ਜੀ ਐਸ ਪੰਨੂ
ਪਟਿਆਲਾ, 27 ਸਤੰਬਰ 2017 : ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸ੍ਰੀ ਗੁਰੁ ਗ੍ਰੰਥ ਸਾਹਿਬ ਅਧਿਐਨ ਵਿਭਾਗ ਵਿਖੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਵੱਲੋਂ ਸਾਂਝੇ ਪੰਜਾਬ ਦੇ ਮਹਾਨ ਅਤੇ ਬੇਬਾਕ ਸਾਹਿਤਕਾਰ ਅਫ਼ਜ਼ਲ ਅਹਿਸਨ ਰੰਧਾਵਾ ਦੀ ਯਾਦ ਵਿਚ ਸਮਾਗਮ ਕਰਵਾਇਆ ਗਿਆ। ਫੈਡਰੇਸ਼ਨ ਦੇ ਕਨਵੀਨਰ ਸ. ਅਨਮੋਲਦੀਪ ਸਿੰਘ ਨੇ ਅਫ਼ਜ਼ਲ ਅਹਿਸਨ ਰੰਧਾਵਾ ਜੀ ਬਾਰੇ ਮੁਢਲੀ ਜਾਣਕਾਰੀ ਦੇ ਕੇ ਉਨ੍ਹਾਂ ਦੇ ਸਾਹਿਤ ਅਤੇ ਸਾਂਝੇ ਪੰਜਾਬ ਦੇ ਦਰਦ ਨੂੰ ਪਛਾਣਨ ਅਤੇ ਲਿਖਣ ਵਿਚ ਪਾਏ ਯੋਗਦਾਨ ਬਾਰੇ ਚਾਨਣਾ ਪਾ ਕੇ ਕੀਤੀ ਅਤੇ ਮਹਾਨ ਸ਼ਖ਼ਸੀਅਤ ਦੀ ਯਾਦ ਵਿਚ ਇਕ ਮਿੰਟ ਲਈ ਮੌਨ ਵੀ ਰਖਵਾਇਆ ਗਿਆ।
ਸਮਾਗਮ ਦੇ ਸ਼ੁਰੂ ਵਿਚ ਭਾਈ ਗੁਰਦਾਸ ਚੇਅਰ ਦੇ ਚੇਅਰਪਰਸਨ ਡਾ. ਸਰਬਜਿੰਦਰ ਸਿੰਘ ਨੇ ਮੁੱਖ ਬੁਲਾਰਿਆਂ ਨਾਲ ਜਾਣ-ਪਛਾਣ ਕਰਵਾਈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰੋਗਰਾਮ ਵਿਦਿਆਰਥੀਆਂ ਨੂੰ ਅਜਿਹੇ ਮਹਾਨ ਸਾਹਿਤ ਬਾਰੇ ਜਾਣਨ ਲਈ ਪ੍ਰੇਰਿਤ ਕਰਦੇ ਹਨ।
ਸਮਾਗਮ ਦੇ ਮੁੱਖ ਬੁਲਾਰੇ ਸ. ਗੁਲਜ਼ਾਰ ਸਿੰਘ ਸੰਧੂ ਨੇ ਆਪਣੇ ਭਾਸ਼ਣ ਵਿਚ ਰੰਧਾਵਾ ਸਾਹਿਬ ਦੀ ਵਿਲੱਖਣ ਅਤੇ ਬਹੁਪੱਖੀ ਸ਼ਖ਼ਸੀਅਤ ਬਾਰੇ ਚਾਨਣਾ ਪਾਉਂਦੇ ਹੋਏ ਚੜ੍ਹਦੇ ਪੰਜਾਬ ਲਈ ਉਨ੍ਹਾਂ ਦੀ ਤੜਪ ਨੂੰ ਬਿਆਨ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਰੰਧਾਵਾ ਸਾਹਿਬ ਦੋਨੋਂ ਪੰਜਾਬਾਂ ਨੂੰ ਇਕਰੂਪ ਹੀ ਮੰਨਦੇ ਸਨ। ਪੰਜਾਬੀ ਦੇ ਸਿਰਮੌਰ ਕਵੀ ਪ੍ਰੋ. ਕੁਲਵੰਤ ਸਿੰਘ ਗਰੇਵਾਲ ਨੇ ਬੋਲਦਿਆਂ ਰੰਧਾਵਾ ਸਾਹਿਬ ਦੇ ਸਿੱਖ ਗੁਰੁ ਸਾਹਿਬਾਨ ਨਾਲ ਪਿਆਰ, ਸਿੱਖਾਂ ਪ੍ਰਤਿ ਹਮਦਰਦੀ ਤੇ ਦਰਦ ਨੂੰ ਮਹਿਸੂਸ ਕਰਨ ਬਾਰੇ ਚਰਚਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਨਿਧੜਕ ਕਵੀ ਤੇ ਦਾਨਿਸ਼ਵਰ ਵਾਰ-ਵਾਰ ਪੈਦਾ ਨਹੀਂ ਹੁੰਦੇ ਅਤੇ ਉਹ ਜਿਉਂਦੀਆਂ ਜੂਝਦੀਆਂ ਕੌਮਾਂ ਦੇ ਸਾਹਿਤਕਾਰ ਸਨ।ਪ੍ਰੋ. ਗਰੇਵਾਲ ਨੇ ਵਿਦਿਆਰਥੀਆਂ ਨੂੰ ਮਹਾਨ ਸਾਹਿਤਕਾਰਾਂ ਦੀ ਪਛਾਣ ਤੇ ਅਹਿਮੀਅਤ ਬਾਰੇ ਚੇਤੰਨ ਕੀਤਾ ਅਤੇ ਵਿਦਿਆਰਥੀਆਂ ਨੂੰ ਧੜਿਆਂ ਤੋਂ ਮੁਕਤ ਹੋ ਕੇ ਸਰਬਪੱਖੀ ਸੋਚ ਦੇ ਮਾਲਕ ਬਣਨ ਦੀ ਪ੍ਰੇਰਨਾ ਕੀਤੀ।
ਰਿਸਰਚ ਸਕਾਲਰ ਸਿਮਰਜੀਤ ਸਿੰਘ ਨੇ ਕਿਹਾ ਕਿ ਰੰਧਾਵਾ ਸਾਹਿਬ ਦੇ ਨਾਵਲ ਤੇ ਕਹਾਣੀਆਂ ਦੇ ਪਾਤਰਾਂ ਬਾਰੇ ਬਹੁਪੱਖੀ ਜਾਣਕਾਰੀ ਸਾਂਝੀ ਕੀਤੀ ਤੇ ਜੂਨ 84 ਦੇ ਸਾਕੇ ਬਾਰੇ ਰੰਧਾਵਾ ਸਾਹਿਬ ਦੇ ਸਾਹਿਤ ਤੇ ਉਨ੍ਹਾਂ ਦੀ ਵਿਸ਼ੇਸ਼ ਰਚਨਾ 'ਓੜਕ ਮੁਕੇਗੀ ਇਹ ਰਾਤ' ਦਾ ਜ਼ਿਕਰ ਕਰਦਿਆਂ ਸਮੂਹ ਸਰੋਤਿਆਂ ਨੂੰ ਬਹੁਤ ਭਾਵੁਕ ਕਰ ਦਿੱਤਾ। ਪ੍ਰੋ. ਹਰਪਾਲ ਸਿੰਘ ਪੰਨੂ ਨੇ ਰੰਧਾਵਾ ਸਾਹਿਬ ਦੀਆਂ ਯਾਦਾਂ ਦੇ ਝਲਕਾਰਿਆਂ ਰਾਹੀਂ ਸਰੋਤਿਆਂ ਦੀ ਉਨ੍ਹਾਂ ਦੀ ਪਾਕ ਰੂਹ ਨਾਲ ਸਾਂਝ ਪਵਾਈ।
ਇਸ ਮੌਕੇ ਵਿਭਾਗ ਦੇ ਮੁਖੀ ਤੇ ਪ੍ਰੋ. ਡਾ. ਮਲਕਿੰਦਰ ਕੌਰ, ਡਾ. ਜੋਗਾ ਸਿੰਘ, ਡਾ. ਹੁਕਮ ਚੰਦ ਰਾਜਪਾਲ, ਡਾ. ਰਘਬੀਰ ਸਿਰਜਣਾ, ਸੰਸਕ੍ਰਿਤ ਵਿਭਾਗ ਦੇ ਪ੍ਰੋ. ਮੁਨੀ ਜੀ, ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀ ਤੇ ਸਾਹਿਤਕ ਜਥੇਬੰਦੀਆਂ ਦੇ ਨੁਮਾਇੰਦੇ ਹਾਜਰ ਸਨ।