ਘਾਨਾ ਵੱਸਦੇ ਪੰਜਾਬੀ ਕਾਰੋਬਾਰੀ ਅਮਰਦੀਪ ਸਿੰਘ ਹਰੀ ਵੱਲੋਂ ਪੰਜਾਬੀ ਲੇਖਕਾਂ ਨੂੰ ਪੰਜਾਬੀ ਚੇਤਨਾ ਲਹਿਰ ਪਰਿਵਾਰ ਤੋਂ ਸੰਸਾਰ ਤੀਕ ਪਸਾਰਨ ਦਾ ਹੋਕਾ
ਬਾਬੂਸ਼ਾਹੀ ਨੈੱਟਵਰਕ
ਲੁਧਿਆਣਾ 23 ਮਈ 2022
ਸੰਗਰੂਰ ਜ਼ਿਲ੍ਹੇ ਦੇ ਪਿੰਡ ਮੂਲੋਵਾਲ ਦੇ ਜੰਮਪਲ ਅਤੇ ਘਾਨਾ ਵੱਸਦੇ ਵਿਸ਼ਵ ਪ੍ਰਸਿੱਧ ਕਾਰੋਬਾਰੀ ਅਮਰਦੀਪ ਸਿੰਘ ਹਰੀ ਨੇ ਪੰਜਾਬੀ ਸਾਹਿੱਤ ਅਕਾਡਮੀ ਦੇ ਸਮੂਹ ਅਹੁਦੇਦਾਰਾਂ ਦੀ ਇਕੱਤਰਤਾ ਨੂੰ ਸੰਬੋਧਨ ਕਰਦਿਆਂ ਕਿਹਾ ਹੈ ਕਿ ਪੰਜਾਬੀ ਭਾਸ਼ਾ ਦੇ ਵਿਕਾਸ ਲਈ ਅਸੀਂ ਆਪਣੇ ਘਰਾਂ ਦਾ ਕਿਲ੍ਹਾ ਮਜਬੂਤ ਨਹੀਂ ਕਰਦੇ ਤਦ ਤੀਕ ਇਸ ਦਾ ਵਿਕਾਸ ਤੇ ਵਿਸਥਾਰ ਸੰਭਵ ਨਹੀਂ ਹੈ। ਪਰਿਵਾਰ ਤੋਂ ਸੰਸਾਰ ਤੀਕ ਭਾਸ਼ਾ ਦੇ ਪਸਾਰ ਦਾ ਏਜੰਡਾ ਤੈਅ ਕਰਨਾ ਚਾਹੀਦਾ ਹੈ।
ਉਨ੍ਹਾਂ ਸੁਝਾਅ ਦਿੱਤਾ ਕਿ ਪੰਜਾਬ ਦੇ ਪਬਲਿਕ ਤੇ ਕਾਨਵੈਂਟ ਸਕੂਲਾਂ ਵਿੱਚ ਪੜ੍ਹਦੇ ਬੱਚਿਆਂ ਨੂੰ ਵੱਖ ਵੱਖ ਪੰਜਾਬੀ ਭਾਸ਼ਾ ਮੁਕਾਬਲਿਆਂ ਲਈ ਪੁਸਤਕਾਂ ਵੰਡ ਕੇ ਉਨ੍ਹਾਂ ਦੇ ਮੁਕਾਬਲੇ ਜ਼ਿਲ੍ਹਾ ਵਾਰ ਕਰਨੇ ਚਾਹੀਦੇ ਹਨ। ਜੇਤੂਆਂ ਨੂੰ ਸਰਟੀਫੀਕੇਟ ਤੇ ਇੱਕ ਇੱਕ ਹੋਰ ਪ੍ਰੇਰਕ ਕਿਤਾਬ ਦੇ ਕੇ ਪੰਜਾਬੀ ਪੁਸਤਕ ਸੱਭਿਆਚਾਰ ਦੀ ਉਸਾਰੀ ਕਰਨੀ ਚਾਹੀਦੀ ਹੈ। ਇਸ ਕੰਮ ਲਈ ਪਰਵਾਸੀ ਪੰਜਾਬੀ ਆਰਥਿਕ ਸਹਾਇਤਾ ਦੇ ਸਕਦੇ ਹਨ।
ਉਨ੍ਹਾਂ ਪੰਜਾਬੀ ਸਾਹਿੱਤ ਅਕਾਡਮੀ ਨਾਲ ਜੁੜਨ ਲਈ ਇੱਕ ਲੱਖ ਰੁਪਏ ਦਾ ਚੈੱਕ ਅਕਾਡਮੀ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ, ਸੀਨੀਅਰ ਮੀਤ ਪ੍ਰਧਾਨ ਸ਼ਯਾਮ ਸੁੰਦਰ ਦੀਪਤੀ ਤੇ ਜਨਰਲ ਸਕੱਤਰ ਗੁਰਇਕਬਾਲ ਸਿੰਘ ਨੂੰ ਸੌਂਪਿਆ।
ਅਕਾਡਮੀ ਦੇ ਪ੍ਰਧਾਨ ਲਖਵਿੰਦਰ ਸਿੰਘ ਜੌਹਲ ਨੇ ਅਮਰਦੀਪ ਸਿੰਘ ਹਰੀ ਦੇ ਸੁਝਾਵਾਂ ਲਈ ਧੰਨਵਾਦ ਕਰਦਿਆਂ ਕਿਹਾ ਕਿ ਘਾਨਾ ਵਰਗੇ ਮੁਲਕ ਵਿੱਚ ਪੰਜਾਬੀ ਸਾਹਿੱਤ ਤੇ ਭਾਸ਼ਾ ਲਈ ਚਿੰਤਾਤੁਰ ਸ਼ਖ਼ਸੀਅਤ ਦੇ ਅਕਾਡਮੀ ਨਾਲ ਜੁੜਨ ਲਈ ਅਸੀਂ ਮਾਣ ਮਹਿਸੂਸ ਕਰਦੇ ਹਾਂ। ਇਹ ਸਬੰਧ ਜੋੜਨ ਲਈ ਉਨ੍ਹਾਂ ਪੰਜਾਬ ਇਨਫੋਟੈੱਕ ਦੇ ਚੇਅਰਮੈਨ ਹਰਪ੍ਰੀਤ ਸਿੰਘ ਸੰਧੂ ਐਡਵੋਕੇਟ ਦਾ ਵੀ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਬਦੇਸ਼ਾਂ ਚ ਵੱਸਦੇ ਮੈਂਬਰਾਂ ਤੇ ਸਰਪ੍ਰਸਤਾਂ ਨੂੰ ਵੀ ਅਕਾਡਮੀ ਕਾਰਜਾਂ ਲਈ ਸਰਗਰਮ ਕੀਤਾ ਜਾਵੇਗਾ। ਉਨ੍ਹਾਂ ਨੂੰ ਈ ਵੋਟਿੰਗ ਲਈ ਵੀ ਸੰਭਾਨਾਵਾਂ ਲੱਭੀਆਂ ਜਾ ਰਹੀਆਂ ਹਨ।
ਅਕਾਡਮੀ ਦੇ ਸਰਪ੍ਰਸਤ ਬਣਨ ਤੇ ਅਮਰਦੀਪ ਸਿੰਘ ਹਰੀ ਜੀ ਨੂੰ ਅਕਾਡਮੀ ਵੱਲੋਂ ਪ੍ਰਕਾਸ਼ਿਤ ਮਹਾਂਕਵੀ ਟੈਗੋਰ ਦੀਆਂ ਲਿਖਤਾਂ ਦਾ ਸੈੱਟ ਭੇਂਟ ਕੀਤਾ ਗਿਆ। ਉਨ੍ਹਾਂ ਨਾਲ ਆਏ ਵਿਸ਼ਵ ਪ੍ਰਸਿੱਘ ਸੰਗੀਤਕਾਰ ਤੇ ਗੁਰਮਤਿ ਸੰਗੀਤ ਦੇ ਖੋਜੀ ਵਿਦਵਾਨ ਭਾਈ ਬਲਦੀਪ ਸਿੰਘ ਨੂੰ ਵੀ ਪੁਸਤਕਾਂ ਦਾ ਸੈੱਟ ਪ੍ਰਧਾਨ ਜੀ ਤੇ ਕਾਰਜ ਕਾਰਨੀ ਵੱਲੋਂ ਭੇਂਟ ਕੀਤਾ ਗਿਆ।
ਪੰਜਾਬੀ ਸਾਹਿੱਤ ਅਕਾਡਮੀ ਦੇ ਸਾਬਕਾ ਪ੍ਰਧਾਨ ਗੁਰਭਜਨ ਸਿੰਘ ਗਿੱਲ ਨੇ ਇਸ ਮੌਕੇ ਬੋਲਦਿਆਂ ਕਿਹਾ ਕਿ ਅਮਰਦੀਪ ਸਿੰਘ ਹਰੀ ਪੰਜਾਬ ਸਰਕਾਰ ਲਈ ਵੀ ਹੁਨਰ ਵਿਕਾਸ ਦੇ ਖੇਤਰ ਵਿੱਚ ਵਡਮੁੱਲਾ ਹਿੱਸਾ ਪਾਉਣ ਲਈ ਯਤਨਸ਼ੀਲ ਹਨ।
ਇਸ ਮੌਕੇ ਪੰਜਾਬੀ ਭਾਸ਼ਾ ਦੇ ਉੱਘੇ ਨਾਵਲਕਾਰ ਬਲਦੇਵ ਸਿੰਘ ਸੜਕਨਾਮਾ, ਹਰਜੀਤ ਸਿੰਘ ਸੰਧੂ ਮੌਜ਼ੇਕ ਆਰਟਿਸਟ ਨਿਉਯਾਰਕ, ਭਾਈ ਬਲਦੀਪ ਸਿੰਘ ਰਾਗੀ, ਹਰਪ੍ਰੀਤ ਸਿੰਘ ਸੰਧੂ, ਚੇਅਰਮੈਨ ਇਨਫੋਟੈੱਕ ਪੰਜਾਬ,,ਪਰਮਜੀਤ ਸਿੰਘ ਮਾਨ ਬਰਨਾਲਾ ਕਹਾਣੀਕਾਰ, ਭਗਵੰਤ ਸਿੰਘ ਸੰਪਾਦਕ ਜਾਗੋ, ਭਗਵੰਤ ਰਸੂਲਪੁਰੀ ਸੰਪਾਦਕ ਕਹਾਣੀ ਧਾਰਾ, ਕੇ ਸਾਧੂ ਸਿੰਘ, ਹਰਦੀਪ ਢਿੱਲੋਂ, ਸਤਿਨਾਮ ਸਿੰਘ ਮਾਣਕ, ਜਸਬੀਰ ਝੱਜ, ਹਰਵਿੰਦਰ ਸਿੰਘ ਸਿਰਸਾ, ਇੰਦਰਾ ਵਿਰਕ, ਗੁਰਚਰਨ ਕੌਰ ਕੋਚਰ, ਬਲਦੇਵ ਸਿੰਘ ਝੱਜ, ਹਰਬੰਸ ਮਾਲਵਾ, ਇੰਦਰਾ ਵਿਰਕ ਵੀ ਹਾਜ਼ਰ ਸਨ।