ਜਿਹੜੀ ਲੇਖਣੀ ਦੇ ਕੇਂਦਰ ਵਿੱਚ ਮਾਨਵ ਨਹੀਂ, ਉਹ ਲੇਖਣੀ ਅਸਲ ਵਿੱਚ ਲੇਖਣੀ ਨਹੀਂ- ਪ੍ਰੋ. ਗੰਡਮ
- ਸਕੇਪ ਸਾਹਿਤਕ ਸੰਸਥਾ ਵਲੋਂ ਪ੍ਰੋ. ਜਸਵੰਤ ਸਿੰਘ ਗੰਡਮ ਨਾਲ ਕਰਵਾਇਆ ਗਿਆ ਰੂ-ਬ-ਰੂ
ਫਗਵਾੜਾ, 14 ਜੁਲਾਈ 2024 - ਜਿਹੜੀ ਲੇਖਣੀ ਦੇ ਕੇਂਦਰ ਵਿੱਚ ਮਾਨਵ ਨਹੀਂ ਮਨੁੱਖ ਨਹੀਂ, ਉਹ ਲੇਖਣੀ ਅਸਲ ਵਿੱਚ ਲੇਖਣੀ ਨਹੀਂ, ਜੋ ਲਿਖਤ ਲਤਾੜੇ, ਦੱਬੇ ਅਤੇ ਹਾਸ਼ੀਏ ਉੱਤੇ ਧਕੇਲੇ ਗਏ ਲੋਕਾਂ ਦੀ ਗੱਲ ਨਹੀਂ ਕਰਦੀ ਤਾਂ ਵੀ ਉਸ ਦਾ ਕੋਈ ਲਾਭ ਨਹੀਂ। ਇਸ ਲਈ ਸਿਰਫ਼ ਜੀਣ ਨਾਲ ਕੁਝ ਨਹੀਂ ਹੁੰਦਾ,ਸਗੋਂ ਸਾਨੂੰ ਮਨੁੱਖ ਹੋਣ ਦਾ ਹੱਕ ਅਦਾ ਕਰਨਾ ਚਾਹੀਦਾ ਹੈ। ਇਹ ਸ਼ਬਦ ਅੱਜ ਸਕੇਪ ਸਾਹਿਤਕ ਸੰਸਥਾ ਫਗਵਾੜਾ ਵੱਲੋਂ ਕਰਵਾਏ "ਰੂ-ਬ-ਰੂ" ਦੋਰਾਨ ਉੱਘੇ ਲੇਖਕ, ਕਾਲਮ ਨਵੀਸ ਅਤੇ ਪੱਤਰਕਾਰ ਪ੍ਰੋਫੈਸਰ ਜਸਵੰਤ ਸਿੰਘ ਗੰਡਮ ਨੇ ਕਹੇ । ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਸਾਢੇ ਚੁਹੱਤਰ ਸਾਲ ਪਹਿਲਾਂ ਨਿਮਨ ਕਿਸਾਨੀ ਪਰਿਵਾਰ ਵਿੱਚ ਪੈਦਾ ਹੋਏ। ਆਰਥਿਕ ਤੰਗੀਆਂ ਨਾਲ਼ ਜੂਝਦਿਆਂ ਐੱਮ.ਏ. ਅੰਗਰੇਜ਼ੀ ਕੀਤੀ ਅਤੇ ਕਾਲਜ ਵਿੱਚ ਪੜ੍ਹਾਉਂਦਿਆਂ ਸਹਿਜ ਸੁਭਾਅ ਹੀ ਲਾਇਬ੍ਰੇਰੀ ਪੁਸਤਕਾਂ ਪੜ੍ਹਦਿਆਂ ਸਾਹਿਤ ਰਚਨਾ ਕਰਨ ਲੱਗੇ।ਉਹਨਾਂ ਕਿਹਾ ਕਿ ਪੱਤਰਕਾਰੀ ਕਰਦਿਆਂ ਵੀ ਉਹ ਹਮੇਸ਼ਾ ਸੰਘਰਸ਼ ਕਰਦੀਆਂ ਜਮਾਤਾਂ ਨਾਲ਼ ਖੜੇ ਰਹੇ। ਪ੍ਰੋਗਰਾਮ ਦੀ ਸ਼ੁਰੂਆਤ ਮੌਕੇ ਪ੍ਰੋਫੈਸਰ ਜਸਵੰਤ ਸਿੰਘ ਗੰਡਮ ਨੇ ਆਪਣੇ ਵਿਛੜੇ ਦੋਸਤ ਉੱਘੇ ਸ਼ਾਇਰ ਸਵਰਗਵਾਸੀ ਸੁਰਜੀਤ ਪਾਤਰ ਨੂੰ ਯਾਦ ਕਰਦਿਆਂ, ਇਹ ਪ੍ਰੋਗਰਾਮ ਉਹਨਾਂ ਨੂੰ ਸਮਰਪਿਤ ਕਰਕੇ ਆਪਣੀ ਕਵਿਤਾ "ਪਾਤਰਨਾਮਾ" ਸੁਣਾਈ ।
ਐਡਵੋਕੇਟ ਐੱਸ. ਐੱਲ. ਵਿਰਦੀ ਜੀ ਨੇ ਜੋ ਕਿ ਪ੍ਰੋਫੈਸਰ ਸਾਹਿਬ ਦੇ ਵਿਦਿਆਰਥੀ ਰਹੇ ਹਨ, ਉਹਨਾਂ ਬਾਰੇ ਗੱਲ ਕਰਦਿਆਂ ਦੱਸਿਆ ਕਿ ਉਹ ਚੰਗੇ ਅਧਿਆਪਕ ਹੋਣ ਤੋਂ ਇਲਾਵਾ ਕਰਮੱਠ ਤੇ ਨਿਡਰ ਪੱਤਰਕਾਰ ਵੀ ਹਨ ਅਤੇ ਬੀਤੇ ਸਮੇਂ ਵਿੱਚ ਮਨੁੱਖੀ ਅਧਿਕਾਰਾਂ ਦੇ ਰਾਖੇ ਵਜੋਂ ਸਰਗਰਮ ਭੂਮਿਕਾ ਨਿਭਾਉਂਦੇ ਰਹੇ ਹਨ। ਪ੍ਰੋਫੈਸਰ ਗੰਡਮ ਦੇ ਵਿਦਿਆਰਥੀ ਰਹਿ ਚੁੱਕੇ ਰਵਿੰਦਰ ਰਾਏ ਸਹਿਪਾਠੀ ਬਚਨ ਗੁੜਾ ਅਤੇ ਦੋਸਤ ਪ੍ਰਸਿੱਧ ਪੱਤਰਕਾਰ ਟੀ.ਡੀ. ਚਾਵਲਾ ਨੇ ਵੀ ਗੰਡਮ ਸਾਹਿਬ ਬਾਰੇ ਆਪਣੀਆਂ ਯਾਦਾਂ ਸਾਂਝੀਆਂ ਪ੍ਰਿੰ. ਗੁਰਮੀਤ ਸਿੰਘ ਪਲਾਹੀ ਨੇ ਪ੍ਰੋ. ਗੰਡਮ ਬਾਰੇ ਗੱਲ ਕਰਦਿਆਂ ਕਿਹਾ ਕਿ ਪ੍ਰੋਫੈਸਰ ਗੰਡਮ ਦਾ ਲਿਖਣ ਢੰਗ ਨਿਵੇਕਲਾ ਹੈ।ਉਹਨਾਂ ਦੀ ਲੇਖਣੀ ਪੰਜਾਬੀ ਆਲੋਚਕਾਂ ਦੀ ਪਾਰਖੂ-ਅੱਖ ਦਾ ਧਿਆਨ ਮੰਗਦੀ ਹੈ। ਉਹ ਪਾਏਦਾਰ ਵਾਰਤਕ ਲਿਖਣ ਵਾਲੇ ਲੇਖਕ ਹਨ।ਗੁਰਬਾਣੀ ਉਹਨਾਂ ਦੀ ਲੇਖਣੀ ਦਾ ਧੁਰਾ ਹੈ। ਉਹਨਾਂ ਅਨੁਸਾਰ ਸਾਹਿਤ ਰੂਪੀ ਸ਼ੀਸ਼ਾ ਸਮਾਜਿਕ ਵਿਵਸਥਾ ਦੀ ਸਥਿਤੀ ਨੂੰ ਦੇਖ ਕੇ ਉਸ ਵਿੱਚਲੇ ਚਿੱਬਾਂ ਨੂੰ ਠੀਕ ਕਰਨ ਲਈ ਹਥੌੜਾ ਵੀ ਹੈ। ਗੰਡਮ ਦੀਆਂ ਪੁਸਤਕਾਂ ਸੁੱਤੇ ਸ਼ਹਿਰ ਦਾ ਸਫ਼ਰ,ਉੱਗਦੇ ਸੂਰਜ ਦੀ ਅੱਖ, ਕਿਸੇ ਵੀ ਯੂਨੀਵਰਸਿਟੀ ਦੇ ਪੰਜਾਬੀ ਸਾਹਿਤ ਦੇ ਪਾਠਕ੍ਰਮ ਦਾ ਹਿੱਸਾ ਬਣਨ ਦਾ ਹੱਕ ਰੱਖਦੀਆਂ ਹੈ।
ਸਕੇਪ ਪ੍ਰਧਾਨ ਕਮਲੇਸ਼ ਸੰਧੂ ਨੇ ਪ੍ਰੋਫੈਸਰ ਗੰਡਮ ਅਤੇ ਹਾਜ਼ਰ ਸਰੋਤਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।ਸਟੇਟ ਸੰਚਾਲਨ ਦੀ ਜ਼ਿੰਮੇਵਾਰੀ ਰਵਿੰਦਰ ਚੋਟ ਜੀ ਨੇ ਬਾਖ਼ੂਬੀ ਨਿਭਾਈ। ਦਲਜੀਤ ਮਹਿਮੀ, ਸੋਢੀ ਸੱਤੋਵਾਲੀ, ਜਸਵਿੰਦਰ ਫਗਵਾੜਾ,ਬਲਵੀਰ ਕੌਰ ਬੱਬੂ ਸੈਣੀ, ਮਨੋਜ ਫਗਵਾੜਵੀ, ਅਸ਼ੋਕ ਟਾਂਡੀ ਨੇ ਆਪਣੀਆਂ ਰਚਨਾਵਾਂ ਦੀ ਸਾਂਝ ਵੀ ਸਰੋਤਿਆਂ ਨਾਲ ਪਾਈ। ਇਸ ਮੌਕੇ ਹੋਰਨਾਂ ਤੋਂ ਬਿਨਾਂ ਸੋਹਣ ਸਹਿਜਲ,ਰਵਿੰਦਰ ਸਿੰਘ ਰਾਏ, ਬਲਦੇਵ ਰਾਜ ਕੋਮਲ, ਠਾਕੁਰ ਦਾਸ ਚਾਵਲਾ, ਕੈਪਟਨ ਦਵਿੰਦਰ ਸਿੰਘ ਜੱਸਲ, ਸੋਢੀ ਸੱਤੋਵਾਲੀ, ਸੋਹਣ ਸਿੰਘ ਭਿੰਡਰ, ਸ਼ਾਮ ਸਰਗੁੰਦੀ, ਦਲਜੀਤ ਮਹਿਮੀ ਕਰਤਾਰਪੁਰ, ਮਨੋਜ ਫਗਵਾੜਵੀ, ਜਸਵਿੰਦਰ ਕੌਰ ਫਗਵਾੜਾ, ਬਲਬੀਰ ਕੌਰ ਬੱਬੂ ਸੈਣੀ, ਸ੍ਰੀਮਤੀ ਬੰਸੋ ਦੇਵੀ, ਰਘਬੀਰ ਸਿੰਘ ਮਾਨ, ਹਰਜਿੰਦਰ ਸਿੰਘ, ਸੁਖਦੇਵ ਸਿੰਘ, ਸੁਬੇਗ ਸਿੰਘ ਹੰਜਰਾ,ਅਸ਼ੋਕ ਟਾਂਡੀ, ਬਚਨ ਗੁੜਾ, ਮਾਸਟਰ ਸੁਖਦੇਵ ਸਿੰਘ,ਗੁਰਮੀਤ ਸਿੰਘ ਰੱਤੂ, ਪ੍ਰੀਤ ਕੌਰ ਪ੍ਰੀਤੀ, ਅਸ਼ੋਕ ਸ਼ਰਮਾ, ਮਨਦੀਪ ਸਿੰਘ, ਸਿਮਰਤ ਕੌਰ, ਗੁਰਨੂਰ ਕੌਰ, ਅਰਸ਼ਜੋਤ ਕੌਰ, ਗੁਰਮੀਤ ਲੁੱਗਾ ,ਮੋਨਿਕਾ ਬੇਦੀ ਸਾਹਿਬਾ ਜੀਟਨ ਕੌਰ, ਜਸਪਾਲ ਸ਼ਰਮਾ, ਗੁਰਨਾਮ ਬਾਵਾ, ਰਵਿੰਦਰ ਚੋਟ,ਪ੍ਰਭਲੀਨ ਕੌਰ ਆਦਿ ਹਾਜ਼ਰ ਸਨ।