ਸੁਰਿੰਦਰ ਸਿੰਘ ਸੁੰਨੜ ਦੀ ਪੁਸਤਕ ' ਸੁੰਨ ਸਿਫਰ ' ਲੋਕ ਅਰਪਿਤ
ਜਲੰਧਰ, 24 ਜੁਲਾਈ 2024 - ਪੰਜਾਬੀ ਲੇਖਕ ਸਭਾ ਜਲੰਧਰ ਵੱਲੋਂ ਕੇਂਦਰੀ ਪੰਜਾਬੀ ਲੇਖਕ ਸਭਾ (ਰਜਿਸਟਰਡ) ਦੇ ਸਹਿਯੋਗ ਨਾਲ ਅੱਜ ਪੰਜਾਬ ਪ੍ਰੈਸ ਕਲੱਬ ਜਲੰਧਰ ਵਿਖੇ ਲੋਕ ਅਰਪਣ ਕੀਤੀ ਗਈ। ਇਸ ਸਮੇਂ ਇਕ ਭਾਵਪੂਰਤ ਸੈਮੀਨਾਰ ਕੀਤਾ ਗਿਆ , ਜਿਸ ਵਿੱਚ ਇਸ ਪੁਸਤਕ ਸਬੰਧੀ ਭਰਪੂਰ ਵਿਚਾਰ ਚਰਚਾ ਹੋਈ। ਸਮਾਗਮ ਦੀ ਪ੍ਰਧਾਨਗੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਦਰਸ਼ਨ ਬੁੱਟਰ, ਜਨਰਲ ਸਕੱਤਰ ਸੁਸ਼ੀਲ ਦੁਸਾਂਝ, ਪੰਜਾਬ ਪ੍ਰੈਸ ਕਲੱਬ ਦੇ ਪ੍ਰਧਾਨ ਸਤਨਾਮ ਸਿੰਘ ਮਾਣਕ,ਲੋਕ ਮੰਚ ਦੇ ਚੇਅਰਮੈਨ ਡਾਕਟਰ ਲਖਵਿੰਦਰ ਸਿੰਘ ਜੌਹਲ, ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ)ਦੇ ਜਨਰਲ ਸਕੱਤਰ ਸੰਧੂ ਵਰਿਆਣਵੀ ਅਤੇ ਪੰਜਾਬੀ ਲੇਖਕ ਸਭਾ ਜਲੰਧਰ ਦੇ ਪ੍ਰਧਾਨ ਡਾਕਟਰ ਹਰਜਿੰਦਰ ਸਿੰਘ ਅਟਵਾਲ ਵੱਲੋਂ ਕੀਤੀ ਗਈ । ਇਸ ਸਮਾਗਮ ਵਿੱਚ ਡਾਕਟਰ ਰਾਮ ਮੂਰਤੀ ਨੇ ਪੁਸਤਕ ਸਬੰਧੀ ਖੋਜ ਪੱਤਰ ਪੜ੍ਹਿਆ, ਜਿਸ ਵਿੱਚ ਉਹਨਾਂ ਨੇ ਸੁੰਨੜ ਦੀ ਕਵਿਤਾ ਨੂੰ ਲੋਕ-ਹਤੈਸ਼ੀ ਅਤੇ ਸਰਲ ਸੁਭਾਅ ਵਾਲੀ ਕਵਿਤਾ ਕਿਹਾ। ਸਤਨਾਮ ਸਿੰਘ ਮਾਣਕ ਨੇ ਇਸ ਕਵਿਤਾ ਦੇ ਸਮਾਜ ਵਿੱਚ ਵਡਮੁੱਲੇ ਯੋਗਦਾਨ ਦੀ ਗੱਲ ਕੀਤੀ ਅਤੇ ਕਿਹਾ ਕਿ ਇਸ ਤਰ੍ਹਾਂ ਦੀ ਕਵਿਤਾ ਸਧਾਰਨ ਲੋਕਾਂ ਦੀ ਸਧਾਰਨ ਭਾਸ਼ਾ ਵਿੱਚ ਗੱਲ ਕਰਦੀ ਹੈ।
ਡਾਕਟਰ ਲਖਵਿੰਦਰ ਸਿੰਘ ਜੌਹਲ ਨੇ ਸੁੰਨੜ ਦੀ ਕਵਿਤਾ ਬਾਰੇ ਕਿਹਾ ਕਿ ਸੁੰਨੜ ਦੀ ਸਧਾਰਨ ਸਰਲ ਸ਼ਖਸ਼ੀਅਤ ਹੀ ਉਹਨਾਂ ਦੀ ਕਵਿਤਾ ਵਿੱਚ ਸਰਲ ਸਧਾਰਨ ਮੁਹਾਵਰੇ ਵਿੱਚ ਪੇਸ਼ ਹੁੰਦੀ ਨਜ਼ਰ ਆਉਂਦੀ ਹੈ। ਇਸ ਤਰ੍ਹਾਂ ਦੀ ਕਵਿਤਾ ਦੀ ਹਮੇਸ਼ਾ ਲੋੜ ਰਹੀ ਹੈ। ਸੁਸ਼ੀਲ ਦੁਸਾਂਝ ਨੇ ਸੁੰਨੜ ਦੀ ਕਵਿਤਾ ਨੂੰ ਉਨ੍ਹਾਂ ਲਹਿਰਾਂ ਦੀ ਕਵਿਤਾ ਨਾਲ ਜੋੜ ਕੇ ਦੇਖਿਆ, ਜਿਹੜੀਆਂ ਲਹਿਰਾਂ ਸਮਾਜ ਵਿੱਚ ਕੋਈ ਨਵਾਂ ਵਿਚਾਰ ਅਤੇ ਸੰਘਰਸ਼ ਲੈ ਕੇ ਆਉਂਦੀਆਂ ਹਨ। ਸੰਧੂ ਵਰਿਆਣ ਵੀ ਨੇ ਵੀ ਇਸ ਕਵਿਤਾ ਦੇ ਸਮਾਜ ਪੱਖੀ ਸੁਭਾਅ ਦੀ ਪਛਾਣ ਕੀਤੀ। ਸੁੰਨੜ ਦੀ ਕਵਿਤਾ ਸਬੰਧੀ ਪ੍ਰੋਫੈਸਰ ਸਰਿਤਾ ਤਿਵਾੜੀ ਅਤੇ ਸੀਤਲ ਸਿੰਘ ਸੰਘਾ ਵੱਲੋਂ ਵੀ ਆਪਣੇ ਵਿਚਾਰ ਪ੍ਰਸਤੁਤ ਕੀਤੇ ਗਏ ਕੀਤੇ।
ਸਮਾਗਮ ਦੀ ਪ੍ਰਧਾਨਗੀ ਕਰ ਰਹੇ ਦਰਸ਼ਨ ਬੁੱਟਰ ਨੇ ਸੁਰਿੰਦਰ ਸਿੰਘ ਸੁੰਨੜ ਦੀ ਸ਼ਖਸ਼ੀਅਤ ਅਤੇ ਉਹਨਾਂ ਦੀ ਲੰਮੀ ਸਾਹਿਤਕ ਯਾਤਰਾ ਦਾ ਨਿਚੋੜ ਇਹਨਾਂ ਸ਼ਬਦਾਂ ਵਿੱਚ ਕੱਢਿਆ ਕਿ ਇਸ ਤਰਾਂ ਦੀ ਕਵਿਤਾ ਪੰਜਾਬੀ ਸਮਾਜ ਲਈ ਵੱਡੇ ਅਰਥ ਰੱਖਦੀ ਹੈ।ਉਹਨਾਂ ਨੇ ਕਿਹਾ ਕਿ ਸੁੰਨੜ ਸਮਾਜ ਸੇਵੀ ਹੀ ਨਹੀਂ ਸਗੋਂ ਕਵਿਤਾ ਰਾਹੀਂ ਉਹ ਸਮਾਜ ਨੂੰ ਨਵਾਂ ਬਹੁਤ ਕੁਝ ਦੇਣ ਦਾ ਅਮਲ ਨਿਭਾ ਰਿਹਾ ਹੈ। ਸਮਾਗਮ ਵਿੱਚ ਪ੍ਰਸਿੱਧ ਗਾਇਕ ਪਾਲੀ ਦੇਤਵਾਲੀਆ ਨੇ ਸੁੰਨੜ ਦੇ ਗੀਤਾਂ ਨੂੰ ਆਪਣੀ ਆਵਾਜ਼ ਦੇ ਕੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ।
ਸਮਾਗਮ ਦੇ ਅੰਤ ਤੇ ਸੁਰਿੰਦਰ ਸਿੰਘ ਸੁੰਨੜ ਨੇ ਆਪਣੇ ਰਚਨਾਤਮਕ ਅਮਲ ਨੂੰ ਸਰੋਤਿਆਂ ਨਾਲ ਸਾਂਝਾ ਕੀਤਾ। ਡਾ.ਹਰਜਿੰਦਰ ਸਿੰਘ ਅਟਵਾਲ ਨੇ ਆਏ ਸਾਹਿਤਕਾਰਾਂ ਦਾ ਧੰਨਵਾਦ ਕੀਤਾ। ਸਮਾਗਮ ਦਾ ਮੰਚ ਸੰਚਾਲਨ ਡਾਕਟਰ ਉਮਿੰਦਰ ਸਿੰਘ ਜੌਹਲ ਨੇ ਕੀਤਾ।
ਇਸ ਸਮਾਗਮ ਵਿੱਚ ਉਘੇ ਕਵੀ ਸੰਤ ਸੰਧੂ,ਸੰਤ ਨਰਾਇਣ ਸਿੰਘ, ਬਹਾਦਰ ਸਿੰਘ ਸੰਧੂ, ਜਸਪਾਲ ਜ਼ੀਰਵੀ, ਡਾਕਟਰ ਰਘਵੀਰ ਕੌਰ ,ਜਗਦੀਸ਼ ਰਾਣਾ, ਸੁਰਿੰਦਰ ਖੀਵਾ, ਕੁਲਦੀਪ ਸਿੰਘ ਬੇਦੀ, ਜੋਗਿੰਦਰ ਸਿੰਘ ਸੰਧੂ ਅਤੇ ਸੁਰਿੰਦਰ ਸੈਣੀ ਸਮੇਤ ਬਹੁਤ ਸਾਰੇ ਸਾਹਿਤਕਾਰਾਂ ਨੇ ਭਰਪੂਰ ਹਾਜਰੀ ਭਰੀ।