ਉਹਨੂੰ ਲੱਗਦੇ ਅਮੀਰ ਪਿਆਰੇ ਸੁਣੇ ਨਾ ਕਿਸਾਨ ਦੁੱਖੜੇ
ਸਾਡੀ ਹੋਰ ਨਾ ਤ੍ਰਿ਼ਸ਼ਨਾ ਕੋਈ, ਇੱਕੋ ਤੇਰੀ ਅੜੀ ਭੰਨਣੀ।
ਕਈ ਤੁਰ ਗਏ ਕਈਆਂ ਨੇ ਤੁਰ ਜਾਣਾ
ਦਿੱਲੀਏ ਤੂੰ ਮਾਣ ਨਾ ਕਰੀਂ।
ਸਾਨੂੰ ਮਾਰ ਕੇ ਮਿਲੂ ਕੀ ਤੈਨੂੰ,ਪੈਸੇ ਨਾਲ ਢਿੱਡ ਭਰ ਲਈਂ।
ਤੇਰੀ ਵੱਡਿਆਂ ਘਰਾਂ ਦੇ ਨਾਲ ਯਾਰੀ,
ਅੰਨ੍ਹਿਆਂ ਜਹਾਨ ਦਿਆ।
ਅਸੀਂ ਆ ਗਏ ਆਂ ਧਰਤੀਆਂ ਵਾਲੇ,ਕਾਗਤਾਂ ਦਾ ਕਿਲ਼੍ਹਾ ਢਾਹੁਣ ਨੂੰ।
ਜਿਹੜੇ ਹੁੰਦੇ ਨੇ ਮਸ਼ੀਨੀ ਚੂਚੇ,ਬੰਦੇ ਦੀ ਨਾ ਪੀੜ ਜਾਣਦੇ।
ਤੂੰ ਤੇ ਹੱਸਦਾ ਰਾਵਣੀ ਹਾਸਾ, ਹੋਕਾ ਦੇਵੇਂ ਰਾਮ ਰਾਜ ਦਾ।
ਸਾਨੂੰ ਏਕਤਾ ਦਾ ਸਬਕ ਪੜ੍ਹਾਇਆ,
ਕਾਲ਼ਿਆਂ ਕਾਨੂੰਨਾਂ ਨੇ।
ਤੈਨੂੰ ਲੱਗਦੇ ਨੇ ਯਾਰ ਪਿਆਰੇ, ਸਾਨੂੰ ਤੂੰ ਉਜਾੜ ਧਰਿਆ।
ਸਾਡੀ ਮੰਗ ਨਾ ਹੋਰ ਵੀ ਕੋਈ, ਸਾਨੂੰ ਸਾਡਾ ਹੱਕ ਮੋੜ ਦੇ।
ਤੇਰੇ ਦਾਨ ਦੀ ਲੋੜ ਨਾ ਕੋਈ, ਮਿਹਨਤਾਂ ਦਾ ਮੁੱਲ ਮੋੜ ਦੇ।
ਤੇਰੇ ਵੈਲੀਆਂ ਦੇ ਨਾਲ ਮੁਲਾਹਜ਼ੇ, ਵੇਖੀਂ ਕਿਤੇ ਸਜ਼ਾ ਬੋਲ ਜੇ।
ਸਾਡਾ ਸਬਰ ਪਰਖਣਾ ਛੱਡ ਦੇ, ਸਿੱਧੇ ਮੱਥੇ ਮਿਲ ਯਾਰ ਨੂੰ।
ਅਸੀਂ ਸੱਤ ਪੱਤਣਾਂ ਦੇ ਤਾਰੂ, ਬੈਠੇ ਭਾਵੇਂ ਪੱਤਣਾਂ ਤੇ।
ਸੀਸ ਤਲੀ ਤੇ ਟਿਕਾਉਣਾ ਸਿਖਿਆ, ਨੱਚ ਨੱਚ ਖੰਡਿਆਂ ਤੇ।
ਸੂਹੇ ਰੰਗ ਦਾ ਸੂਰਜਾ ਚੜ੍ਹਿਆ, ਅੰਨ੍ਹਿਆ ਤੂੰ ਵੇਖਦਾ ਨਹੀਂ।
ਕਿੰਨੂ ਨਾਲ ਨਾ ਬਰਾਬਰ ਖੜ੍ਹਦਾ, ਤੂੰ ਨਾਗਪੁਰੀ ਸੰਗਤਰਿਆ।
ਬਹੁਤਾ ਤੋਲਦੇ, ਮੰਡੀ ਵਿੱਚ ਰੋਲਦੇ, ਛਾਬੇ ਤੇਰੀ ਤੱਕੜੀ ਦੇ।
ਜ਼ਹਿਰ ਚੜ੍ਹਿਆ, ਜਾਨ ਤੇ ਬਣੀਆਂ, ਸੁੰਘਿਆ ਸੀ ਫੁੱਲ ਜਾਣ ਕੇ।