ਭਾਰਤ ਪਾਕਿਸਤਾਨ ਨਾਲ 1947-48 ਦੀ ਜੰਗ ਦਾ ਇਹ 'ਕਿੱਸਾ ਜੰਗ ਕਸ਼ਮੀਰ'
ਪਟਿਆਲਾ, 5 ਜੂਨ 2021 - ਭਾਰਤ ਪਾਕਿਸਤਾਨ ਨਾਲ 1947-48 ਦੀ ਜੰਗ ਦਾ ਇਹ 'ਕਿੱਸਾ ਜੰਗ ਕਸ਼ਮੀਰ' ਲੜਾਈ ਲੜਣ ਵਾਲੀ ਫ਼ਸਟ ਪਟਿਆਲਾ ਪਲਟਨ ਅਰਥਾਤ ਫ਼ਸਟ ਰਾਜਿੰਦਰਾ ਸਿੱਖ ਦੇ ਸਿਪਾਹੀ ਸਰਬਣ ਸਿੰਘ ਭੁਰਥਲਾ ਮੰਡੇਰ ਦਾ ਲਿਖਿਆ ਹੋਇਆ ਹੈ। ਹੁਣ ਇਸ ਪਲਟਨ ਦਾ ਨਾਮ 15 ਪੰਜਾਬ ਹੈ। ਸਰਬਣ ਸਿੰਘ ਨੇ ਫੌਜ ਤੋਂ ਆ ਕੇ 1949 ਵਿੱਚ ਇਸ ਨੂੰ ਪਹਿਲੀ ਵਾਰ ਖ਼ੁਦ ਹੀ ‘ਪਟਿਆਲਾ ਪ੍ਰਿੰਟਿੰਗ ਪ੍ਰੈਸ’ ਅਰਨਾ ਬਰਨਾ ਚੌਕ ਪਟਿਆਲਾ ਤੋਂ ਥੋੜੀ ਬਹੁਤ ਗਿਣਤੀ ਵਿੱਚ ਛਪਵਾਇਆ ਤੇ 1963 ਵਿਚ ਸਵਰਗਵਾਸ ਹੋ ਗਿਆ ।
ਸਾਲ 2020 ਤੱਕ ਇਹ ਜੰਗਨਾਮਾ ਗੁੰਮਨਾਮੀ ਦੀ ਅਵਸਥਾ ਵਿੱਚ ਹੀ ਰਿਹਾ ਕਿਉਂਕਿ ਸਮੁੱਚੇ ਪੰਜਾਬੀ ਜਗਤ ਵਿਚ ਇਸ ਦੀ ਓਨੀ ਚਰਚਾ ਨਹੀਂ ਹੋਈ ਜਿੰਨੀ ਕਿ ਹੋਣੀ ਚਾਹੀਦੀ ਸੀ ।
ਹੁਣ ਇਸ ਜੰਗਨਾਮੇ ਨੂੰ ਭਾਰਤ ਪਾਕਿਸਤਾਨ ਨਾਲ ਤਿੰਨ ਜੰਗਾਂ 1965-1971 ਤੇ ਸਿਆਚਿਨ ਦੀ ਲੜਾਈ ਲੜਣ ਵਾਲੇ ਅਤੇ ਜ਼ਖ਼ਮੀ ਹੋਣ ਵਾਲੇ ਭਾਰਤੀ ਸੈਨਾ ਦੇ
ਬਹਾਦਰ ਅਫਸਰ 'ਕਰਨਲ ਬਲਬੀਰ ਸਿੰਘ ਸਰਾਂ' ,ਫਰੀਦਕੋਟ ( 92165 50612 ) ਨੇ ਬਹੁਤ ਸੂਝ-ਬੂਝ ਨਾਲ, ਜੰਗਨਾਮੇ ਵਾਲੀਆਂ ਥਾਵਾਂ ਵਿਚ ਜੰਗਾਂ ਵਰਗੀ ਸਥਿਤੀ ਵਿਚੋਂ ਲੰਘਣ ਦੇ ਨਿੱਜੀ ਤਜਰਬੇ ਅਨੁਸਾਰ, ਯੋਗ ਢੰਗ ਨਾਲ ਇਸ ਅਣਗੌਲੀ ਪਰ ਮਹੱਤਵਪੂਰਣ ਰਚਨਾ ਨੂੰ ਸਦੀਵੀ ਤੌਰ ’ਤੇ ਅਮਰ ਕਰ ਦਿੱਤਾ ਹੈ ।
ਇਸ ਤਰ੍ਹਾਂ ਉਨ੍ਹਾਂ ਨੇ ਭਾਰਤੀ ਫੌਜ ਦੇ ਇਤਿਹਾਸ ਦੇ ਮਹੱਤਵਪੂਰਣ ਕਾਂਡ ਨੂੰ ਪੁਨਰ ਸੁਰਜੀਤ ਕਰਕੇ ਜਿੱਥੇ ਫ਼ੌਜ ਦਾ ਮਾਣ ਵਧਾਇਆ ਹੈ, ਉਥੇ ਪੰਜਾਬੀ ਕਿੱਸਾਕਾਰੀ ਜਾਂ ਜੰਗਨਾਮਾ ਸਾਹਿਤ ਵਿਚ ਇਸ ਨੂੰ ਬਣਦਾ ਸਥਾਨ ਵੀ ਦਿਵਾਇਆ ਹੈ । ਪੰਜਾਬੀ ਸਾਹਿਤ ਨੂੰ ਪਿਆਰ ਕਰਨ ਵਾਲੇ ਹਰੇਕ ਪਾਠਕ ਨੂੰ ਇਹ ਨਿਵੇਕਲੀ ਰਚਨਾ ਜਰੂਰ ਪੜ੍ਹਨੀ ਚਾਹੀਦੀ ਹੈ ।
'ਚੇਤਨ ਸਿੰਘ'
ਸਾਬਕਾ ਡਾਇਰੈਕਟਰ
ਭਾਸ਼ਾ ਵਿਭਾਗ , ਪੰਜਾਬ