ਪਰਵਾਸੀ ਸਾਹਿਤ ਅਧਿਐਨ ਕੇਂਦਰ (ਜੀ.ਜੀ.ਐਨ. ਖ਼ਾਲਸਾ ਕਾਲਜ ਲੁਧਿਆਣਾ) ਵੱਲੋਂ ਹਰਦਮ ਸਿੰਘ ਮਾਨ ਅਤੇ ਧਰਮ ਸਿੰਘ ਗੁਰਾਇਆ ਦੀਆਂ ਪੁਸਤਕਾਂ ਲੋਕ ਅਰਪਣ
ਲੁਧਿਆਣਾ, 22 ਜੂਨ 2022 - ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ ਲੁਧਿਆਣਾ ਦੇ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪਰਵਾਸੀ ਲੇਖਕ ਧਰਮ ਸਿੰਘ ਗੁਰਾਇਆ (ਅਮਰੀਕਾ) ਦੀ ਪੁਸਤਕ 'ਦੁੱਲਾ ਭੱਟੀ' ਅਤੇ ਹਰਦਮ ਸਿੰਘ ਮਾਨ (ਕੈਨੇਡਾ) ਦਾ ਗ਼ਜ਼ਲ ਸੰਗ੍ਰਹਿ 'ਸ਼ੀਸ਼ੇ ਦੇ ਅੱਖਰ' ਲੋਕ ਅਰਪਣ ਕੀਤਾ ਗਿਆ। ਇਸ ਸਮਾਗਮ ਵਿੱਚ ਡਾ. ਲਖਵਿੰਦਰ ਸਿੰਘ ਜੌਹਲ ਪ੍ਰਧਾਨ ਪੰਜਾਬੀ ਸਾਹਿਤ ਅਕੈਡਮੀ ਲੁਧਿਆਣਾ, ਪ੍ਰੋ. ਗੁਰਭਜਨ ਸਿੰਘ ਗਿੱਲ ਚੇਅਰਮੈਨ ਪੰਜਾਬੀ ਲੋਕ ਵਿਰਾਸਤ ਅਕੈਡਮੀ ਲੁਧਿਆਣਾ, ਪਰਵਾਸੀ ਪੰਜਾਬੀ ਲੇਖਕ ਸ. ਸੁਰਿੰਦਰ ਸਿੰਘ ਸੁੰਨੜ ਮੁੱਖ ਸੰਪਾਦਕ ਆਪਣੀ ਆਵਾਜ਼ ਮੈਗਜ਼ੀਨ , ਸਃ ਗੁਰਪ੍ਰੀਤ ਸਿੰਘ ਤੂਰ ਕਮਿਸ਼ਨਰ ਪੁਲੀਸ ਰੀਟਃ , ਡਾਃ ਗੁਰਇਕਬਾਲ ਸਿੰਘ ਜਨਰਲ ਸਕੱਤਰ ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਅਤੇ ਡਾ. ਰਮੇਸ਼ ਕੁਮਾਰ ਯਮੁਨਾਨਗਰ (ਹਰਿਆਣਾ) ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।
ਪ੍ਰੋਗਰਾਮ ਦਾ ਆਰੰਭ ਡਾ. ਸ. ਪ. ਸਿੰਘ ਸਾਬਕਾ ਵਾਈਸ ਚਾਂਸਲਰ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਮੌਜੂਦਾ ਪ੍ਰਧਾਨ ਗੁੱਜਰਾਂਵਾਲਾ ਖਾਲਸਾ ਐਜੂਕੇਸ਼ਨਲ ਕੌਂਸਲ ਨੇ ਕੀਤਾ। ਉਨ੍ਹਾਂ ਸਭ ਲੇਖਕਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਕਿਹਾ ਕਿ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਅੱਜ ਇਹ ਦੋ ਪੁਸਤਕਾਂ ਲੋਕ ਅਰਪਣ ਕੀਤੀਆਂ ਜਾ ਰਹੀਆਂ ਹਨ ਅਤੇ ਪਰਵਾਸੀ ਕੇਂਦਰ ਵੱਲੋਂ ਇਹ ਪੁਸਤਕਾਂ ਸਮਾਲੋਚਕਾਂ ਨੂੰ ਭੇਜ ਕੇ ਇਨ੍ਹਾਂ ਉੱਤੇ ਵਿਚਾਰ ਚਰਚਾ ਹਿੱਤ ਵੈਬੀਨਾਰ ਦਾ ਆਯੋਜਨ ਵੀ ਕਰਵਾਇਆ ਜਾਵੇਗਾ।
ਇਸ ਮੌਕੇ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਦੁੱਲਾ ਭੱਟੀ ਪੁਸਤਕ ਬਾਰੇ ਵਿਚਾਰ ਚਰਚਾ ਕਰਦੇ ਹੋਏ ਕਿਹਾ ਕਿ ਧਰਮ ਸਿੰਘ ਗੁਰਾਇਆ ਨੇ ਪੰਜਾਬ ਦੇ ਲੋਕ ਨਾਇਕ ਦੁੱਲਾ ਭੱਟੀ ਦੀ ਇਸ ਪੁਸਤਕ ਸਿਰਜਣਾ ਦੇ ਲਈ ਖੇਤਰੀ ਕਾਰਜ ਕਰਕੇ, ਤੱਥ ਇਕੱਤਰ ਕਰਕੇ ਆਲੋਚਨਾਤਮਕ ਦ੍ਰਿਸ਼ਟੀ ਤੋਂ ਇਸ ਪੁਸਤਕ ਦੀ ਸਿਰਜਣਾ ਕੀਤੀ ਹੈ। ਉਨ੍ਹਾਂ ਕਿਹਾ ਕਿ ਦੁੱਲਾ ਭੱਟੀ ਬਾਰੇ ਹੁਣ ਤਕ ਪ੍ਰਚੱਲਿਤ ਅਨੇਕਾਂ ਗ਼ਲਤ ਮਿੱਥਾਂ ਦਾ ਅਤੇ ਇਤਿਹਾਸਕਾਰਾਂ ਦੀਆਂ ਆਪਹੁਦਰੀਆਂ ਦਾ ਇਹ ਪੁਸਤਕ ਭੰਜਨ ਕਰਦੀ ਹੈ। ਦੁੱਲੇ ਭੱਟੀ ਦੇ ਪੂਰਵਜਾਂ ਦੀ ਬਹਾਦਰੀ, ਉਸ ਦਾ ਜਨਮ, ਉਸ ਦੀ ਨਾਬਰੀ ਦੀ ਗਾਥਾ, ਉਸ ਦੇ ਚਰਿੱਤਰ ਅਤੇ ਲੋਕ ਪੱਖੀ ਸੋਚ ਨੂੰ ਇਹ ਪੁਸਤਕ ਅਗਰਭੂਮੀ ਵਿੱਚ ਲਿਆਉਂਦੀ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਧਰਮ ਸਿੰਘ ਗੁਰਾਇਆ ਦੀ ਪੰਜਾਬ ਦੇ ਇੱਕ ਹੋਰ ਲੋਕ ਨਾਇਕ ਜੱਗਾ ਡਾਕੂ ਬਾਰੇ ਪੁਸਤਕ 2019 ਵਿਚ ਪ੍ਰਕਾਸ਼ਤ ਹੋ ਚੁੱਕੀ ਹੈ।
ਡਾ. ਲਖਵਿੰਦਰ ਸਿੰਘ ਜੌਹਲ ਨੇ ਹਰਦਮ ਸਿੰਘ ਮਾਨ ਬਾਰੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਉਹ 2012 ਤੋਂ ਵੈਨਕੂਵਰ ਕੈਨੇਡਾ ਵਾਸੀ ਹਨ ਅਤੇ ਮੁੱਖ ਤੌਰ ਤੇ ਗ਼ਜ਼ਲ ਲਿਖਦੇ ਹਨ। ‘ਸ਼ੀਸ਼ੇ ਦੇ ਅੱਖਰ’ ਗਜ਼ਲ ਸੰਗ੍ਰਹਿ ਤੋਂ ਪਹਿਲਾਂ ਉਨ੍ਹਾਂ ਦਾ ਇਕ ਹੋਰ ਗ਼ਜ਼ਲ ਸੰਗ੍ਰਹਿ 'ਅੰਬਰਾਂ ਦੀ ਭਾਲ ਵਿਚ' ਵੀ ਪ੍ਰਕਾਸ਼ਤ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਹਰਦਮ ਦੀ ਸ਼ਾਇਰੀ ਲੋਕ ਸਰੋਕਾਰਾਂ ਦੀ ਸ਼ਾਇਰੀ ਹੈ। ਇਸ ਗ਼ਜ਼ਲ ਸੰਗ੍ਰਹਿ ਦੀਆਂ ਗ਼ਜ਼ਲਾਂ ਸਮਕਾਲੀ ਮਨੁੱਖ ਦੀਆਂ ਇੱਛਾਵਾਂ, ਸੱਧਰਾਂ, ਬੇਵਸੀ ਅਤੇ ਪੂੰਜੀ ਕਲਚਰ ‘ਤੇ ਇਸ ਦੇ ਪ੍ਰਭਾਵਾਂ ਨੂੰ ਉਭਾਰਦੀਆਂ ਹਨ।
ਸ. ਸੁਰਿੰਦਰ ਸਿੰਘ ਸੁੰਨੜ ਨੇ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਦੇ ਸਮਾਗਮਾਂ ਵਿੱਚ ਆਉਣਾ ਉਨ੍ਹਾਂ ਨੂੰ ਹਮੇਸ਼ਾਂ ਹੀ ਖ਼ੁਸ਼ੀ ਦਿੰਦਾ ਹੈ। ਉਨ੍ਹਾਂ ਕਿਹਾ ਕਿ ਪਰਵਾਸੀ ਸਾਹਿਤ ਅਧਿਐਨ ਕੇਂਦਰ ਵੱਲੋਂ ਪਰਵਾਸੀ ਪੰਜਾਬੀ ਲੇਖਕਾਂ ਦੀਆਂ ਸਾਹਿਤਕ ਕਿਰਤਾਂ ਨੂੰ ਗੌਲਣਾ ਪ੍ਰਸੰਸਾਮਈ ਕਾਰਜ ਹੈ। ਉਨ੍ਹਾਂ ਆਪਣੇ ਪਰਵਾਸੀ ਜੀਵਨ ਦੇ ਕੁਝ ਤਜਰਬੇ ਵੀ ਸਭ ਨਾਲ ਸਾਂਝੇ ਕੀਤੇ।
ਡਾ. ਰਮੇਸ਼ ਕੁਮਾਰ ਨੇ ਇਸ ਮੌਕੇ ਦੱਸਿਆ ਕਿ ਉਹ ਇਸੇ ਹੀ ਕਾਲਜ ਦੇ ਪੁਰਾਣੇ ਵਿਦਿਆਰਥੀ ਹਨ। ਉਨ੍ਹਾਂ ਇਸ ਸੰਸਥਾ ਨਾਲ ਜੁੜੀਆਂ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ ਤੇ ਦੱਸਿਆ ਕਿ ਵਿਦਿਆਰਥੀ ਜੀਵਨ ਵਿਚ ਡਾ. ਸ. ਪ. ਸਿੰਘ ਦੀ ਪ੍ਰੇਰਨਾ ਨਾਲ ਉਹ ਸਿਰਜਣਾ ਦੇ ਖੇਤਰ ਵਿਚ ਆਏ। ਕਾਲਜ ਦੇ ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਪ੍ਰੋਗਰਾਮ ਦੇ ਅਖੀਰ ‘ਤੇ ਸਭਨਾਂ ਦਾ ਰਸਮੀ ਤੌਰ 'ਤੇ ਧੰਨਵਾਦ ਕੀਤਾ। ਇਸ ਮੌਕੇ ਡਾ. ਭੁਪਿੰਦਰ ਸਿੰਘ ਮੁਖੀ ਪੰਜਾਬੀ ਵਿਭਾਗ, ਡਾ. ਗੁਰਪ੍ਰੀਤ ਸਿੰਘ, ਪ੍ਰੋ. ਸ਼ਰਨਜੀਤ ਕੌਰ, ਡਾ. ਤੇਜਿੰਦਰ ਕੌਰ, ਪ੍ਰੋ. ਆਸ਼ਾ ਰਾਣੀ ਅਤੇ ਰਜਿੰਦਰ ਸਿੰਘ ਸੰਧੂ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ।
ਹਰਦਮ ਮਾਨ
ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ
ਫੋਨ: +1 604 308 6663
ਈਮੇਲ : maanbabushahi@gmail.com