- ਸ੍ਰੀ ਫ਼ਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਨੇ ਕੀਤਾ ਗੁਰਨਾਮ ਸਿੰਘ ਅਕੀਦਾ ਦਾ ਸਨਮਾਨ
ਫ਼ਤਿਹਗੜ੍ਹ ਸਾਹਿਬ 9 ਮਾਰਚ 2021 - ਸਿੱਖ ਇਤਿਹਾਸ ਨਾਲ ਸਬੰਧਿਤ ਇਤਿਹਾਸਕ ਨਾਵਲ ‘ਜਿਨ੍ਹਾਂ ਪੁੱਠੀਆਂ ਖੱਲਾਂ ਲੁਹਾਈਆਂ’ ਲਿਖਣ ਵਾਲੇ ਸੀਨੀਅਰ ਪੱਤਰਕਾਰ ਤੇ ਲੇਖਕ ਗੁਰਨਾਮ ਸਿੰਘ ਅਕੀਦਾ ਦਾ ਫ਼ਤਿਹਗੜ੍ਹ ਸਾਹਿਬ ਦੇ ਇਲਾਕੇ ਦੀ ਸਾਧ ਸੰਗਤ ਵੱਲੋਂ ਸਨਮਾਨ ਕੀਤਾ ਗਿਆ। ਇਹ ਸਨਮਾਨ ਸਮਾਗਮ ਪਿੰਡ ਮੂਲੇਪੁਰ ਵਿਚ ਕੀਤਾ ਗਿਆ ਜਿੱਥੇ ਗੁਰਨਾਮ ਸਿੰਘ ਅਕੀਦਾ ਅਤੇ ਗੌਰਮਿੰਟ ਮੈਡੀਕਲ ਕਾਲਜ ਪਟਿਆਲਾ ਦੇ ਪ੍ਰੋਫੈਸਰ ਡਾ. ਇਕਬਾਲ ਸਿੰਘ ਨੇ ਸਸਤੀਆਂ ਦਵਾਈਆਂ ਦੇਣ ਲਈ ਇਕ ‘ਅਜੀਤ ਮੈਡੀਕਲ ਸਟੋਰ’ ਦਾ ਉਦਘਾਟਨ ਵੀ ਕੀਤਾ।
ਇਸ ਸਮਾਗਮ ਵਿਚ ਵਿਸ਼ੇਸ਼ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੀਨੀਅਰ ਮੈਂਬਰ ਕਰਨੈਲ ਸਿੰਘ ਪੰਜੋਲੀ ਤੇ ਹਲਕਾ ਸਨੌਰ ਦੇ ਵਿਧਾਇਕ ਹਰਿੰਦਰ ਸਿੰਘ ਚੰਦੂਮਾਜਰਾ ਨੇ ਵਿਸ਼ੇਸ਼ ਹਾਜ਼ਰੀ ਲਵਾਉਂਦਿਆਂ ਇਲਾਕੇ ਦੀਆਂ ਸੰਗਤਾਂ ਦੀ ਇਸ ਗੱਲੋਂ ਸ਼ਲਾਘਾ ਕੀਤੀ ਕਿ ਸਿੱਖ ਇਤਿਹਾਸ ਵਿਚ ਗੁੰਮ ਹੋ ਚੁੱਕੇ ਸ਼ਹੀਦ ਬਾਬਾ ਜੈ ਸਿੰਘ ਖਲਕਟ ਅਤੇ ਉਨ੍ਹਾਂ ਦੇ ਪਰਿਵਾਰ ਦੀ ਸ਼ਹੀਦੀ ਨੂੰ ਉਜਾਗਰ ਕਰਨ ਵਾਲਾ ਨਾਵਲ ਜਿਨ੍ਹਾਂ ਪੁੱਠੀਆਂ ਖੱਲਾਂ ਲੁਹਾਈਆਂ ਲਿਖਣ ਵਾਲੇ ਗੁਰਨਾਮ ਸਿੰਘ ਅਕੀਦਾ ਦਾ ਸਨਮਾਨ ਕਰਕੇ ਸੰਗਤਾਂ ਨੇ ਚੰਗਾ ਕੰਮ ਕੀਤਾ ਹੈ।
ਇਸ ਵੇਲੇ ਬੋਲਦਿਆਂ ਗੁਰਨਾਮ ਸਿੰਘ ਅਕੀਦਾ ਨੇ ਕਿਹਾ ਕਿ ਸਰਹਿੰਦ ਦੇ ਸੂਬੇਦਾਰ ਅਬਦੁਲ ਸਮੁੰਦ ਖਾਂ ਵੱਲੋਂ ਸ਼ਹੀਦ ਬਾਬਾ ਜੈ ਸਿੰਘ ਨੂੰ ਮੁਗ਼ਲ ਮਾਜਰਾ (ਅੱਜ ਕੱਲ੍ਹ ਪਿੰਡ ਬਾਰਨ) ਵਿਚ ਪਿੱਪਲ ਦੇ ਰੁੱਖ ਉੱਤੇ ਪੁੱਠਾ ਲਟਕਾ ਕੇ ਉਸ ਦੀ ਪੁੱਠੀ ਖੱਲ ਲਾਹ ਦਿੱਤੀ ਸੀ, ਜੋ ਕੁਝ ਸਮਾਂ ਪਹਿਲਾਂ ਅਰਦਾਸ ਵਿਚ ਵੀ ਆਉਂਦਾ ਸੀ ਪਰ ਸਮੇਂ ਨੇ ਇਹ ਤੁਕ ਅਰਦਾਸ ਵਿਚੋਂ ਕੱਢ ਦਿੱਤੀ ਗਈ, ਜਦ ਕਿ ਪੁੱਠੀਆਂ ਖੱਲਾਂ ਲਾਹੁਣ ਦੀ ਸ਼ਹੀਦੀ ਪ੍ਰਤੱਖ ਹੈ, ਸ. ਅਕੀਦਾ ਨੇ ਕਿਹਾ ਕਿ ਇਹ ਨਾਵਲ ਬਹੁਤ ਸਾਰੀਆਂ ਕਿਤਾਬਾਂ ਪੜ੍ਹ ਕੇ ਲਿਖਿਆ ਗਿਆ ਹੈ ਜਿਸ ਵਿਚ ਇਹ ਸਥਾਨ ਉਜਾਗਰ ਕਰਨ ਬਾਰੇ ਵੀ ਸਪਸ਼ਟ ਖੋਜ ਕੀਤੀ ਹੈ, ਇਹ ਨਾਵਲ ਪਿਛਲੇ ਦਿਨੀਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਭਾਈ ਹਰਪ੍ਰੀਤ ਸਿੰਘ ਨੇ ਰਿਲੀਜ਼ ਕੀਤਾ ਸੀ, ਪਰ ਇਸ ਨਾਵਲ ਦੀ ਪਹਿਲਾ ਐਡੀਸ਼ਨ ਝੱਟ ਪੱਟ ਹੀ ਵਿਕ ਗਿਆ ਹੈ, ਦੂਜਾ ਐਡੀਸ਼ਨ ਯੂਨੀਸਟਾਰ ਪਬਲੀਕੇਸ਼ਨ ਵੱਲੋਂ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ, ਇਸ ਵੇਲੇ ਇਲਾਕੇ ਦੇ ਪਤਵੰਤਿਆਂ ਵਿਚ ਪ੍ਰਧਾਨ ਸੁਰਜੀਤ ਸਿੰਘ ਬਾਰਨ, ਕਰਮ ਸਿੰਘ , ਰੌਸ਼ਨ ਸਿੰਘ, ਸਰਪੰਚ ਹਰਿੰਦਰ ਸਿੰਘ ਮੂਲੇਪੁਰ, ਗੁਰਭੇਜ ਸਿੰਘ ਰਾਏ, ਐਡਵੋਕੇਟ ਲਖਬੀਰ ਸਿੰਘ, ਅਜਾਇਬ ਸਿੰਘ ਜਖਵਾਲੀ, ਬਾਬਾ ਜਸਵੰਤ ਸਿੰਘ ਮੂਲੇਪੁਰ, ਬਾਬਾ ਸਰਬਜੀਤ ਸਿੰਘ ਰੁੜਕੀ, ਸਰਪੰਚ ਗੁਰਧਿਆਨ ਸਿੰਘ ਪੰਜੋਲਾ, ਤੇਜਾ ਸਿੰਘ ਪੰਜੋਲਾ ਤੋਂ ਇਲਾਵਾ ਹੋਰ ਬਹੁਤ ਸਾਰੀਆਂ ਸੰਗਤਾਂ ਮੌਜੂਦ ਸਨ।