ਜੈਤੋ 20 ਅਗਸਤ, 2016 : ਵਿਸ਼ਵ ਪ੍ਰਸਿਧ ਪਦਮਸ਼੍ਰੀ ਨਾਵਲਕਾਰ ਪ੍ਰੋਫ਼ੈਸਰ ਗੁਰਦਿਆਲ ਸਿੰਘ ਗਿਆਨਪੀਠ ਪੁਰਸਕਾਰ ਵਿਜੇਤਾ 16 ਅਗਸਤ ਨੂੰ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਆਖ਼ ਗਏ ਸਨ। ਉਹ ਪਿਛਲੇ ਕੁਝ ਦਿਨਾਂ ਤੋਂ ਬਠਿੰਡਾ ਦੇ ਮੈਕਸ ਹਸਪਤਾਲ ਵਿਚ ਦਾਖ਼ਲ ਸਨ। ਉਨ•ਾਂ ਦਾ ਅੰਤਮ ਸੰਸਕਾਰ 18 ਅਗਸਤ 2016 ਵੀਰਵਾਰ ਨੂੰ ੇ ਜੈਤੋ (ਫ਼ਰੀਦਕੋਟ) ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ। ਉਹਨਾਂ ਦੀ ਯਾਦ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਸ਼ਰਧਾਂਜਲੀ ਸਮਾਗਮ 21 ਅਗਸਤ ਨੂੰ ਗੁਰਦੁਆਰਾ ਗੰਗਸਰ ਸਾਹਿਬ ਜੈਤੋ ਵਿਖੇ ਦੁਪਿਹਰ 12 ਵਜੇ ਹੋ ਰਿਹਾ ਹੈ। ਜਿਸ ਵਿੱਚ ਵੱਡੀ ਗਿਣਤੀ ਵਿੱਚ ਮਾਂ ਬੋਲੀ ਪੰਜਾਬੀ ਨੂੰ ਪਿਆਰ ਕਰਨ ਵਾਲੇ ਸਾਹਿਤਕਾਰ,ਨਾਵਲਕਾਰ,ਬੁੱਧੀਜੀਵੀ,ਪੱਤਰਕਾਰ,ਰਾਜਨੀਤਿਕ ਨੇਤਾ,ਕਿਸਾਨ ਜਥੇਬੰਦੀਆਂ ਦੇ ਆਗੂ, ਸਕੂਲਾਂ 'ਤੇ ਯੂਨੀਵਰਸਿਟੀਆਂ ਦੇ ਅਧਿਆਪਕ,ਉਹਨਾਂ ਦੇ ਵਿਦਿਆਰਥੀ,ਸ਼ੁਭ ਚਿੰਤਕ,ਰਿਸ਼ਤੇਦਾਰ,ਦੋਸਤ ਮਿੱਤਰ,ਜੈਤੋ ਦੇ ਇਲਾਕਾ ਨਿਵਾਸੀ ਵੱਡੀ ਗਿਣਤੀ ਵਿੱਚ ਸ਼ਰਧਾ ਦੇ ਫੁੱਲ ਭੇਂਟ ਕਰਨ ਲਈ ਪਹੁੰਚ ਰਹੇ ਹਨ।
ਪ੍ਰੋਫ਼ੈਸਰ ਗੁਰਦਿਆਲ ਸਿੰਘ ਦਾ ਜਨਮ ਮਿਤੀ 10 ਜਨਵਰੀ, 1933 ਨੂੰ ਹੋਇਆ। ਉਹ ਆਪਣੇ ਪਿੱਛੇ ਪਤਨੀ ਬਲਵੰਤ ਕੌਰ,ਬੇਟਾ ਰਵਿੰਦਰ ਸਿੰਘ ਰਾਹੀ, ਦੋ ਬੇਟੀਆਂ ਮਨਜੀਤੀ ਅਤੇ ਸੁਮੀਤੀ ਅਤੇ ਪੋਤਰਿਆਂ ਨੂੰ ਛੱਡ ਗਏ ਹਨ। ਉਹ ਭਾਰਤ ਦੇ ਮਹਾਨ ਲੇਖਕ ਸਨ ਜਿਨ•ਾਂ ਨੂੰ ਨਾਵਲ ਲਿਖਣ ਤੇ ਭਾਰਤ ਦੇ ਪ੍ਰਸਿੱਧ ਗਿਆਨ ਪੀਠ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਅਤੇ ਭਾਰਤ ਦੇ ਰਾਸ਼ਟਰਪਤੀ ਵੱਲੋ ਉਹਨਾਂ ਨੂੰ ਪਦਮ ਸ਼੍ਰੀ ਐਵਾਰਡ ਨਾਲ ਵੀ ਨਿਵਾਜਿਆ ਗਿਆ,'ਜਵਾਹਰ ਲਾਲ ਨਹਿਰੂ' ਐਵਾਰਡ ਸਮੇਤ ਅਨੇਕਾਂ ਕੌਮੀ ਤੇ ਕੌਮਾਂਤਰੀ ਪੁਰਸਕਾਰਾਂ ਨਾਲ ਸੁਸਜਤ ਮਾਂ-ਬੋਲੀ ਦੇ ਸਮਰੱਥ ਨਾਵਲਕਾਰ ਗੁਰਦਿਆਲ ਸਿੰਘ ਦੇ ਅੰਦਰਲੇ ਕਲਾਕਾਰ ਨੂੰ ਬਹੁਤ ਚਿਰ ਰਚਨਾਤਮਿਕ ਆਪੇ ਦੇ ਪ੍ਰਗਟਾਵੇ ਦਾ ਮਾਧਿਅਮ ਨਹੀਂ ਮਿਲਿਆ। ਉਨ•ਾਂ ਚਿਤਰਕਾਰੀ ਆਰੰਭੀ ਤੇ ਇਸ ਉਪਰੰਤ ਉਨ•ਾਂ ਗਾਇਕੀ ਸ਼ੁਰੂ ਕੀਤੀ ਤੇ ਆਪਣੇ ਨਗਰ ਜੈਤੋ ਦੇ ਗੁਰਦੁਆਰਾ ਗੰਗਸਰ ਵਿਚ ਉਹ ਕੀਰਤਨ ਵੀ ਕਰਦੇ ਰਹੇ। ਇੱਥੇ ਵੀ ਜਦ ਉਨ•ਾਂ ਦੀ ਤ੍ਰਿਪਤੀ ਨਾ ਹੋਈ ਤਾਂ ਉਹ ਲਿਖਣ ਕਲਾ ਵੱਲ ਮੁੜੇ ਤੇ 'ਰਾਹੀ' ਦੇ ਤਖ਼ੱਲਸ ਨਾਲ ਲਿਖਣਾ ਆਰੰਭਿਆ। ਉਨ•ਾਂ ਦੀ ਪਹਿਲੀ ਪੁਸਤਕ ਸੀ 'ਗੰਗਸਰ ਦੇ ਸ਼ਹੀਦ'। ਕਲਮ ਨਾਲ ਉਨ•ਾਂ ਦਾ ਸਬੰਧ ਜੁੜਿਆ ਤਾਂ ਇਹ ਸਦੀਵੀ ਬਣ ਗਿਆ ਤੇ ਉਨ•ਾਂ ਜੋ ਵੀ ਲਿਖਿਆ ਉਸਨੇ ਆਲੋਚਕ ਅਤੇ ਪਾਠਕ ਜਗਤ ਵਿਚ ਮਾਣ-ਮੱਤੀਆਂ ਤਰੰਗਾਂ ਛੇੜੀਆਂ। ਉਨ•ਾਂ ਦੇ ਪਹਿਲੇ ਕਹਾਣੀ-ਸੰਗ੍ਰਿਹ 'ਸੱਗੀ ਫ਼ੁੱਲ' ਨਾਲ ਉਹ ਕਹਾਣੀਕਾਰ ਤੇ 'ਸੱਗੀ-ਫ਼ੁੱਲ ਵਾਲਾ ਗੁਰਦਿਆਲ ਸਿੰਘ' ਬਣ ਗਏ। ਉਨ•ਾਂ ਦੀਆਂ ਅਨੇਕਾਂ ਕਹਾਣੀਆਂ ਲਗਾਤਾਰ ਉਸ ਵੇਲੇ ਦੇ ਨਾਮਵਰ ਰਸਾਲਿਆਂ ਵਿਚ ਛਪਦੀਆਂ ਰਹੀਆਂ। 1964 ਵਿਚ ਉਨ•ਾਂ ਦਾ ਪਲੇਠਾ ਨਾਵਲ 'ਮੜ•ੀ ਦਾ ਦੀਵਾ' ਪ੍ਰਕਾਸ਼ਿਤ ਹੋਇਆ ਜਿਸਨੂੰ ਡਾ. ਨਾਮਵਰ ਸਿੰਘ, ਡਾ. ਅਤਰ ਸਿੰਘ, ਡਾ. ਅਮਰੀਕ ਸਿੰਘ ਅਤੇ ਡਾ. ਜੋਗਿੰਦਰ ਸਿੰਘ ਰਾਹੀ ਵਰਗੇ ਸਮਰੱਥ ਆਲੋਚਕਾਂ ਨੇ ਪੰਜਾਬੀ ਨਾਵਲਕਾਰੀ ਵਿਚ 'ਟ੍ਰੈਂਡ ਸੈੱਟਰ' ਕਰਾਰ ਦਿੱਤਾ। ਹਿੰਦੀ ਅਤੇ ਅੰਗਰੇਜ਼ੀ ਤੋਂ ਇਲਾਵਾ ਰੂਸੀ ਭਾਸ਼ਾ ਵਿਚ ਇਸਦੀਆਂ ਪੰਜ ਲੱਖ ਕਾਪੀਆਂ ਵਿਕੀਆਂ। ਉਨ•ਾਂ ਦੇ ਨਾਵਲ 'ਅੱਧ ਚਾਨਣੀ ਰਾਤ' ਨੂੰ ਸਾਹਿਤ ਅਕਾਦਮੀ ਪੁਰਸਕਾਰ ਮਿਲਿਆ। ਨਾਵਲ 'ਅੰਨ•ੇ ਘੋੜੇ ਦਾ ਦਾਨ' 'ਤੇ ਆਧਾਰਿਤ ਪਹਿਲੀ ਪੰਜਾਬੀ ਫ਼ਿਲਮ ਹੈ ਜਿਹੜੀ 68 ਸਾਲਾਂ ਬਾਅਦ ਇਟਲੀ ਦੇ ਅੰਤਰ-ਰਾਸ਼ਟਰੀ ਫ਼ਿਲਮ ਮੇਲੇ ਵਿਚ ਵਿਖਾਈ ਗਈ। ਇਸ ਤੋਂ ਇਲਾਵਾ ਪੰਜ ਹੋਰ ਦੇਸ਼ਾਂ ਵਿਚ ਪ੍ਰਦਰਸ਼ਿਤ ਕੀਤੀ ਜਾ ਚੁੱਕੀ ਹੈ। ਅਤਿ ਨਿਮਨ ਪੇਂਡੂ ਵਰਗ ਦੇ ਜੀਵਨ ਅਤੇ ਉਸਨੂੰ ਦਰਪੇਸ਼ ਦੀਰਘ ਮੁਸ਼ਕਲਾਤ ਦੇ ਚਿਤੇਰੇ ਗੁਰਦਿਆਲ ਸਿੰਘ ਨੇ ਸਦਾ ਇਕ ਪ੍ਰਤੀਬੱਧ ਲੇਖਕ ਵੱਜੋਂ ਆਪਣਾ ਅਕਸ ਬਰਕਰਾਰ ਰੱਖਿਆ। ਉਨ•ਾਂ ਦੇ ਨਾਵਲ 'ਅਣਹੋਏ', 'ਕੁਵੇਲਾ', 'ਪਹੁ ਫ਼ੁਟਾਲੇ ਤੋਂ ਪਹਿਲਾਂ', 'ਪਰਸਾ', 'ਰੇਤੇ ਦੀ ਇਕ ਮੁੱਠੀ' ਅਤੇ 'ਆਹਣ' ਤੋਂ ਇਲਾਵਾ ਕਈ ਕਹਾਣੀ-ਸੰਗ੍ਰਹਾਂ ਨੂੰ ਵੀ ਪੰਜਾਬੀ ਪਾਠਕਾਂ ਦਾ ਭਰਪੂਰ ਪਿਆਰ ਮਿਲਿਆ ਹੈ। ਮਾਂ-ਬੋਲੀ ਦੀ ਝੋਲੀ ਵਿਚ 'ਗਿਆਨਪੀਠ ਪੁਰਸਕਾਰ' ਪਾਉਣ ਵਾਲੇ ਪੰਜਾਬੀ ਦੇ ਉਹ ਦੂਜੇ ਮਾਣਯੋਗ ਲੇਖਕ ਸਨ। ਉਨ•ਾਂ ਸੰਸਾਰ ਸਾਹਿਤ ਦੀਆਂ ਕਈ ਉਚਤਮ ਕਿਰਤਾਂ ਦੇ ਪੰਜਾਬੀ ਅਨੁਵਾਦ ਕਰਕੇ ਪਾਠਕਾਂ ਦੀ ਭੇਟ ਕੀਤੇ। ਹਾਲ ਹੀ ਵਿਚ ਉਨ•ਾਂ ਦੀ ਸਵੈ-ਜੀਵਨੀ 'ਨਿਆਣਮੱਤੀਆਂ' ਅੰਗਰੇਜ਼ੀ ਵਿਚ ਅਨੁਵਾਦ ਹੋ ਕੇ ਛਪੀ ਹੈ। ਭਾਰਤ ਸਰਕਾਰ ਨੇ ਉਨ•ਾਂ ਨੂੰ 'ਪਦਮ ਸ਼੍ਰੀ' ਦੇ ਵੱਕਾਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ। ਵਰਨਣਯੋਗ ਹੈ ਕਿ ਭਾਰਤੀਯ ਸਾਹਿਤ ਅਕਾਦਮੀ ਨਵੀਂ ਦਿੱਲੀ ਵੱਲੋਂ ਉਨ•ਾਂ ਲਈ ਲਾਈਫ਼ ਫ਼ੈਲੋਸ਼ਿਪ ਦਾ ਐਲਾਨ ਕੀਤਾ ਹੋਇਆ ਸੀ ਜਿਸ ਨੂੰ ਜੈਤੋ ਸਥਿਤ ਪੰਜਾਬੀ ਯੂਨੀਵਰਸਿਟੀ ਦੇ ਕੰਸਟੀਚੂਐਂਟ ਕਾਲਜ ਵਿਖੇ ਅਕਾਦਮੀ ਵੱਲੋਂ ਆਉਂਦੇ ਦਿਨਾਂ ਵਿਚ ਉਨ•ਾਂ ਦੇ ਆਪਣੇ ਲੋਕਾਂ ਵਿਚ ਸ਼ਾਨਦਾਰ ਸਮਾਰੋਹ ਕਰਕੇ ਪ੍ਰਦਾਨ ਕੀਤਾ ਜਾਣਾ ਸੀ । ਪ੍ਰੋ: ਗੁਰਦਿਆਲ ਸਿੰਘ ਰਾਹੀ ਅਤੇ ਨਾਵਲਕਾਰ ਨਾਨਕ ਸਿੰਘ ਹੀ ਅਜਿਹੇ ਮਹਾਨ ਲੇਖਕ ਹਨ ਜਿੰਨ•ਾਂ ਦਾ ਫੁੱਲ ਲੇਖਕ ਵਰਕ ਛਪਿਆ ਹੈ। ਪ੍ਰੋਫ਼ੈਸਰ ਗੁਰਦਿਆਲ ਸਿੰਘ ਨੇ ਜੈਤੋ ਮੰਡੀ ਦਾ ਨਾਮ ਪੂਰੇ ਸੰਸਾਰ ਵਿੱਚ ਪ੍ਰਸਿੱਧ ਕੀਤਾ ਜਿਸ ਤੇ ਸਮੂਹ ਇਲਾਕਾ ਨਿਵਾਸੀਆਂ ਨੂੰ ਮਾਣ ਵੀ ਹੈ ਅਤੇ ਉੁਹਨਾਂ ਦੇ ਅਕਾਲ ਚਲਾਣਾ ਕਰ ਜਾਣ ਤੇ ਸਮੂਹ ਇਲਾਕਾ ਨਿਵਾਸੀਆਂ,ਲੇਖਕਾਂ,ਪੱਤਰਕਾਰਾਂ,ਸਾਹਿਤਕਾਰਾਂ ਆਦਿ ਨੇ ਡੂੰਘੇ ਦੁੱਖ ਦਾ ਪ੍ਰਗਟਾਵਾਂ ਕੀਤਾ ਹੈ।