ਗਿਆ ਹੈ। ਉਹਨਾਂ ਦੇ ਪਤੀ ਸ੍ਰ ਰਾਜ ਖੁਸ਼ਵੰਤ ਸਿੰਘ ਵੀ ਇਸ ਮੈਗਜ਼ੀਨ ਲਈ ਸਹਿਯੋਗ ਕਰ ਰਹੇ ਹਨ। ਉਹਨਾਂ ਨੇ ਆਪਣੀਆਂ ਪਰਿਵਾਰਕ ਜ਼ਿੰਮੇਵਾਰੀਆਂ ਨਿਭਾਉਣ ਤੋਂ ਬਾਅਦ ਹੀ ਸਾਹਿਤ ਰਚਨਾ ਵੱਲ ਖੁਲ ਕੇ ਸਮਾਂ ਦਿੱਤਾ। ਉਹ ਆਪਣੇ ਜੀਵਨ ਤੋਂ ਪੂਰੀ ਤਰ੍ਹਾਂ ਸੰਤੁਸ਼ਟ ਹਨ। ਉਹਨਾਂ ਨੂੰ ਬਹੁਤ ਸਾਰੇ ਮਾਣ ਸਨਮਾਨ ਮਿਲੇ ਹਨ ਜਿਨ੍ਹਾਂ ਵਿੱਚ ਹੁਣੇ ਹੁਣੇ ਕਾਵਿ ਲੋਕ ਵੱਲੋਂ ਮਨ ਦੇ ਮੌਸਮ ਲਈ ਕਾਵਿ ਲੋਕ ਪੁਰਸਕਾਰ ਦੀ ਘੋਸ਼ਣਾ ਹੋਈ ਹੈ। ਉਹਨਾਂ ਨੇ ਨਾਰੀ ਸਰੋਕਾਰਾਂ ਅਤੇ ਸਮਾਜਿਕ ਵਿਸ਼ਿਆਂ ਨਾਲ ਸਬੰਧਤ ਆਪਣੀਆਂ ਕਾਵਿ ਰਚਨਾਵਾਂ ਸੁਣਾਈਆਂ।
ਉਹਨਾਂ ਔਰਤ ਨੂੰ ਆਤਮ ਨਿਰਭਰ ਅਤੇ ਜਾਗਰੂਕ ਹੋਣ ਦਾ ਸੁਨੇਹਾ ਦਿੱਤਾ। ਇਸ ਪ੍ਰੋਗਰਾਮ ਵਿੱਚ ਡਾ ਦਲਬੀਰ ਸਿੰਘ ਕਥੂਰੀਆ ਨੇ ਅਰਤਿੰਦਰ ਸੰਧੂ ਨੂੰ ਸ਼ੁਭ ਕਾਮਨਾਵਾਂ ਦਿੰਦਿਆ ਇਸ ਪ੍ਰੋਗਰਾਮ ਲਈ ਪ੍ਰਬੰਧਕਾਂ ਨੂੰ ਵਧਾਈ ਦਿੱਤੀ। ਡਾ ਮਲੂਕ ਸਿੰਘ ਕਾਹਲੋਂ ਸਰਪ੍ਰਸਤ ਕੈਨੇਡੀਅਨ ਪੰਜਾਬੀ ਸਾਹਿਤ ਸਭਾ ਨੇ ਅਰਤਿੰਦਰ ਸੰਧੂ ਜੀ ਨਾਲ ਹੋਈ ਇਸ ਵਿਚਾਰ ਚਰਚਾ ਨੂੰ ਦਰਸ਼ਕਾਂ ਲਈ ਬਹੁਤ ਪ੍ਰੇਰਨਾਦਾਇਕ ਦੱਸਿਆ। ਰਿੰਟੂ ਭਾਟੀਆ ਨੇ ਆਪਣੀ ਸੁਰੀਲੀ ਅਵਾਜ਼ ਵਿੱਚ ਅਰਤਿੰਦਰ ਸੰਧੂ ਦੀ ਇੱਕ ਰਚਨਾ ਨੂੰ ਗਾ ਕੇ ਸੁਣਾਇਆ । ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਮੀਤ ਪ੍ਰਧਾਨ ਪ੍ਰੋ ਨਵਰੂਪ ਨੇ ਅਰਤਿੰਦਰ ਸੰਧੂ ਨੂੰ ਇਕ ਪ੍ਰਤੀਬੱਧ ਲੇਖਿਕਾ ਅਤੇ ਸਮਰੱਥ ਸੰਪਾਦਕਾ ਦੱਸਦਿਆਂ ਉਹਨਾਂ ਦੀ ਕਾਵਿ ਰਚਨਾ ਨੂੰ ਸਮਾਜਿਕ ਸੰਦਰਭ ਅਤੇ ਨਾਰੀ ਸੰਵੇਦਨਾ ਭਰਪੂਰ ਦੱਸਿਆ।
ਅੰਤਰਰਾਸ਼ਟਰੀ ਸਾਹਿਤਕ ਸਾਂਝਾ ਦੇ ਪ੍ਰਧਾਨ ਰਮਿੰਦਰ ਰੰਮੀ ਨੇ ਕੁਲਜੀਤ ਕੌਰ , ਕਮੇਟੀ ਮੈਂਬਰਜ਼ ਤੇ ਮੀਟਿੰਗ ਵਿੱਚ ਹਾਜ਼ਰੀਨ ਮੈਂਬਰਜ਼ ਦਾ ਦਿਲੋਂ ਧੰਨਵਾਦ ਕੀਤਾ ਤੇ ਅਰਤਿੰਦਰ ਸੰਧੂ ਜੀ ਦਾ ਧੰਨਵਾਦ ਕਰਦਿਆਂ ਉਹਨਾਂ ਦੀਆਂ ਲਿਖਤਾਂ ਨੂੰ ਸਮਾਜ ਲਈ ਸਾਰਥਕ ਸੁਨੇਹਾ ਦੱਸਿਆ। ਸੰਸਾਰ ਭਰ ਵਿੱਚੋਂ ਬਹੁਤ ਨਾਮਵਰ ਸਾਹਿਤਕ ਸ਼ਖ਼ਸੀਅਤਾਂ ਨੇ ਇਸ ਪ੍ਰੋਗਰਾਮ ਵਿੱਚ ਆਪਣੀ ਸ਼ਮੂਲੀਅਤ ਕੀਤੀ । ਧੰਨਵਾਦ ਸਹਿਤ । ਇਹ ਰਿਪੋਰਟ ਪ੍ਰੋ ਕੁਲਜੀਤ ਕੌਰ ਨੇ ਰਮਿੰਦਰ ਰੰਮੀ ਨੂੰ ਸਾਂਝੀ ਕੀਤੀ ।