ਲੁਧਿਆਣਾ: 23 ਫਰਵਰੀ 2019 - ਆਸਟਰੇਲੀਆ ਦੇ ਸ਼ਹਿਰ ਐਡੀਲੇਡ ਵੱਸਦੀ ਪੰਜਾਬੀ ਕਵਿੱਤਰੀ ਸੁਰਿੰਦਰ ਸਿਦਕ ਦਾ ਗ਼ਜ਼ਲ ਸੰਗ੍ਰਹਿ ਲੋਕ ਅਰਪਨ ਕਰਨ ਉਪਰੰਤ ਪੰਜਾਬ ਦੇ ਮੁੱਖ ਸੂਚਨਾ ਕਮਿਸ਼ਨਰ ਸ: ਸਰਵਣ ਸਿੰਘ ਚੰਨੀ ਆਈ ਏ ਐੱਸ ਨੇ ਕਿਹਾ ਹੈ ਕਿ ਬਦੇਸ਼ਾਂ ਚ ਰਹਿ ਕੇ ਸਾਹਿੱਤ ਸਿਰਜਣਾ ਸੂਰਮਗਤੀ ਤੋਂ ਘੱਟ ਨਹੀਂ ਹੈ।
ਉਨ੍ਹਾਂ ਕਿਹਾ ਕਿ ਬਦੇਸ਼ ਵੱਸਦੇ ਲੇਖਕਾਂ ਨੂੰ ਉਤਸ਼ਾਹਿਤ ਕਰਕੇ ਜੀ ਜੀ ਐੱਨ ਖਾਲਸਾ ਕਾਲਿਜ ਲੁਧਿਆਣਾ ਦਾ ਪਰਵਾਸੀ ਸਾਹਿੱਤ ਅਧਿਐਨ ਕੇਂਦ ਵੱਡਾ ਯੋਗਦਾਨ ਪਾ ਰਿਹਾ ਹੈ।
ਉਨ੍ਹਾਂ ਲੇਖਿਕਾ ਸੁਰਿੰਦਰ ਸਿਦਕ ਨੂੰ ਇਸ ਵਡਮੁੱਲੀ ਰਚਨਾ ਲਈ ਮੁਬਾਰਕਬਾਦ ਦਿੱਤੀ।
ਸੁਰਿੰਦਰ ਸਿਦਕ ਨੇ ਦੋ ਰੋਜ਼ਾ ਪਰਵਾਸੀ ਸਾਹਿੱਤ ਅਧਿਐਨ ਕਾਨਫਰੰਸ ਦੇ ਵਿਦਾਇਗੀ ਸਮਾਰੋਹ ਵਿੱਚ ਇਸ ਕਿਤਾਬ ਦੇ ਲੋਕ ਅਰਪਨ ਨੂੰ ਮਾਣਯੋਗ ਕਿਹਾ। ਸਿਦਕ ਨੇ ਕਿਹਾ ਕਿਆਸਟਰੇਲੀਆ ਚ ਪਰਵਾਸ ਉਪਰੰਤ ਲਿਖਣ ਪੜ੍ਹਨ ਵਾਲਿਆਂ ਦੀ ਗਿਣਤੀ ਭਾਵੇਂ ਬਹੁਤੀ ਜ਼ਿਆਦਾ ਨਹੀਂ ਪਰ ਬ੍ਰਿਸਬੇਨ, ਐਡੀਲੇਡ, ਮੈਲਬਰਨ, ਸਿਡਨੀ ਤੇ ਕੁਝ ਸ਼ਹਿਰਾਂ ਦੇ ਲਿਖਾਰੀਆਂ ਦਾ ਆਪਸੀ ਸੁਮੇਲ ਕਮਾਲ ਦਾ ਹੈ। ਆਪਸੀ ਸਹਿਯੋਗ ਦੀ ਸ਼ਕਤੀ ਕਾਰਨ ਹੀ ਲਿਖਣ ਪੜ੍ਹਨ ਦਾ ਉਤਸ਼ਾਹ ਬਣਿਆ ਰਹਿੰਦਾ ਹੈ। ਉਨ੍ਹਾਂ ਇਸ ਪੁਸਤਕ ਦੇ ਖੂਬਸੂਰਤ ਪ੍ਰਕਾਸ਼ਨ ਲਈ ਚੇਤਨਾ ਪ੍ਰਕਾਸ਼ਨ ਦੇ ਮਾਲਕ ਸਤੀਸ਼ ਗੁਲਾਟੀ, ਮੁੱਖਬੰਦ ਲੇਖਿਕਾ ਤੇ ਕਵਿੱਤਰੀ ਗੁਰਚਰਨ ਕੌਰ ਕੋਚਰ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ ਜੀ ਦਾ ਪੁਸਤਕ ਲੋਕ ਅਰਪਨ ਕਰਨ ਲਈ ਧੰਨਵਾਦ ਕੀਤਾ।
ਇਸ ਪੁਸਤਕ ਨੂੰ ਪੰਜਾਬ ਭਵਨ ਸੱਰੀ ਦੇ ਬਾਨੀ ਸੁੱਖੀ ਬਾਠ, ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਗੁਰਭਜਨ ਸਿੰਘ ਗਿੱਲ,ਡਾ: ਐੱਸ ਪੀ ਸਿੰਘ, ਸਰਵਣ ਸਿੰਘ ਚੰਨੀ, ਕਾਲਿਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ,ਡਾ: ਲਖਵਿੰਦਰ ਜੌਹਲ ਸਕੱਤਰ ਜਨਰਲ ਪੰਜਾਬ ਆਰਟਸ ਕੌਸਲ,ਡਾ: ਸਰਬਜੀਤ ਸਿੰਘ, ਮੁਖੀ ਪੰਜਾਬੀ ਵਿਭਾਗ ਤੇ ਸਤੀਸ਼ ਗੁਲਾਟੀ ਤੋਂ ਇਲਾਵਾ ਗੁਰਚਰਨ ਕੌਰ ਕੋਚਰ ਨੇ ਲੋਕ ਅਰਪਨ ਕੀਤਾ।
ਇਸ ਮੌਕੇ ਉੱਘੇ ਲੇਖਕ ਡਾ: ਹਰਿਭਜਨ ਸਿੰਘ ਭਾਟੀਆ, ਪ੍ਰੋ: ਰਵਿੰਦਰ ਭੱਠਲ, ਪ੍ਰਧਾਨ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ, ਤ੍ਰੈਲੋਚਨ ਲੋਚੀ, ਸਵਰਨਜੀਤ ਸਵੀ, ਮੋਹਨ ਗਿੱਲ, ਜਰਨੈਲ ਸਿੰਘ ਸੇਖਾ, ਜਰਨੈਲ ਸਿੰਘ ਟੋਰੰਟੋ, ਪ੍ਰੋ: ਨਵਰੂਪ ਕੌਰ,ਸ਼੍ਰੀਮਤੀ ਪਰਮਜੀਤ ਦਿਓਲ,ਮਨਜੀਤ ਕੌਰ ਕੰਗ, ਮਨਜੀਤ ਕੌਰ ਗਿੱਲ, ਅੰਮ੍ਰਿਤਪਾਲ ਸਿੰਘ ਗਰੇਵਾਲ, ਜਸਮੇਰ ਸਿੰਘ ਢੱਟ,ਅਜੀਤ ਸਿੰਘ ਭੱਠਲ,ਤਰਲੋਚਨ ਸਿੰਘ ਗਰੇਵਾਲ,ਪ੍ਰੀਤਮ ਸਿੰਘ ਭਰੋਵਾਲ ਸਮੇਤ ਸੈਂਕੜੇ ਲੇਖਕ ਤੇ ਸਿੱਖਿਆ ਸ਼ਾਸਤਰੀ ਹਾ਼ਜ਼ਰ ਸਨ।