ਗਾਡੀ ਲੋਹਾਰ ਕਬੀਲੇ ਦੇ ਵਿਰਸੇ ਤੇ ਵਰਤਮਾਨ ਬਾਰੇ ਡਾ. ਨਵਦੀਪ ਕੌਰ ਦੀ ਪੁਸਤਕ ਮੁੱਲਵਾਨ ਖੋਜ ਕਾਰਜ- ਪ੍ਰੋ. ਗੁਰਭਜਨ ਸਿੰਘ ਗਿੱਲ
ਲੁਧਿਆਣਾਃ 28 ਅਗਸਤ 2024 - ਪੰਜਾਬੀ ਲੋਕ ਵਿਰਾਸਤ ਅਕਾਡਮੀ ਲੁਧਿਆਣਾ ਦੇ ਚੇਅਰਮੈਨ ਪ੍ਰੋ. ਗੁਰਭਜਨ ਸਿੰਘ ਗਿੱਲ ਨੇ ਕਿਹਾ ਹੈ ਕਿ ਉੱਤਰੀ ਭਾਰਤ ਅੰਦਰ ਗਾਡੀ ਲੋਹਾਰ ਕਬੀਲੇ ਦੇ ਵਿਰਸੇ ਅਤੇ ਵਰਤਮਾਨ ਬਾਰੇ ਡਾ. ਨਵਦੀਪ ਕੌਰ ਦਾ ਖੋਜ ਕਾਰਜ ਯਕੀਨਨ ਅਣਗੌਲੇ ਸੱਭਿਆਚਾਰ ਬਾਰੇ ਅੰਤਰ ਨੀਝ ਦੇਵੇਗਾ। ਉਨ੍ਹਾਂ ਕਿਹਾ ਕਿ ਉੱਤਰੀ ਭਾਰਤ ਵਿੱਚ ਨਿੱਕੇ ਨਿੱਕੇ ਅਨੇਕਾਂ ਕਬੀਲੇ ਹਨ ਜੋ ਮੁੱਖ ਧਾਰਾ ਦੇ ਸੱਭਿਆਚਾਰ ਵਿੱਚ ਕਿਸੇ ਗਿਣਤੀ ਵਿੱਚ ਨਹੀਂ ਆਉਂਦੇ ਪਰ ਆਪਣੇ ਬੋਲ ਚਾਲ, ਕਾਰ ਵਿਹਾਰ ਤੇ ਆਪਣੇ ਪੂਰਵਜਾਂ ਨਾਲ ਕੌਲ ਪੁਗਾਉਣ ਦੀ ਨਿਸ਼ਠਾ ਕਾਰਨ ਬੇਹੱਦ ਮਹੱਤਵ ਪੂਰਨ ਹਨ। ਉਨ੍ਹਾਂ ਕਿਹਾ ਕਿ ਇਹ ਲੋਕ ਸਿਰ ਤੇ ਪੂਰੀ ਪੱਗ ਬੰਨ੍ਹਣ ਦੀ ਥਾਂ ਪਰਨਾ ਹੀ ਲਪੇਟਦੇ ਹਨ ਕਿਉਂਕਿ ਇਹ ਖ਼ੁਦ ਨੂੰ ਮਹਾਰਾਣਾ ਪ੍ਰਤਾਪ ਦੀ ਸੰਤਾਨ ਮੰਨਦਿਆਂ ਆਪਣੀ ਮੂਲ ਭੂਮੀ ਤੇ ਰਹਿਣ ਦੀ ਥਾਂ ਚਕਰਵਰਤੀ ਰਹਿੰਦੇ ਹਨ। ਇਹ ਮੰਨਦੇ ਹਨ ਕਿ ਜਦ ਤੀਕ ਅਸੀਂ ਆਪਣੇ ਵਡੇਰੇ ਮਹਾਰਾਣਾ ਪ੍ਰਤਾਪ ਦੇ ਰਾਜ ਭਾਗ ਦੀ ਪੱਗ ਨਹੀਂ ਮੋੜ ਲਿਆਉਂਦੇ ਤਦ ਤੀਕ ਅਸੀਂ ਪੂਰੀ ਪੱਗ ਸਿਰ ਤੇ ਨਹੀਂ ਬੰਨ੍ਹਾਂਗੇ।
ਡਾ. ਨਵਦੀਪ ਬਾਰੇ ਜਾਣ ਪਛਾਣ ਕਰਵਾਉਂਦਿਆਂ ਸ਼੍ਰੀ ਗੁਰੂ ਨਾਨਕ ਪੀ ਜੀ ਕਾਲਿਜ ਸ਼੍ਰੀ ਗੰਗਾਨਗਰ (ਰਾਜਿਸਥਾਨ ) ਦੇ ਪ੍ਰਿੰਸੀਪਲ ਤੇ ਉੱਘੇ ਵਿਦਵਾਨ ਡਾ. ਇਕਬਾਲ ਸਿੰਘ ਗੋਦਾਰਾ ਨੇ ਕਿਹਾ ਕਿ ਡਾ. ਨਵਦੀਪ ਕੌਰ ਪੰਜਾਬ ਵਿੱਚ ਦਸਮੇਸ਼ ਕਾਲਿਜ ਬਾਦਲ ਵਿੱਚ ਚੌਦਾਂ ਸਾਲ ਪੜ੍ਹਾਉਂਦੀ ਰਹੀ ਹੈ ਤੇ ਰਾਜਿਸਥਾਨ ਵਿੱਚ ਵਿਆਹੀ ਜਾਣ ਮਗਰੋਂ ਪਦਮਪੁਰ ਤਹਿਸੀਲ ਦੇ ਸੱਤ ਪਿੰਡਾਂ ਦੀ ਸਾਂਝੀ ਪੰਚਾਇਤ ਦੀ ਸਰਪੰਚ ਹੈ। ਉਸ ਨੇ ਸ਼੍ਰੀ ਗੰਗਾਨਗਰ ਜ਼ਿਲ੍ਹੇ ਦੇ ਗਾਡੀ ਲੋਹਾਰ ਕਬੀਲੇ ਨਾਲ ਨੇੜਤਾ ਕਰਕੇ ਉਨ੍ਹਾਂ ਦੇ ਸੱਭਿਆਚਾਰ ਨੂੰ ਨੇੜਿਉਂ ਜਾਣਿਆ ਤੇ ਪਛਾਣਿਆ ਹੈ। ਉਸ ਨੇ ਗਾਡੀ ਲੋਹਾਰ ਕਬੀਲੇ ਦਾ ਅਧਿਐਨ ਕਰਦਿਆਂ ਇਸ ਧਾਰਨਾ ਨੂੰ ਪ੍ਰਪੱਕ ਕੀਤਾ ਹੈ ਕਿ ਮਨੁੱਖ ਵੱਖ ਵੱਖ ਸਮਾਜਿਕ ਤੇ ਸੱਭਿਆਚਾਰਕ ਪੜ੍ਹਾਵਾਂ ਵਿੱਚੋਂ ਲੰਘਦਾ ਹੋਇਆ ਆਪਣੀ ਵਰਤਮਾਨ ਸਥਿਤੀ ਵਿੱਚ ਪਹੁੰਚਿਆ ਹੈ। ਘੱਟ ਗਿਣਤੀ ਕਬੀਲਿਆਂ ਵਿੱਚੋਂ ਗਾਡੀ ਲੋਹਾਰ ਕਬੀਲੇ ਤੇ ਧਿਆਨ ਕੇਂਦਰਿਤ ਕਰਕੇ ਨਵਦੀਪ ਨੇ ਇਤਿਹਾਸਕ ਕਾਰਜ ਕੀਤਾ ਹੈ।
ਡਾ. ਨਵਦੀਪ ਕੌਰ ਨੇ ਦੱਸਿਆ ਕਿ ਉਸ ਦੇ ਅਧਿਆਪਕਾਂ, ਸਮਾਜਿਕ ਚੌਗਿਰਦੇ ਤੇ ਪਰਿਵਾਰ ਵਿੱਚੋਂ ਸੱਸ ਮਾਤਾ ਸਰਦਾਰਨੀ ਕੁਲਵਿੰਦਰ ਕੌਰ, ਜੀਵਨ ਸਾਥੀ ਸ. ਭੁਪਿੰਦਰ ਸਿੰਘ ਬੁੱਟਰ ਤੇ ਬੱਚਿਆਂ ਨੇ ਉਸ ਨੂੰ ਭਰਪੂਰ ਸਹਿਯੋਗ ਦਿੱਤਾ ਹੈ, ਜਿਸ ਨਾਲ ਇਹ ਖੋਜ ਕਾਰਜ ਨੇਪਰੇ ਚੜ੍ਹ ਸਕਿਆ। ਇਸ ਮੌਕੇ ਪੰਜਾਬੀ ਕਵੀ ਤ੍ਰੈਲੋਚਨ ਲੋਚੀ, ਕਰਮਜੀਤ ਸਿੰਘ ਗਰੇਵਾਲ,ਡਾ. ਤੇਜਿੰਦਰ ਕੌਰ ਤੇ ਪ੍ਰੋ. ਸ਼ਰਨਜੀਤ ਕੌਰ ਵੀ ਹਾਜ਼ਰ ਸਨ।