ਅਸ਼ੋਕ ਵਰਮਾ
ਬਠਿੰਡਾ, 16 ਸਤੰਬਰ 2020 - ਭਾਰਤੀ ਕਿਸਾਨ ਯੂਨੀਅਨ ( ਉਗਰਾਹਾਂ) ਦੇ ਸੱਦੇ ‘ਤੇ ਲਾਏ ਕਿਸਾਨ ਮੋਰਚੇ ’ਚ ਅੱਜ ਉੱਘੇ ਲੋਕ ਪੱਖੀ ਇਨਕਲਾਬੀ ਨਾਟਕਕਾਰ ਗੁਰਸ਼ਰਨ ਭਾਜੀ ਦਾ 91ਵਾਂ ਜਨਮ ਦਿਨ ਉਨ੍ਹਾਂ ਵੱਲੋਂ ਕਿਰਤੀ ਲੋਕਾਂ ਦੀ ਮੁਕਤੀ ਲਈ ਆਪਣੇ ਨਾਟਕਾਂ ਰਾਹੀਂ ਪਾਏ ਯੋਗਦਾਨ ਨੂੰ ਯਾਦ ਕਰਦਿਆਂ ਮਨਾਇਆ। ਇਸ ਮੌਕੇ ਕਿਸਾਨ ਜੱਥੇਬੰਦੀ ਦੇ ਸੂਬਾ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਤੋਂ ਇਲਾਵਾ ਗੁਰਸ਼ਰਨ ਭਾਅ ਜੀ ਵੱਲੋਂ ਸਥਾਪਿਤ ਪਲਸ ਮੰਚ ਦੇ ਮੌਜੂਦਾ ਪ੍ਰਧਾਨ ਅਮੋਲਕ ਸਿੰਘ ਨੇ ਗੁਰਸ਼ਰਨ ਦੀ ਲੋਕ-ਪੱਖੀ ਲਹਿਰਾਂ ਦੀ ਉਸਾਰੀ ਲਈ ਤਾ-ਉਮਰ ਘਾਲਣਾ ਬਾਰੇ ਜਾਣਕਾਰੀ ਸਾਂਝੀ ਕੀਤੀ। ਇਸ ਮੌਕੇ ਉਨਾਂ ਦੇ ਬਹੁਚਰਚਿਤ ਨਾਟਕ “ਇਹ ਲਹੂ ਕਿਸਦਾ ਹੈ“ ਦਾ ਮੰਚ ਸੰਚਾਲਨ ਉੱਘੇ ਰੰਗਕਰਮੀ ਇਕੱਤਰ ਸਿੰਘ ਦੀ ਨਿਰਦੇਸ਼ਨਾਂ ਹੇਠ ਕੀਤਾ ਗਿਆ। ਜਗਸੀਰ ਜੀਦਾ ਦੀ ਸੰਗੀਤ ਮੰਡਲੀ ਨੇ ਗੀਤਾਂ ਰਾਹੀਂ ਭਾ ਜੀ ਦੀ ਅਨਮੋਲ ਸੱਭਿਆਚਾਰਕ ਦੇਣ ਨੂੰ ਸੰਘਰਸ਼ੀ ਸਲਾਮ ਕੀਤਾ। ਇਨਕਲਾਬੀ ਨਾਟਕਕਾਰ ਦੀ ਯਾਦ ’ਚ ਹਜ਼ਾਰਾਂ ਕਿਸਾਨਾਂ ਮਜਦੂਰਾਂ ਨੇ ਜੋਰਦਾਰ ਨਾਅਰਾਬੇਜੀ ਕਰਕੇ ਸਰਕਾਰਾਂ ਦੀਆਂ ਕਿਰਤੀ ਤੇ ਕਿਸਾਨ ਵਿਰੋਧੀ ਨੀਤੀਆਂ ਖਿਲਾਫ ਸੰਘਰਸ਼ ਜਾਰੀ ਰੱਖਣ ਦਾ ਅਹਿਦ ਲਿਆ।
ਉੱਧਰ ਜਥੇਬੰਦੀ ਦੇ ਸੂਬਾ ਸਕੱਤਰ ਸ਼ਿੰਗਾਰ ਸਿੰਘ ਮਾਨ ਨੇ ਦੱਸਿਆ ਕਿ ਕੋਰੋਨਾ ਦੀ ਆੜ ਹੇਠ ਪਾਰਲੀਮੈਂਟ ‘ਚ ਬਹੁਗਿਣਤੀ ਦੇ ਜੋਰ ਕਿਸਾਨ ਮਾਰੂ ਖੇਤੀ ਕਾਨੂੰਨ ਮੜ ਰਹੀ ਕੇਂਦਰੀ ਭਾਜਪਾ ਅਕਾਲੀ ਹਕੂਮਤ ਵਿਰੁੱਧ ਬਾਦਲ ਵਿਖੇ ਸ਼ੁਰੂ ਕੀਤੇ ਛੇ ਰੋਜ਼ਾ ਪੱਕੇ ਮੋਰਚੇ ਵਿੱਚ ਖੁੱਲ੍ਹੇ ਅਸਮਾਨ ਥੱਲੇ ਰਾਤ ਗੁਜ਼ਾਰਨ ਮਗਰੋਂ ਅੱਜ ਦੂਜੇ ਦਿਨ ਔਰਤਾਂ ਅਤੇ ਕਿਸਾਨਾਂ ਮਜਦੂਰਾਂ ਨੇ ਮੋਰਚਾ ਪੰਡਾਲ ’ਚ ਹਾਜਰੀ ਲਵਾਈ। ਇਸ ਮੌਕੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਆਰਡੀਨੈਂਸਾਂ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਇਹ ਆਰਡੀਨੈਂਸ ਖੇਤੀ ਦਾ ਉਜਾੜਾ ਵੀ ਕਰਨਗੇ ਅਤੇ ਪਹਿਲਾਂ ਹੀ ਥੁੜਾਂ ਦੇ ਝੰਬੇ ਹੋਏ ਮਜਦੂਰਾਂ ਦਾ ਜਿਉਣਾ ਦੁੱਭਰ ਕਰ ਦੇਣਗੇ।
ਅੱਜ ਦੇ ਇਕੱਠ ਨੂੰ ਸੂਬਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ,ਸ਼ਿੰਗਾਰਾ ਸਿੰਘ ਮਾਨ, ਜੋਗਿੰਦਰ ਸਿੰਘ ਦਿਆਲਪੁਰਾ, ਅਮਰਜੀਤ ਸਿੰਘ ਸੈਦੋਕੇ, ਗੁਰਭਗਤ ਸਿੰਘ ਭਲਾਈਆਣਾ, ਔਰਤ ਆਗੂ ਹਰਪ੍ਰੀਤ ਜੇਠੂਕੇ, ਪਰਮਜੀਤ ਕੌਰ ਪਿੱਥੋ,ਰਾਜਵਿੰਦਰ ਸਿੰਘ ਰਾਮਨਗਰ ਤੇ ਮੈਡੀਕਲ ਪ੍ਰੈਕਟੀਸਨਰਜ ਐਸੋਸੀਏਸ਼ਨ ਦੇ ਆਗੂ ਮਨਜਿੰਦਰ ਸਿੰਘ ਸਰਾਂ ਨੇ ਸੰਬੋਧਨ ਕੀਤਾ। ਅੱਜ ਦੇ ਧਰਨੇ ਵਿੱਚ ਵਿਸੇਸ ਤੌਰ ਤੇ ਪੁਹੰਚੇ ਮੈਡੀਕਲ ਪ੍ਰੈਕਟੀਸ਼ਨਰਜ ਐਸੋਸੀਏਸ਼ਨ ਦੇ ਜੱਥੇ ਅਤੇ ਉਹਨਾਂ ਵੱਲੋਂ ਲਾਏ ਗਏ ਮੈਡੀਕਲ ਕੈਂਪ ਦਾ ਧੰਨਵਾਦ ਕੀਤਾ ਗਿਆ। ਬੁਲਾਰਿਆਂ ਨੇ ਕਿਸਾਨ ਮਾਰੂ ਕਾਨੂੰਨਾਂ ਨੂੰ ਪਾਸ ਕਰਨ ਵਾਲੇ ਸੰਸਦ ਮੈਂਬਰਾਂ ਦੀ ਸਖਤ ਨਿਖੇਧੀ ਕੀਤੀ। ਬੁਲਾਰਿਆਂ ਨੇ ਇੱਕਸੁਰ ਹੁੰਦਿਆਂ ਕਿਰਤੀ ਲੋਕਾਂ ਨੂੰ ਮੋਰਚੇ ਨੂੰ ਕਾਮਯਾਬ ਕਰਨ ਦਾ ਸੱਦਾ ਦਿੱਤਾ।