ਗ਼ਜ਼ਲ ਕਾਵਿ ਖੇਤਰ ਵਿਚ ਆਧੁਨਿਕ ਸੀਸੀਫ਼ਸ 'ਮਨ ਦੇ ਬੂਹੇ ਬਾਰੀਆਂ' - ਡਾ. ਜਗਤਾਰ ਸਿੰਘ
ਪ੍ਰਸਿੱਧ ਵਿਦਵਾਨ ਆਲੇ ਅਹਿਮਦ ‘ਸਰੂਰ’ ਦਾ ਇਕ ਸ਼ਿਅਰ ਹੈ:
ਗ਼ਜ਼ਲ ਮੇਂ ਜ਼ਾਤ ਭੀ ਹੈ ਔਰ ਕਾਇਨਾਤ ਭੀ ਹੈ,
ਤੁਮ੍ਹਾਰੀ ਬਾਤ ਭੀ ਹੈ ਔਰ ਹਮਾਰੀ ਬਾਤ ਭੀ ਹੈ।
ਜ਼ਾਤ ਤੋਂ ਕਾਇਨਾਤ ਤਕ ਫੈਲੇ ਦ੍ਰਿਸ਼ਟੀਕੋਣ ਦੀ ਉਦਾਹਰਣ ਗੁਰਭਜਨ ਗਿੱਲ ਦੀਆਂ ਗ਼ਜ਼ਲਾਂ ਵਿਚ ਵੇਖੀ ਜਾ ਸਕਦੀ ਹੈ।
ਵਾਸਤਵ ਵਿਚ ਗੁਰਭਜਨ ਗਿੱਲ ਦੀ ਸ਼ਾਇਰੀ ਜਿਗਰ ਮੁਰਾਦਾਬਾਦੀ ਦੇ ਇਕ ਸ਼ਿਅਰ:-
ਇਕ ਲਫ਼ਜ਼ ਮੁਹੱਬਤ ਕਾ ਅਦਨਾ ਯੇਹ ਫ਼ਸਾਨਾ ਹੈ,
ਸਿਮਟੇ ਤੋ ਦਿਲੇ ਆਸ਼ਕ ਫ਼ੈਲੇ ਤੋ ਜ਼ਮਾਨਾ ਹੈ।
ਦਾ ਪੂਰਾ ਪੂਰਾ ਤਰਜਮਾਨ ਹੈ। ਕਿਉਂਕਿ ਫ਼ੈਲਣ ਤੇ ਸਿਮਟਣ ਦੀ ਪ੍ਰਕ੍ਰਿਆ ਹੀ ਕਿਸੇ ਸ਼ਾਇਰ ਨੂੰ ਆਤਮ ਤੋਂ ਅਨਾਤਮ ਨਾਲ ਜੋੜਦੀ ਹੈ ਅਤੇ ਆਤਮ ਤੋਂ ਅਨਾਤਮ ਨਾਲ ਜੁੜਨ ਦਾ ਰਿਸ਼ਤਾ ਹੀ ਸ਼ਾਇਰ ਨੂੰ ਪੂਰਨਤਾ ਪ੍ਰਰਦਾਨ ਕਰਦਾ ਹੈ। ਸਿਮਟਣ ਤੇ ਫ਼ੈਲਣ ਵਿਚ ਹੀ ਕਾਇਨਾਤ ਦੀ ਪ੍ਰਰਗਤੀ ਛੁਪੀ ਹੋਈ ਹੈ ਜਿਸ ਦੁਆਰਾ ਪਦਾਰਥਾਂ ਦੀ ਹੋਂਦ ਅਤੇ ਅਣਹੋਂਦ ਬਣਦੀ ਮਿਟਦੀ ਰਹਿੰਦੀ ਹੈ।
ਇਸ ਤੋਂ ਬਿਨਾਂ ਗੁਰਭਜਨ ਗਿੱਲ ਦੀ ਸ਼ਾਇਰੀ ਵਿਚ ਰਮਜ਼ੀਅਤ ਦਾ ਕਮਾਲ ਥਾਂ ਥਾਂ ਵਿਦਮਾਨ ਹੈ। ਇਸਦਾ ਇਕ ਦ੍ਰਿਸ਼ਟਾਂਤ ਵੇਖੋ:
ਡੇਰਾ ਬਾਬਾ ਨਾਨਕੋਂ ਕੋਠੇ ਚੜ੍ਹਕੇ ਜੋ ਦਿਸਣ
ਜਿਸਮ ਨਾਲੋਂ ਕੁਤਰ ਕੇ ਸੁੱਟੇ ਗਏ ਪਰ ਯਾਦ ਨੇ।
ਇਸ ਸ਼ਿਅਰ ਵਿਚ ਰਮਜ਼ ਤੇ ਅਣਕਹੀ ਕਵਿਤਾ (unsaid poetry) ਦਾ ਕਮਾਲ ਹੀ ਨਹੀਂ ਛੁਪਿਆ ਹੋਇਆ, ਇਸਦੇ ਪਸੇਮੰਜ਼ਰ (background) ਵਿਚ ਅਸੀਮ ਅਰਥਚਾਰਕ ਸੰਸਾਰ ਵੀ ਹੈ। ਸ਼ਾਇਰ ਸੰਕੇਤ ਨਾਲ ਹੀ ਦੇਸ਼ ਦੀ ਵੰਡ ਕਾਰਨ ਸਾਡੇ ਨਾਲੋਂ ਅਲੱਗ ਕੀਤੀ ਗਈ ਧਰਤੀ, ਰਿਸ਼ਤਿਆਂ, ਧਾਰਮਿਕ ਅਕੀਦਿਆਂ ਤੇ ਮੁਹੱਬਤਾਂ ਵਲ ਇਸ਼ਾਰਾ ਕਰ ਜਾਂਦਾ ਹੈ।
ਇਸ ਤਰ੍ਹਾਂ ਉਸਦੀ ਸ਼ਾਇਰੀ ਰਮਜ਼ਾਂ ਦੀ ਕੈਮੋਫਲਾਜਿਕ (camouflagic) ਜੁਗਤ ਕਾਰਨ ਕਦੇ ਵੀ ਸਪਾਟ ਜਾਂ ਓਪਰੀ ਤੇ ਮਸਨੂਈ ਪ੍ਰਤੀਤ ਨਹੀਂ ਹੁੰਦੀ। ਜੇ ਉਹ ਗੁਰਦੁਆਰਾ ਕਰਤਾਰਪੁਰ ਸਾਹਿਬ ਦਾ ਜ਼ਿਕਰ ਕਰ ਦੇਂਦਾ ਤਾਂ ਇਹ ਸ਼ਿਅਰ ਅਸੀਮ ਅਰਥਾਂ ਦਾ ਸੁਆਮੀ ਨਹੀਂ ਰਹਿਣਾ ਸੀ ਅਤੇ ਇਕ ਵਿਸ਼ੇਸ਼ ਸੰਪਰਦਾਇ (sect) ਤਕ ਸੀਮਤ ਹੋ ਜਾਣਾ ਸੀ। ਇਸ ਰਮਜ਼ੀਅਤ ਨੇ ਹੀ ਸਲਾਸਤ ਤੇ ਤੁਗ਼ਜ਼ਲ ਦਾ ਐਸਾ ਉਸਾਰ ਉਸਾਰਿਆ ਹੈ ਜੋ ਬੇਮਿਸਾਲ ਹੈ। ਸ਼ਾਇਦ ਅਜਿਹੀ ਪ੍ਰਰਗਟਾਅ ਵਿਧੀ ਨੂੰ ਹੀ ਗ਼ਾਲਿਬ ਨੇ 'ਸਾਦਗੀ-ਓ ਪੁਰਕਾਰੀ’ ਦਾ ਕਮਾਲ ਕਿਹਾ ਹੈ। ਅਜਿਹੇ ਲੱਛਣਾਂ ਵਾਲੇ ਉਸਦੇ ਕੁਝ ਹੋਰ ਸ਼ਿਅਰ ਵੇਖੋ:
ਜਿਸਦੀ ਸ਼ੂਕਰ ਦਿੱਲੀ ਤਖ਼ਤ ਡਰਾਉਂਦੀ ਸੀ,
ਅੱਥਰਾ ਦਰਿਆ ਕਿਹੜੇ ਟਿੱਬਿਆਂ ਡੀਕ ਲਿਆ।
ਦਰਿਆ ਸ਼ਬਦ ਕਈ ਤਰ੍ਹਾਂ ਦਾ ਅਰਥਚਾਰਾ ਸੰਭਾਲੀ ਬੈਠਾ ਹੈ। ਇਹ ਦਰਿਆ ਗੁਰੂ ਤੇਗ ਬਹਾਦਰ ਤੋਂ ਲੈ ਕੇ ਸ਼ਹੀਦ ਭਗਤ ਸਿੰਘ ਤਕ, ਊਧਮ ਸਿੰਘ ਤੋਂ ਫ਼ਤਿਆਨਾ ਗ਼ਦਰੀ ਬਾਬਿਆਂ ਜਾਂ ਦੁੱਲੇ ਭੱਟੀ ਤਕ ਕੋਈ ਵੀ ਹੋ ਸਕਦਾ ਹੈ। ‘ਦਰਿਆ’ ਵਰਗੀ ਸ਼ਕਤੀਸ਼ਾਲੀ ਚੀਜ਼ ਨੂੰ 'ਟਿੱਬਿਆਂ' ਵਰਗੇ ਗੀਦੀ ਲੋਕਾਂ ਦਾ ਡੀਕ ਜਾਣਾ ਬਹੁਤ ਵੱਡਾ ਦੁਖਾਂਤ ਹੈ। ਇਹ ਸ਼ਿਅਰ ਪੰਜਾਬ ਦੀ ਖ਼ਤਮ ਹੋ ਰਹੀ ਮਰਦਾਨਗੀ ਬਾਰੇ ਰੁਦਨ ਵੀ ਕਿਹਾ ਜਾ ਸਕਦਾ ਹੈ ਅਤੇ ਦਿੱਲੀ ਦੇ ਦਿਨ-ਬ-ਦਿਨ ਵਧ ਰਹੇ ਦਬਦਬਾ ਤੇ ਚੌਧਰਾਹਟ (hegmony) ਦਾ ਦੁਖਾਂਤ ਵੀ ਕਿਹਾ ਜਾ ਸਕਦਾ ਹੈ। ਉਸਦਾ ਇਕ ਹੋਰ ਸ਼ਿਅਰ ਹੈ:
ਪੌਣ ਜਿਵੇਂ ਤ੍ਰਿਹਾਈ ਹੈ
ਪਾਣੀ ਪੀਵਣ ਆਈ ਹੈ।
ਇਹ ਅੱਤ ਦਾ ਸਾਧਾਰਨ ਸ਼ਿਅਰ ਹੈ ਪਰ ਇਸਦੇ ਅਰਥ ਬੜੇ ਹੀ ਗਹਿਰੇ ਹਨ।
ਵਾਸਤਵ ਵਿਚ ਹਵਾ ਗੈਸਾਂ ਦਾ ਮਿਸ਼ਰਨ ਹੈ ਜਿਸ ਵਿਚ ਆਕਸੀਜਨ (oxygen) ਨਾਈਟਰੋਜਨ (nitrogen) ਤੋਂ ਬਿਨਾਂ ਪਾਣੀ ਦੇ ਵੀ ਵਾਸ਼ਪ ਹਨ। ਹਵਾ ਹੀ ਬ੍ਰਹਿਮੰਡ ਵਿਚ ਵਾਤਾਵਰਣ ਸਿਰਜਦੀ ਹੈ। ਹਵਾ ਤੇ ਪਾਣੀ ਦਾ ਮੇਲ ਮਹਿਬੂਬ ਤੇ ਪ੍ਰਰੀਤਮ ਦੇ ਮਿਲਾਪ ਦੇ ਵੀ ਪ੍ਰਰਤੀਕ ਕਹੇ ਜਾ ਸਕਦੇ ਹਨ। ਅਜਿਹੇ ਸਾਧਾਰਨ ਬਲਕਿ ਅੱਤ ਸਾਧਾਰਨ ਸ਼ਿਅਰ ਵਿਚ ਏਡੇ ਡੂੰਘੇ ਅਰਥ ਪੈਦਾ ਕਰਨੇ ਕੋਈ ਆਸਾਨ ਕੰਮ ਨਹੀਂ।
ਉਸਦਾ ਇਕ ਹੋਰ ਪ੍ਰਰਤੀਕਮਈ ਸ਼ਿਅਰ ਵੇਖੋ ਜੋ ਹਾਸ਼ੀਏ ਤੇ ਪਏ ਲੋਕਾਂ ਦੇ ਦੁਖਾਂਤ ਦੀ ਤਰਜਮਾਨੀ ਕਰ ਰਿਹਾ ਹੈ।
ਮੀਂਹ ਦਾ ਪਾਣੀ ਹੜ੍ਹ ਦਾ ਪਾਣੀ ਏਥੇ ਆਣ ਖਲੋਵੇ,
ਨੀਵੀਂ ਥਾਂ ਤੇ ਉੱਗੇ ਰੁੱਖ ਨੂੰ ਡਾਢੀ ਸਖ਼ਤ ਸਜ਼ਾ।
ਉਸਦੇ ਕੁਝ ਸਾਦੇ ਤੇ ਸਾਧਾਰਨ ਸ਼ਿਅਰਾਂ ਵਿਚ ਅਸਾਧਾਰਨਤਾ ਦਾ ਕਮਾਲ ਵੇਖੋ:
ਮੈਨੂੰ ਖਿੜਦੇ ਫੁੱਲ ਕਿਹਾ,
ਵੇਖ ਮੈਂ ਤੇਰਾ ਬਚਪਨ ਹਾਂ।
ਕਰਫ਼ਿਊ ਕੈਸਾ ਮਨਾਂ ਤੇ ਬਹਿ ਗਿਆ
ਡਰਦਿਆਂ ਨਿਕਲੇ ਨਾ ਬਾਹਰ ਚੀਕ ਵੀ।
ਉਸ ਦਿਨ ਪਿੱਛੋਂ ਅਗ ਦਾ ਸੇਕ ਹੈ ਮੇਰਾ ਪਿੰਡਾ ਸਾੜ ਰਿਹਾ,
ਜਿਸ ਦਿਨ ਦਾ ਮੈਂ ਇਸ ਵਿਚ ਸੜਦਾ ਸੁਰਖ਼ ਗੁਲਾਬ ਹੈ ਦੇਖ ਲਿਆ।
ਗੁਰਭਜਨ ਗਿੱਲ ਨੂੰ ਜਿੱਥੇ ਕਦਮ ਕਦਮ 'ਤੇ ਨਪੀੜੇ ਜਾ ਰਹੇ ਆਮ ਜਨਜੀਵਨ ਦਾ ਦੁੱਖ ਹੈ ਉਥੇ ਦੇਸ਼ ਦੀ ਵੰਡ ਦਾ ਵੀ ਬੜਾ ਦੁੱਖ ਹੈ, ਬਲਕਿ ਜ਼ਿਹਨੀ ਤੌਰ 'ਤੇ ਉਹ ਵੰਡ ਨੂੰ ਸਵੀਕਾਰਨ ਲਈ ਤਿਆਰ ਨਹੀਂ।
ਬਾਬਾ ਨਾਨਕ ਤੇ ਮਰਦਾਨਾ ਜੋਟੀਦਾਰ ਪੁਰਾਣੇ,
ਚੁਸਤ ਮਜ਼ੌਰਾਂ ਵੱਖਰੇ ਕੀਤੇ, ਬਾਣੀ ਅਤੇ ਰਬਾਬ।
ਸਤਲੁਜ ਤੇ ਰਾਵੀ ਵਿਚ ਡੁੱਬੀਆਂ ਹੇਕਾਂ, ਕੂਕਾਂ, ਚੀਕਾਂ,
ਹੰਝੂਆਂ ਨਾਲ ਬਿਆਸਾ ਭਰਿਆ, ਨੱਕੋ ਨਕ ਚਨਾਬ।
ਇਹ ਉੱਚੀ ਪੱਗ ਲੰਮੀ ਧੌਣ ਦੇ ਹੀ ਕਾਰਨੇ ਹੋਇਐ,
ਅਸਾਨੂੰ ਚੀਰਿਆ ਸ਼ੈਤਾਨ ਨੇ ਹੀ ਦੋ ਪੰਜਾਬਾਂ ਵਿਚ।
ਗੁੜ ਦੇ ਚੌਲ, ਨਿਆਜ਼ ਖਾਣ ਨੂੰ ਤਰਸੇ ਹਾਂ,
ਸਾਡੇ ਪਿੰਡ 'ਚੋਂ ਢਹਿ ਗਏ ਤਕੀਏ ਪੀਰਾਂ ਦੇ।
ਗੁਰਭਜਨ ਗਿੱਲ ਦੀ ਸ਼ਾਇਰੀ ਦੀ ਇਕ ਹੋਰ ਵਿਸ਼ੇਸ਼ਤਾ ਹੈ ਮਰ ਰਹੀਆਂ ਰਹੁ-ਰੀਤਾਂ, ਲੋਕ-ਕਾਵਿ ਮੁਹਾਵਰੇ, ਲੋਪ ਹੋ ਰਹੇ ਸ਼ਬਦ ਭੰਡਾਰ ਦੀ ਪੁਨਰ ਸੁਰਜੀਤੀ ਅਤੇ ਜੀਵਤ ਪ੍ਰਰੰਪਰਾਈ ਰੰਗਾਂ ਨੂੰ ਵਰਤਮਾਨਿਕ-ਮਾਹੌਲ ਨਾਲ ਜੋੜਨ ਦੀ ਕੋਸ਼ਿਸ਼। ਇਹ ਕੋਸ਼ਿਸ਼ ਹੀ ਉਸਦੇ ਗ਼ਜ਼ਲ ਕਾਵਿ ਨੂੰ ਪੰਜਾਬੀ ਦੇ ਕੁੱਲ ਗ਼ਜ਼ਲ ਕਾਵਿ ਤੋਂ ਵਖਰਿਆਉਂਦੀ ਹੈ। ਇਸਦੇ ਢੇਰਾਂ ਪ੍ਰਰਮਾਣ ਉਸਦੀਆਂ ਗ਼ਜ਼ਲਾਂ ਵਿਚੋਂ ਦਿੱਤੇ ਜਾ ਸਕਦੇ ਹਨ।
ਇਹ ਵਿਗਿਆਨਕ ਅਤੇ ਕਾਵਿਕ-ਸੱਚ ਹੈ ਕਿਸੇ ਕਿਸੇ ਗ਼ਜ਼ਲ ਦਾ ਮੁਕੱਦਰ ਹੀ ਅਜਿਹਾ ਹੁੰਦਾ ਹੈ ਕਿ ਉਸ ਵਿਚ ਭਰਤੀ ਦਾ ਕੋਈ ਸ਼ਿਅਰ ਨਾ ਹੋਵੇ। ਪਰ ਗੁਰਭਜਨ ਗਿੱਲ ਦੀਆਂ ਕੁਝ ਇਕ ਗ਼ਜ਼ਲਾਂ ਵਿਚ ਇਹ ਗੁਣ ਵੀ ਵਿਦਮਾਨ ਹੈ। ਇਕ ਪ੍ਰਮਾਣ ਵੇਖੋ:
ਯਤਨ ਕਰਾਂਗਾ ਮੱਥੇ ਵਿਚਲੀ, ਬਲਦੀ ਅੱਗ ਨੂੰ ਠਾਰ ਦਿਆਂ।
ਆਪਣੇ ਵਿਚਲਾ ਅੱਥਰਾ ਘੋੜਾ ਮਾਰ ਮਾਰ ਕੇ ਮਾਰ ਦਿਆਂ।
ਪਰ ਇਹ ਵੀ ਨਹੀਂ ਕਿ ਉਸਦੀ ਸਾਰੀ ਸ਼ਾਇਰੀ ਫ਼ਿਕਰ (concern) ਦੀ ਸ਼ਾਇਰੀ ਹੈ। ਉਸਦੀ ਸ਼ਾਇਰੀ ਦਾ ਅਜਿਹਾ ਪ੍ਰਰਗਟਾਵਾ ਵੀ ਸਹਿਜੇ ਹੀ ਮਿਲ ਜਾਂਦਾ ਹੈ ਜੋ ਜ਼ਿਕਰ ਤਕ ਹੀ ਮਹਿਦੂਦ ਹੈ।
ਪਰ ਉਸਦੇ ਕੁਝ ਸ਼ਿਅਰ ਤਾਂ ਬੜੇ ਮਾਰਮਿਕ, ਅਭੁੱਲ ਤੇ ਅਮੁੱਲੇ ਹਨ। ਜਿਸ ਨੂੰ ਮੈਂ ਆਪਣੀ ਪਸੰਦ ਵੀ ਕਹਿ ਸਕਦਾ ਹਾਂ। ਜਿਵੇਂ:
ਅਰਸ਼ ਵਿਚ ਡਾਰ ਤਕ ਮੁਰਗ਼ਾਬੀਆਂ ਦੀ,
ਕੁਈ ਰੇਤੇ 'ਚ ਪੈੜਾਂ ਟੋਲਦਾ ਹੈ।
ਇਹ ਸੰਨਾਟਾ ਉਦਾਸੀ ਪੌਣ ਕਹਿਰੀ
ਦੋਹਾਂ ਦਾ ਰੂਪ ਮੇਰੇ ਘਰ ਜਿਹਾ ਸੀ।
ਜੇ ਤਪਦੇ ਥਲ 'ਚ ਸੂਰਜ ਵੀ ਨਾ ਹੁੰਦਾ
ਤੂੰ ਅਪਣੀ ਛਾਂ ਲਈ ਤਰਸਣਾ ਸੀ।
ਸੋਚਾਂ ਦੀ ਹਨੇਰੀ ਵਿਚ ਮੈਂ ਖਿੰਡ ਗਿਆਂ ਏਦਾਂ,
ਬੂਹੇ 'ਤੇ ਖੜੋਤਿਆਂ ਵੀ ਸੌ ਮੀਲ ’ਤੇ ਘਰ ਲੱਗੇ।
ਕਤਰਨ ਨੂੰ ਉਹ ਪਰ ਮੇਰੇ, ਫਿਰ ਲੈਕੇ ਤੇ ਆਏ ਨੇ,
ਕੈਂਚੀ ਵੀ ਉਹ ਜਿਸ ਨੂੰ ਕਿ ਸੋਨੇ ਦੇ ਨੇ ਪਰ ਲੱਗੇ।
ਗੁਰਭਜਨ ਗਿੱਲ ਨੇ ਗ਼ਜ਼ਲਾਂ ਦੇ ਰੂਪਕ ਪੱਖ ਬਾਰੇ ਵੀ ਕੁਝ ਤਜਰਬੇ ਕੀਤੇ ਹਨ। ਕਿਤੇ ਸੁਲਤਾਨ ਬਾਹੂ ਦੀ ਰਵਸ਼ ਅਖ਼ਤਿਆਰ ਕੀਤੀ ਹੈ ਤੇ ਕਿਤੇ ਪੀਲੂ ਦੀ। ਕਿਤੇ ਲੋਕ-ਕਾਵਿ ਦੀਆਂ ਧਾਰਨਾਂ ਸੁਰਜੀਤ ਕੀਤੀਆਂ ਹਨ ਤੇ ਕਿਤੇ ਕਬਿੱਤ ਦਾ ਛੰਦ ਅਪਣਾਇਆ ਹੈ।
ਇਕ ਫ਼ਾਰਸੀ ਵਿਦਵਾਨ ਨੇ ਕਿਹਾ ਸੀ ਕਿ ਜਿਸ ਸ਼ਾਇਰ ਕੋਲ ਪੇਂਡੂ ਪਿਛੋਕੜ ਨਹੀਂ ਉਸ ਕੋਲ ਪ੍ਰਰਗਟਾਅ ਵਿਧੀ ਅੰਦਰ ਸ਼ਬਦਾਂ ਦੀ ਸਦਾ ਥੁੜ ਰਹੇਗੀ। ਗੁਰਭਜਨ ਗਿੱਲ ਸਗਵਾਂ ਪੇਂਡੂ ਪਿਛੋਕੜ ਵਾਲਾ ਸ਼ਾਇਰ ਹੈ ਏਸੇ ਲਈ ਉਸ ਕੋਲ ਸੱਚੀ ਸੁੱਚੀ ਭਾਸ਼ਾ ਦਾ ਭੰਡਾਰਾ ਹੈ।
ਅੱਜ ਦੇ ਬਹੁਤੇ ਕਵੀ ਤੇ ਖਾਸ ਕਰਕੇ ਕਵਿਤ੍ਰੀਆਂ (ਗ਼ਜ਼ਲਗੋ) ਸਵੈ-ਤਰਸ ਦੇ ਭਾਗੀ ਬਣ ਕੇ ਲੋਕਾਂ/ਪਾਠਕਾਂ/ਆਲੋਚਕਾਂ ਤੋਂ ਤਰਸ ਰਾਹੀਂ ਸਥਾਪਨਾ ਦੀ ਖ਼ੈਰਾਇਤ ਲੈਣਾ ਚਾਹੁੰਦੇ ਹਨ ਪਰ ਗੁਰਭਜਨ ਦੀ ਸ਼ਾਇਰੀ ਵਿਚ ਅਜਿਹੀ ਖ਼ੈਰ ਦੀ ਪ੍ਰਰਸੰਸਾ ਲੈਣ ਦੇ ਕਿਤੇ ਵੀ ਚਿੰਨ੍ਹ ਵਿਖਾਈ ਨਹੀਂ ਦਿੰਦੇ। ਬਲਕਿ ਉਹ ਨਿਰਾਸ਼ਾ ਦੇ ਹਨੇਰੇ ਵਿਚ ਸੂਰਜ ਵਾਂਗ ਮਘਦਾ ਹੈ:
ਇਸਨੂੰ ਵੇਖ ਉਦਾਸ ਨਹੀਂ ਹੈ ਜੂਨ ਮਹੀਨੇ ਕੇਸੂ,
ਸੂਹੇ ਸੂਰਜ ਹਰ ਟ੍ਹਾਣੀ 'ਤੇ ਪੱਤਰ ਟਾਵੇਂ ਟਾਵੇਂ।
ਮੈਂ ਤੇਰੇ ਤੋਂ ਕੁਝ ਨਈ ਮੰਗਦਾ, ਠੀਕਰੀਆਂ ਨਾ ਲੀਰਾਂ,
ਕਰ ਅਰਦਾਸ ਉਮਰ ਭਰ ਤੁਰੀਏ ਇਕ ਦੂਜੇ ਦੀ ਛਾਵੇਂ।
ਲਫ਼ਜ਼ਾਂ ਦੇ ਸੁਰ ਨੇ ਮਿਲਕੇ 'ਨ੍ਹੇਰੇ' ਨੂੰ ਚੀਰਨਾ ਹੈ,
ਖ਼ਾਮੋਸ਼ੀਆਂ ਨੂੰ ਤੋੜੋ ਦਰਦੀਲੀ ਹੇਕ ਲਾ ਕੇ।
ਜਿਹੜੇ ਲੋਕ ਇਹ ਕਹਿੰਦੇ ਹਨ ਕਿ ਗ਼ਜ਼ਲ ਵਿਚ ਸਾਰੇ ਸਰੋਕਾਰ ਨਹੀਂ ਸਮੇਟੇ ਜਾ ਸਕਦੇ ਉਹਨਾਂ ਨੂੰ ਗੁਰਭਜਨ ਦੀ ਸ਼ਾਇਰੀ ਜ਼ਰੂਰ ਪੜ੍ਹਨੀ ਚਾਹੀਦੀ ਹੈ। ਪਿੰਡਾਂ ਵਿਚ ਆ ਰਹੇ ਬਦਲਾਉ ਤੋਂ ਲੈ ਕੇ ਸ਼ਹਿਰੀ ਲੋਕਾਂ ਦੀ ਤੋਤਾ ਚਸ਼ਮੀ ਤਕ, ਪਿਆਰ ਮੁਹੱਬਤ ਦੇ ਪਾਕ ਜਜ਼ਬੇ ਵਿਚ ਆ ਰਹੀ ਖੁਦਗਰਜ਼ੀ ਤੇ ਮਨਾਫ਼ਕਤ (hypocrisy) ਤੋਂ ਇਨਸਾਨੀ ਰਿਸ਼ਤਿਆਂ ਵਿਚ ਪੈ ਰਹੀਆਂ ਵਿੱਥਾਂ ਤਕ, ਪਦਾਰਥਾਂ ਦੇ ਮੰਡੀਕਰਨ ਤੋਂ ਲੈ ਕੇ ਇਕਲਾਪੇ ਦੀ ਕੁੰਠਾ ਤਕ, ਦੇਸ਼ ਦੀ ਵੰਡ ਦੇ ਦੁਖਾਂਤ ਦੇ ਸਰਾਪੇ ਪੰਜਾਬ ਦੇ ਸੰਤਾਪ ਤਕ ਤੇ ਹਾਸ਼ੀਏ ਤਕ ਸੀਮਤ ਲੋਕਾਂ ਦੇ ਸਰੋਕਾਰਾਂ ਦੀ ਅਭਿਵਿਅਕਤੀ ਸਹਿਜੇ ਹੀ ਉਸਦੀਆਂ ਗ਼ਜ਼ਲਾਂ ਵਿਚ ਵੇਖੀ ਜਾ ਸਕਦਾ ਹੈ। ਕੁਝ ਸ਼ਿਅਰ ਵੇਖੋ:
ਸੋਚਾਂ ਦੀ ਹਨੇਰੀ ਵਿਚ ਮੈਂ ਖਿੰਡ ਗਿਆਂ ਏਦਾਂ,
ਬੂਹੇ ਤੇ ਖੜੋਤਿਆਂ ਵੀ ਸੌ ਮੀਲ 'ਤੇ ਘਰ ਲੱਗੇ।
ਮੀਂਹ ਦਾ ਪਾਣੀ ਹੜ੍ਹ ਦਾ ਪਾਣੀ ਏਥੇ ਆਣ ਖਲੋਵੇ,
ਨੀਵੀਂ ਥਾਂ ਤੇ ਉੱਗੇ ਰੁੱਖ ਨੂੰ ਡਾਢੀ ਸਖ਼ਤ ਸਜ਼ਾ।
ਕੌਣ ਕਰੇ ਮਹਿਮਾਨ ਨਵਾਜ਼ੀ ਪਿੰਡ ਗਿਆਂ ਤੇ ਸਾਡੀ,
ਦੋਧੀ ਲੈ ਗਏ ਦੁੱਧ ਨਗਰ ਨੂੰ ਮਿੱਲਾਂ ਵਾਲੇ ਗੰਨੇ।
ਵਾਸਤਵ ਵਿਚ ਉਸਦੀਆਂ ਗ਼ਜ਼ਲਾਂ ਵਿਚ ਏਨੇ ਪਹਿਲੂ ਹਨ ਕਿ ਸਾਰਿਆਂ ਦਾ ਜ਼ਿਕਰ ਕਰਨਾ ਸੰਭਵ ਪ੍ਰਤੀਤ ਨਹੀਂ ਹੋ ਰਿਹਾ।
ਜੇ ਮੈਂ ਕੁਝ ਸ਼ਬਦਾਂ ਵਿਚ ਹੀ ਕਹਿਣਾ ਹੋਵੇ ਤਾਂ ਏਹੀ ਕਹਾਂਗਾ ਕਿ ਗੁਰਭਜਨ ਗਿੱਲ ਪੰਜਾਬੀ ਗ਼ਜ਼ਲ ਕਾਵਿ ਖੇਤਰ ਵਿਚ ਅਜਿਹਾ ਸੀਸੀਫ਼ਸ (sisyphus) ਹੋ ਜੋ ਸਮਕਾਲੀ ਗ਼ਜ਼ਲਗੋਆਂ ਦੇ ਡਿੱਗ ਰਹੇ ਗਰਾਫ਼ ਨੂੰ ਹਰ ਰੋਜ਼ ਇਕ ਸਿਖ਼ਰ ਤੇ ਲੈ ਜਾਂਦਾ ਹੈ, ਗਰਾਫ਼ ਰੋਜ਼ ਡਿੱਗਦਾ ਹੈ ਤੇ ਉਹ ਰੋਜ਼ ਸਿਖ਼ਰ ਤੇ ਲੈ ਜਾਂਦਾ ਹੈ। ਉਹ ਇਹ ਸਜ਼ਾ ਖਿੜੇ ਮੱਥੇ ਭੁਗਤ ਰਿਹਾ ਹੈ, ਸ਼ਾਇਦ ਇਹ ਸਿਲਸਿਲਾ ਉਦੋਂ ਤੱਕ ਜਾਰੀ ਰਹੇ ਜਦੋਂ ਤਕ ਕੋਈ ਹੋਰ ਸੀਸੀਫ਼ਸ (sisyphus) ਗੁਰਭਜਨ ਗਿੱਲ ਦੀ ਥਾਂ ਨਹੀਂ ਲੈ ਲੈਂਦਾ।