ਸਾਹਿਤ ਵਿਚਾਰ ਮੰਚ ਫਰੀਦਕੋਟ ਵੱਲੋਂ ਕਾਵਿ-ਕਿਤਾਬ 'ਉਹ ਸਾਂਭਣਾ ਜਾਣਦੀ ਮੈਨੂੰ' ਲੋਕ ਅਰਪਣ
ਪਰਵਿੰਦਰ ਸਿੰਘ ਕੰਧਾਰੀ
- ਪੁਸਤਕ ਮੇਲੇ ਦੌਰਾਨ ਕਾਵਿ-ਪੁਸਤਕ 'ਉਹ ਸਾਂਭਣਾ ਜਾਣਦੀ ਮੈਨੂੰ' ਖਿੱਚ ਦਾ ਕੇਂਦਰ ਬਣੀ
ਫ਼ਰੀਦਕੋਟ, 27 ਸਤੰਬਰ 2021 - ਸਥਾਨਕ ਸਰਕਾਰੀ ਬਰਜਿੰਦਰਾ ਕਾਲਜ ਫਰੀਦਕੋਟ ਵਿਖੇ ਬਾਬਾ ਸ਼ੇਖ ਫਰੀਦ ਸਾਹਿਬ ਦੀ ਯਾਦ 'ਚ ਚੱਲ ਰਹੇ ਪੰਜ ਰੋਜ਼ਾ ਪੁਸਤਕ ਮੇਲੇ ਦੌਰਾਨ ਸਾਹਿਤ ਵਿਚਾਰ ਮੰਚ ਫਰੀਦਕੋਟ ਵੱਲੋਂ ਸ਼ਾਇਰ ਸੰਦੀਪ ਸਰਮਾ ਦਾ ਪਲੇਠਾ ਕਾਵਿ-ਸੰਗ੍ਰਹਿ ਲੋਕ ਅਰਪਣ ਕੀਤਾ ਗਿਆ | ਇਸ ਮੌਕੇ ਮੰਚ ਦੇ ਪ੍ਰਧਾਨ ਡਾ.ਨਰਿੰਦਰਜੀਤ ਬਰਾੜ ਨੇ ਪੁਸਤਕ ਬਾਰੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਪੁਸਤਕ ਵਿਚਲੀਆਂ ਰਚਨਾਵਾਂ ਲੇਖਕ ਦੀ ਸੰਵੇਦਨਾ 'ਚੋਂ ਉਪਜੀਆਂ ਹਨ ਜੋ ਪਾਠਕ ਦੇ ਮਨ ਉਤੇ ਡੂੰਘੀ ਛਾਪ ਛੱਡਦੀਆਂ ਹਨ | ਸ਼ਾਇਰ ਗੁਰਪ੍ਰੀਤ ਮਾਨਸਾ ਨੇ ਪੰਜ ਰੋਜਾ ਮੇਲੇ ਦੌਰਾਨ ਪੁਸਤਕ ਨੂੰ ਲੇਕ ਅਰਪਣ ਕਰਦਿਆਂ ਕਿਹਾ ਕਿ ਕਵੀ ਦੀਆਂ ਇਹ ਕਵਿਤਾਵਾਂ ਉਹਦੇ ਆਪ ਹੰਢਾਏ ਅਨੁਭਵ ਜੋ ਨਿਕਲੀਆਂ ਹਨ |
ਗਜ਼ਲਗੋ ਮਨਜੀਤ ਪੁਰੀ ਨੇ ਕਿਹਾ ਕਿ ਇਹ ਕਵਿਤਾ ਜ਼ਿੰਦਗੀ ਦੇ ਉਨ੍ਹਾਂ ਨਿੱਕੇ-ਨਿੱਕੇ ਵਰਤਾਰਿਆਂ ਦੀ ਨਿਸ਼ਾਨਦੇਹੀ ਕਰਦੀ ਹੈ ਜਿਹੜੇ ਮਨੁੱਖੀ ਭਾਵਨਾਵਾਂ ਨੂੰ ਹੁਲਾਰਾ ਦਿੰਦੇ ਹਨ | ਰੰਗਕਰਮੀ ਤੇ ਕਵੀ ਕੁਮਾਰ ਜਗਦੇਵ ਸਿੰਘ ਬਰਾੜ ਨੇ ਕਿਹਾ ਕਿ ਸ਼ਾਇਰ ਆਪਣੇ ਦੁਆਲੇ 'ਚੋਂ ਕਵਿਤਾ ਦੀ ਤਲਾਸ਼ ਕਰਦਾ ਹੈ ਤੇ ਸਧਾਰਨ ਦਿਸਦੀਆਂ ਘਟਨਾਵਾਂ 'ਚੋਂ ਅਸਧਾਰਨਤਾ ਦੀ ਭਾਲ ਕਰਦਾ ਹੈ | ਉੱਘੇ ਸ਼ਾਇਰ ਵਿਜੇ ਵਿਵੇਕ ਅਤੇ ਹਰਮੀਤ ਵਿਦਿਆਰਥੀ ਨੇ ਕਵੀ ਸੰਦੀਪ ਸ਼ਰਮਾ ਨੂੰ ਸੁੱਭਕਾਮਨਾਵਾਂ ਦਿੰਦਿਆਂ ਕਿਹਾ ਕਿ ਸਿਰਜਣਾ ਜੀਵਨ ਨੂੰ ਖੂਬਸੂਰਤੀ ਪ੍ਰਦਾਨ ਕਰਦੀ ਹੈ | ਇਸ ਮੌਕੇ ਜਗਤਾਰ ਸਿੰਘ ਸੌਖੀ, ਬਲਵਿੰਦਰ ਬੁਢਲਾਡਾ (ਅਦਬ-ਲੋਕ ਮਾਨਸਾ), ਰੰਗ ਹਰਜਿੰਦਰ, ਜਗਦੀਪ ਸੰਧੂ, ਪ੍ਰੋ.ਬਲਦੇਵ ਸਿੰਘ, ਅਨਿਲ ਆਦਮ, ਸੁਖਜਿੰਦਰ ਸਿੰਘ, ਕੰਵਰਦੀਪ ਸਿੰਘ, ਪ੍ਰਕਾਸ਼ਕ ਆਟਮ-ਆਰਟ ਸਤਪਾਲ, ਰਜਿੰਦਰ ਬਿਮਲ, ਗਗਨ ਬੇਦੀ, ਪ੍ਰੋ.ਕੁਲਦੀਪ ਸਿੰਘ, ਪ੍ਰੋ.ਨਪਿੰਦਰ ਸਿੰਘ ਬਰਾੜ ਨੇ ਲੇਖਕ ਸੰਦੀਪ ਸ਼ਰਮਾ ਦੇ ਕਾਵਿ-ਸੰਗਿ੍ਹ 'ਉਹ ਸਾਂਭਣਾ ਜਾਣਦੀ ਮੈਨੂੰ' ਦਾ ਸਾਹਿਤਕ ਜਗਤ 'ਚ ਸਵਾਗਤ ਕੀਤਾ |