ਵਿਚਾਰ-ਚਰਚਾ ਲੜੀ ਬਿਬੇਕ ਗੋਸ਼ਟਿ ਦਾ 33ਵਾਂ ਭਾਗ ਕਰਵਾਇਆ ਗਿਆ
- ਫੈਨੋ ਦੀ ਲ਼ਿਖ਼ਤਾਂ ਰਾਹੀਂ ਗਾਂਧੀ ਅਤੇ ਭਾਰਤੀ ਸੁਧਾਰਕ ਲਹਿਰਾਂ ਦਾ ਹੋਵੇ ਪੁਨਰ-ਵਿਸ਼ਲੇਸ਼ਣ: ਦਿਵਯਾਨੀ ਮੋਤਲਾ
ਅੰਮ੍ਰਿਤਸਰ, 16 ਜੂਨ 2024 - ਨਸਲੀ ਭੇਦ ਵਿਅਕਤੀ ਦੀ ਹੋਂਦ ਨੂੰ ਅਜਿਹੀ ਸੰਕੁਚਿਤ ਦ੍ਰਿਸ਼ਟੀ ਰਾਹੀਂ ਦੇਖਣ ਦਾ ਢੰਗ ਹੈ, ਜਿਸ ਰਾਹੀਂ ਵਿਅਕਤੀ ਦੁਆਰਾ ਅਤੇ ਉਸ ਵਿਚੱਲੀ ਹਰ ਸੰਭਾਵਿਤ ਸਮਰਥਾ ਨੂੰ ਪਹਿਲਾਂ ਹੀ ਸਮਾਜ-ਸਭਿਆਚਾਰਕ ਧਾਰਨਾਵਾਂ ਰਾਹੀਂ ਨਿਰਧਾਰਿਤ ਕਰ ਦਿਤਾ ਜਾਂਦਾ ਹੈ। ਇਹ ਇੱਕ ਸਮਾਜਿਕ ਸਮਸਿਆ ਹੈ, ਜੋ ਮਨੁੱਖਤਾਵਾਦ ਜਿਹੇ ਮਹਾਂਪ੍ਰਵਚਨ ਕਾਰਨ ਵਿਭਿੰਨ ਸ਼ਕਤੀਹੀਣ ਸਮਾਜਾਂ ਦੇ ਯਥਾਰਥ ਨੂੰ ਪੇਸ਼ ਕਰਨ ਵਿੱਚ ਰੋਕ ਪੈਦਾ ਕਰਦੀ ਹੈ। ਨਸਲ ਭੇਦ ਉਤਪੰਨ ਕਰਨ ਵਾਲੀ ਸੱਤਾ ਧਿਰ ਨੂੰ ਹਿੰਸਕ ਧਿਰ ਵਜੋਂ ਪਰਿਭਾਸ਼ਿਤ ਕਰਨਾ ਚਾਹੀਦਾ ਹੈ, ਅਤੇ ਅਜਿਹੇ ਹੋਰ ਸੰਭਾਵਿਤ ਭੇਦਾਂ ਨੂੰ ਲੱਭਦਿਆਂ ਇਸ ਨੂੰ ਲਿੰਗ, ਜਾਤ ਅਤੇ ਆਰਥਿਕ ਪੱਖੋਂ ਵੀ ਦੇਖਣਾ ਚਾਹੀਦਾ ਹੈ।
ਹਿੰਸਕ ਧਿਰ ਵਿਹਾਰਿਕ ਸੱਤਾ, ਆਤਮ ਸੱਤਾ ਅਤੇ ਭਾਸ਼ਾ ਦੀ ਅਜਿਹੀ ਵਿਆਖਿਆ ਪ੍ਰਸਤੁਤ ਕਰਦੀ ਹੈ ਕਿ ਇਸ ਤੋਂ ਪੀੜਿਤ ਧਿਰ ਇਸ ਵਿਆਖਿਆ ਅਧੀਨ ਆਪਣੇ ਜੀਵਨ ਨੂੰ ਢਾਲ ਆਪਣੀ ਹੋਂਦ ਨੂੰ ਪ੍ਰਮਾਣਿਕ ਹੋਂਦ ਵਜੋਂ ਪ੍ਰਵਾਨ ਕਰਾਉਣ ਲਈ ਜਦੋ-ਜਹਿਦ ਕਰਦਾ ਹੈ। ਇਸ ਦੀ ਉਦਾਹਰਨ ਪੱਛਮੀ ਸਮਾਜਾਂ ਰਾਹੀਂ ਵਿਸ਼ੇਸ਼ ਕਰ ਵੀਹਵੀਂ ਸਦੀ ਵਿੱਚ ਪੂਰਬੀ ਸਮਾਜਾਂ ‘ਤੇ ਕੀਤਾ ਗਿਆ ਬਸਤੀਵਾਦੀ ਚਿੰਤਨ ਹੈ। ਪਰ ਅਜਿਹੇ ਅਭਿਆਸ ਵਿੱਚ ਪੂਰੇ ਸਫ਼ਲ ਹੋਣ ਤੋਂ ਬਾਅਦ ਵੀ ਸੱਤਾ ਧਿਰ ਲਈ ਪੀੜਿਤ ਵਿਸ਼ੇਸ਼ ਨਸਲ ਦੇ ਵਰਗ ਅਧੀਨ ਹੀ ਵਿਆਖਿਤ ਹੁੰਦਾ ਰਹਿੰਦਾ ਹੈ। ਇਸ ਵਰਗੀਕਰਣ ਨੂੰ ਤੋੜਣ ਲਈ ਪਹਿਚਾਣ ਦੇ ਵਿਭਿੰਨ ਪਹਿਲੂਆਂ ਨੂੰ ਧਿਆਨ ਵਿੱਚ ਲਿਆਉਣਾ ਚਾਹੀਦਾ ਹੈ, ਜਿਸ ਵਿੱਚ ਭਾਸ਼ਾ, ਮਨੋਵਿਸ਼ਲੇਸ਼ਣ ਅਤੇ ਵਿਚਾਰਧਾਰਾਈ ਗਿਆਨ ਦਾ ਅਹਿਮ ਯੋਗਦਾਨ ਹੋਵੇਗਾ।
ਫੈਨੋ ਦੀ ਲ਼ਿਖ਼ਤਾਂ ਦਾ ਵੱਡਾ ਭਾਗ ਇਸੇ ਵਿਚਾਰ ‘ਤੇ ਕੇਂਦ੍ਰਿਤ ਹੈ। ਇਹਨਾਂ ਸ਼ਬਦਾਂ ਨਾਲ ਅੱਜ ਦੀ ਬਿਬੇਕ ਗੋਸ਼ਟਿ ਦੇ ਮੁੱਖ ਪ੍ਰਵਕਤਾ ਇਤਿਹਾਸ ਵਿਭਾਗ, ਯੂਨੀਵਰਸਿਟੀ ਆਫ਼ ਟੋਰਾਂਟੋ, ਕੈਨੇਡਾ ਤੋਂ ਖੋਜਾਰਥੀ ਦਿਵਯਾਨੀ ਮੋਤਲਾ ਨੇ ਆਪਣੇ ਭਾਸ਼ਣ ਦਾ ਆਗਾਜ਼ ਕੀਤਾ। ਉਨ੍ਹਾਂ ਕਿਹਾ ਕਿ ਫੈਨੋ ਦੀਆਂ ਲ਼ਿਖ਼ਤਾਂ ਵਿੱਚਲੇ ਤਿੰਨ ਵਰਗਾਂ ਸਥਾਨਕ ਕਾਮਾ, ਬਸਤੀਵਾਦੀ ਚਿੰਤਨ ਅਤੇ ਲੰਪਿਨ ਪ੍ਰੋਲੇਤੇਰੀਅਤ ਨੂੰ ਭਾਰਤੀ ਸੰਦਰਭ ਵਿੱਚ ਸਮਝਣ ਦੀ ਲੋੜ ਹੈ। ਭਾਰਤੀ ਸੰਦਰਭ ਵਿੱਚ ਮਹਾਤਮਾ ਗਾਂਧੀ ਅਤੇ ਸੁਧਾਰਕ ਲਹਿਰਾਂ ਦੇ ਕਾਰਜਾਂ ਦਾ ਵੀ ਮੁੜ-ਅਧਿਐਨ ਕਰਨਾ ਚਾਹੀਦਾ ਹੈ। ਬਿਬੇਕ ਗੋਸ਼ਟਿ ਖੋਜ ਸੰਸਥਾ ਨਾਦ ਪ੍ਰਗਾਸੁ ਸ੍ਰੀ ਅੰਮ੍ਰਿਤਸਰ ਵੱਲੋਂ ਮਹੀਨਾਵਾਰ ਕੀਤੀ ਜਾਂਦੀ ਵਿਚਾਰ-ਚਰਚਾ ਲੜੀ ਹੈ ਜਿਸ ਦੇ 33ਵੇਂ ਭਾਗ ਦਾ ਆਯੋਜਨ ਸੰਸਥਾ ਦੇ ਮੁੱਖ ਦਫ਼ਤਰ ਵਿਖੇ ਆਨਲਾਈਨ ਮਾਧਿਅਮ ਰਾਹੀਂ ਕੀਤਾ ਗਿਆ। ਅੱਜ ਦੇ ਇਸ ਆਯੋਜਨ ਵਿੱਚ ਉਹਨਾਂ ਪ੍ਰਸਿਧ ਚਿੰਤਕ ਅਤੇ ਦਾਰਸ਼ਨਿਕ ਫਾਂਜ਼ ਫੈਨੋ ਦੁਆਰਾ ਰਚਿਤ ਬਹੁ-ਚਰਚਿਤ ਪੁਸਤਕ ‘ਦ ਰੈਚਿਡ ਆਫ਼ ਦੀ ਅਰਥ’ ‘ਤੇ ਆਪਣਾ ਖੋਜ-ਪਰਚਾ ਪ੍ਰਸਤੁਤ ਕੀਤਾ।
ਉਨ੍ਹਾਂ ਦੇ ਖੋਜ-ਪੱਤਰ ਦੀ ਸਮਾਪਤੀ ਤੋਂ ਬਾਅਦ ਸੰਵਾਦ ਰਚਾਇਆ ਗਿਆ ਜਿਸ ਵਿੱਚ ਦਿਵਯਾਨੀ ਨੂੰ ਫੈਨੋ ਦੀਆਂ ਪਹਿਲੀਆਂ ਲ਼ਿਖਤਾਂ, ਮਾਰਕਸਵਾਦ ਨਾਲ ਉਸਦੇ ਸੰਬੰਧ, ਹਿਗੇਲੀਅਨ ਦਵੰਧਤਾ ਦਾ ਵਿਰੋਧ ਅਤੇ ਭਾਰਤੀ ਸੰਦਰਭ ਵਿੱਚ ਉਸਦੀ ਪ੍ਰਸੰਗਿਕਤਾ ਸੰਬੰਧੀ ਪ੍ਰਸ਼ਨ ਪੁੱਛੇ ਗਏ ਜਿਸ ਦਾ ਉਹਨਾਂ ਸੰਤੋਖਜਨਕ ਉੱਤਰ ਦਿਤਾ।
ਇਸ ਆਯੋਜਨ ਵਿੱਚ ਡਾ. ਬਿਕਰਮਜੀਤ ਸਿੰਘ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਜੈਪ੍ਰੀਤ ਕੌਰ, ਹੀਰਾ ਸਿੰਘ, ਜਗਸੀਰ ਸਿੰਘ, ਦਿੱਲੀ ਯੂਨੀਵਰਸਿਟੀ ਨਵੀਂ ਦਿੱਲੀ ਤੋਂ ਹਰਕਮਲਪ੍ਰੀਤ ਸਿੰਘ, ਇਮਰਤਪਾਲ ਸਿੰਘ, ਸੰਦੀਪ ਸ਼ਰਮਾ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਅਕਵਿੰਦਰ ਕੌਰ, ਕੋਮਲਪ੍ਰੀਤ ਸਿੰਘ, ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਨਵੀਂ ਦਿੱਲੀ ਤੋਂ ਲਖਵੀਰ ਸਿੰਘ, ਕੁਰੂਕਸ਼ੇਤਰ ਯੂਨੀਵਰਸਿਟੀ ਤੋਂ ਡਾ. ਹਲਵਿੰਦਰ ਸਿੰਘ, ਆਸਟਰੇਲੀਆ ਤੋਂ ਅਰੁਣਜੀਤ ਸਿੰਘ, ਮਨਿੰਦਰਜੀਤ ਕੌਰ ਅਤੇ ਅਮਰੀਕਾ ਤੋਂ ਅਮਨਦੀਪ ਸਿੰਘ, ਕੈਨੇਡਾ ਤੋਂ ਡੈਨਿਸ ਥੋਮਸ ਅਤੇ ਸੰਸਥਾ ਦੇ ਖੋਜਾਰਥੀ ਗੁਰਚੇਤਨ ਸਿੰਘ, ਰਾਜਵੀਰ ਨੇ ਵੀ ਸ਼ਿਰਕਤ ਕੀਤੀ। ਮੰਚ ਦਾ ਸੰਚਾਲਨ ਜਾਮੀਆ ਮਿਲੀਆ ਇਸਲਾਮੀਆ ਤੋਂ ਖੋਜਾਰਥੀ ਜਸਵਿੰਦਰ ਸਿੰਘ ਨੇ ਕੀਤਾ। ਅੰਤ ਵਿੱਚ ਇਸ ਆਯੋਜਨ ਦੇ ਸੰਚਾਲਕ ਗੁਰਦਿਆਲ ਸਿੰਘ ਨੇ ਦੱਸਿਆ ਅਗਲੀ ਬਿਬੇਕ ਗੋਸਟਿ ਦਾ ਆਯੋਜਨ 15 ਜੁਲਾਈ, 2024 ਨੂੰ ਕੀਤਾ ਜਾਵੇਗਾ।