ਚੰਡੀਗੜ੍ਹ 08 ਅਪ੍ਰੈਲ 2016: ਪੰਜਾਬੀ ਲੇਖਕ ਸਭਾ ਚੰਡੀਗੜ੍ਹ ਵੱਲੋਂ ਆਯੋਜਿਤ ਸਾਹਿਤਕ ਸਮਾਗਮ ਵਿਚ ਨਾਮਵਰ ਕਵਿੱਤਰੀ ਅਤੇ ਲੇਖਿਕਾ ਡਾ. ਗੁਰਮਿੰਦਰ ਸਿੱਧੂ ਦੀ ਕਿਤਾਬ 'ਚੇਤਿਆਂ ਦਾ ਸੰਦੂਕ' ਲੋਕ ਅਰਪਣ ਕੀਤੀ ਗਈ। ਜਿਸ 'ਤੇ ਆਪਣੀ ਟਿੱਪਣੀ ਕਰਦਿਆਂ ਜੰਗ ਬਹਾਦੁਰ ਗੋਇਲ ਨੇ ਆਖਿਆ ਕਿ ਡਾ. ਗੁਰਮਿੰਦਰ ਸਿੱਧੂ ਨੇ ਆਪਣੇ 'ਚੇਤਿਆਂ ਦਾ ਸੰਦੂਕ' ਵਿਚ ਸਮੁੱਚੇ ਸੱਭਿਆਚਾਰ ਨੂੰ ਸਾਂਭ ਕੇ ਰੱਖਿਆ ਹੋਇਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਾਹਿਤ ਅਕਾਦਮੀ ਦੇ ਸਹਿਯੋਗ ਨਾਲ ਕਰਵਾਏ ਗਏ ਪੰਜਾਬੀ ਲੇਖਕ ਸਭਾ ਦੇ ਸਮਾਗਮ ਵਿਚ ਸਭ ਤੋਂ ਪਹਿਲਾਂ ਸਮਾਗਮ ਦੇ ਮੁੱਖ ਮਹਿਮਾਨ ਜੰਗ ਬਹਾਦੁਰ ਗੋਇਲ, ਕਰਨਲ ਜਸਬੀਰ ਭੁੱਲਰ, ਵਿਸ਼ੇਸ਼ ਮਹਿਮਾਨ ਡਾ. ਤੇਜਵੰਤ ਗਿੱਲ ਅਤੇ ਅਸ਼ੋਕ ਨਾਦਿਰ ਹੁਰਾਂ ਦਾ ਸਵਾਗਤ ਫੁੱਲਾਂ ਨਾਲ ਕੀਤਾ ਗਿਆ। ਇਸ ਉਪਰੰਤ ਲੇਖਕ ਸਭਾ ਦੇ ਪ੍ਰਧਾਨ ਬਲਕਾਰ ਸਿੱਧੂ ਹੁਰਾਂ ਨੇ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਅਜਿਹੀਆਂ ਕਿਤਾਬਾਂ ਸਮਾਜ ਲਈ ਜਿੱਥੇ ਸੇਧ ਪੈਦਾ ਕਰਦੀਆਂ ਹਨ, ਉਥੇ ਆਪਣੀਆਂ ਯਾਦਾਂ ਤੇ ਆਪਣੇ ਵਿਰਸੇ ਨੂੰ ਸਾਂਭਣ ਦਾ ਵੀ ਕੰਮ ਕਰਦੀਆਂ ਹਨ। ਇਸ ਤੋਂ ਬਾਅਦ ਸਮੁੱਚੇ ਪ੍ਰਧਾਨਗੀ ਮੰਡਲ ਵੱਲੋਂ ਕਿਤਾਬ 'ਚੇਤਿਆਂ ਦਾ ਸੰਦੂਕ' ਲੋਕ ਅਰਪਣ ਕੀਤੀ ਗਈ। ਕਿਤਾਬ 'ਤੇ ਮੁੱਖ ਪਰਚਾ ਮਨਮੋਹਨ ਸਿੰਘ ਦਾਊਂ ਅਤੇ ਡਾ. ਅਵਤਾਰ ਸਿੰਘ ਪਤੰਗ ਹੁਰਾਂ ਨੇ ਪੜ੍ਹਦਿਆਂ ਕਿਹਾ ਕਿ ਕਿਤਾਬ ਜਿੱਥੇ ਵਾਰਤਕ ਰੂਪ ਦੇ ਵਿਚ ਹੈ, ਉਥੇ ਇਹ ਸਵੈ ਜੀਵਨੀ ਵੀ ਮਹਿਸੂਸ ਹੁੰਦੀ ਹੈ। ਇਸੇ ਤਰ੍ਹਾਂ ਵਿਸੇਸ਼ ਮਹਿਮਾਨ ਅਸ਼ੋਕ ਨਾਦਿਰ ਤੇ ਡਾ. ਤੇਜਵੰਤ ਗਿੱਲ ਹੁਰਾਂ ਨੇ ਵੀ ਆਪਣੇ ਵਿਚਾਰ ਰੱਖਦਿਆਂ ਕਿਤਾਬ ਨੂੰ ਸਾਂਭਣਯੋਗ ਦੇ ਪ੍ਰਚਾਰਨ ਯੋਗ ਦੱਸਿਆ।
ਸਮਾਗਮ ਦੇ ਮੁੱਖ ਮਹਿਮਾਨ ਜੰਗ ਬਹਾਦੁਰ ਗੋਇਲ ਅਤੇ ਕਰਨਲ ਜਸਬੀਰ ਭੁੱਲਰ ਹੁਰਾਂ ਨੇ ਲੇਖਿਕਾ ਨਾਲ ਆਪਣੀ ਸਾਹਤਿਕ ਅਤੇ ਪਰਿਵਾਰਕ ਸਾਂਝ ਦਾ ਹਵਾਲਾ ਦੇ ਕੇ ਵੀ ਆਖਿਆ ਕਿ 'ਚੇਤਿਆਂ ਦਾ ਸੰਦੂਕ' ਸਾਡੇ ਸਾਰਿਆਂ ਦੇ ਬਚਪਨ ਦੀ ਕਹਾਣੀ ਹੈ। ਜਿਸ ਵਿਚ ਸਮਾਨ ਬਦਲਦਾ ਹੋਵੇਗਾ ਪਰ ਕਿਤਾਬ ਪੜ੍ਹ ਕੇ ਹਰ ਇਕ ਨੂੰ ਆਪਣਾ ਬਚਪਨ ਯਾਦ ਆਉਂਦਾ ਹੈ। ਗੋਇਲ ਅਤੇ ਭੁੱਲਰ ਹੁਰਾਂ ਨੇ ਜਿੱਥੇ ਲੇਖਿਕਾ ਨੂੰ ਵਧਾਈ ਦਿੱਤੀ, ਉਥੇ ਇਸ ਦੇ ਨਾਲ ਹੀ ਰਜਿੰਦਰ ਕੌਰ ਹੁਰਾਂ ਨੇ ਡਾ. ਗੁਰਮਿੰਦਰ ਸਿੱਧੂ ਦੇ ਨਾਂ ਲਿਖਿਆ ਇਕ ਖ਼ਤ ਪੜ੍ਹਿਆ। ਜਦੋਂਕਿ ਪ੍ਰਿੰਸੀਪਲ ਗੁਰਦੇਵ ਕੌਰ ਪਾਲ, ਡਾ. ਸ਼ਰਨਜੀਤ ਕੌਰ, ਸਿਰੀਰਾਮ ਅਰਸ਼, ਸੁਰਿੰਦਰ ਗਿੱਲ ਅਤੇ ਸੁਸ਼ੀਲ ਦੁਸਾਂਝ ਹੁਰਾਂ ਨੇ ਵੀ ਕਿਤਾਬ 'ਤੇ ਆਪਣੇ ਵਡਮੁੱਲੇ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਲੇਖਕ ਦਾ ਕੰਮ ਗੁਆਚੇ ਸ਼ਬਦਾਂ ਨੂੰ ਮੁੜ ਜਨਮ ਦੇਣਾ ਵੀ ਹੁੰਦਾ ਹੈ ਤੇ ਕਿਤਾਬ ਇਸ ਕੰਮ ਵਿਚ ਸਾਰਥਕ ਬਣ ਨਿੱਬੜੀ ਹੈ।
ਇਸ ਮੌਕੇ 'ਤੇ ਡਾ. ਗੁਰਮਿੰਦਰ ਸਿੱਧੂ ਨੇ ਆਪਣੇ ਮੋਹ ਭਿੱਜੇ ਸ਼ਬਦਾਂ ਨਾਲ ਕਿਤਾਬ ਨੂੰ ਹੱਲਾਸ਼ੇਰੀ ਦੇਣ ਲਈ, ਜਿੱਥੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ, ਉਥੇ ਉਨ੍ਹਾਂ ਕਿਤਾਬ ਰਚਨਾ ਵਿਚ ਤੇ ਆਪਣੇ ਜੀਵਨ ਵਿਚ ਵੀ ਅਹਿਮ ਭੂਮਿਕਾ ਨਿਭਾਉਣ ਵਾਲੇ ਆਪਣੀ ਦਾਦੀ, ਆਪਣੀ ਮਾਤਾ, ਆਪਣੇ ਪਿਤਾ, ਆਪਣੇ ਸਿਰ ਦੇ ਸਾਈਂ ਡਾ. ਬਲਦੇਵ ਸਿੰਘ ਖਹਿਰਾ, ਅਤੇ ਮਿਸਿਜ਼ ਜਸਵੀਰ ਭੁੱਲਰ ਹੁਰਾਂ ਦਾ ਉਚੇਚਾ ਧੰਨਵਾਦ ਕਰਦਿਆਂ ਪੰਜਾਬੀ ਲੇਖਕ ਸਭਾ ਦੇ ਉਦਮ ਨੂੰ ਵੀ ਸਲਾਹਿਆ।
ਇਸ ਦੌਰਾਨ ਸੁਸ਼ੀਲ ਦੁਸਾਂਝ ਹੁਰਾਂ ਨੇ ਆਉਂਦੀ 15 ਅਪ੍ਰੈਲ ਨੂੰ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੀ ਚੋਣ ਵਾਸਤੇ ਚੰਡੀਗੜ੍ਹ ਦੇ ਸਾਹਿਤਕਾਰਾਂ ਸਾਹਮਣੇ ਆਪਣਾ ਪੈਨਲ ਰੱਖ ਕੇ ਸਾਥ ਦੇਣ ਦੀ ਵੀ ਅਪੀਲ ਕੀਤੀ।
ਸਮਾਗਮ ਦੇ ਆਖਰ ਵਿਚ ਧੰਨਵਾਦੀ ਸ਼ਬਦ ਮਨਜੀਤ ਇੰਦਰਾ ਹੁਰਾਂ ਨੇ ਆਖੇ ਤੇ ਸਟੇਜ ਸੰਚਾਲਨ ਦੀ ਭੂਮਿਕਾ ਦੀਪਕ ਸ਼ਰਮਾ ਚਨਾਰਥਲ ਨੇ ਬਾਖੂਬੀ ਨਿਭਾਈ। ਇਸ ਮੌਕੇ 'ਤੇ ਪੰਜਾਬੀ ਲੇਖਕ ਸਭਾ ਦੇ ਨੁਮਾਇੰਦਿਆਂ ਵਿਚੋਂ ਗੁਰਨਾਮ ਕੰਵਰ, ਡਾ. ਗੁਰਮੇਲ ਸਿੰਘ, ਮਨਜੀਤ ਕੌਰ ਮੀਤ, ਪਾਲ ਅਜਨਬੀ, ਹਰਮਿੰਦਰ ਕਾਲੜਾ, ਡਾ. ਅਵਤਾਰ ਸਿੰਘ ਪਤੰਗ, ਮਲਕੀਅਤ ਬਸਰਾ ਆਦਿ ਜਿੱਥੇ ਹਾਜ਼ਰ ਸਨ, ਉਥੇ ਹੀ ਵੱਡੀ ਗਿਣਤੀ ਵਿਚ ਮੌਜੂਦ ਲੇਖਕਾਂ, ਸਾਹਿਤਕਾਰਾਂ ਤੇ ਸਰੋਤਿਆਂ ਦੇ ਦਰਮਿਆਨ ਡਾ. ਸਰਬਜੀਤ ਸਿੰਘ, ਡਾ. ਸੁਖਦੇਵ ਸਿੰਘ ਸਿਰਸਾ, ਮਨਜੀਤ ਕੌਰ ਮੁਹਾਲੀ, ਸ਼ਿਵਨਾਥ, ਨਿੰਦਰ ਘੁਗਿਆਣਵੀ, ਸੁਰਿੰਦਰ ਕੌਰ, ਦਲਜੀਤ ਕੌਰ ਦਾਊਂ, ਸਰਦਾਰਾ ਸਿੰਘ ਚੀਮਾ, ਤੇਜਾ ਸਿੰਘ ਥੂਹਾ, ਸੇਵੀ ਰਾਇਤ, ਗੁਰਦਰਸ਼ਨ ਸਿੰਘ ਮਾਵੀ, ਪ੍ਰੇਮ ਵਿੱਜ, ਸਾਹਿਬ ਸਿੰਘ, ਜਗਜੀਤ ਸਿੰਘ ਨੂਰ, ਦੀਪਤੀ ਬਬੂਟਾ, ਰਮਨ ਸੰਧੂ, ਫੂਲ ਚੰਦ ਮਾਨਵ, ਤਾਰਨ ਗੁਜਰਾਲ, ਬਾਬੂ ਰਾਮ ਦੀਵਾਨਾ, ਅਨੀਤਾ ਸਬਦੀਸ਼, ਕਸ਼ਮੀਰ ਕੌਰ ਸੰਧੂ, ਨਿਰਮਲ ਜਸਵਾਲ, ਪ੍ਰੀਤਮ ਸਿੰਘ ਰੂਪਾਲ ਆਦਿ ਵੀ ਮੌਜੂਦ ਸਨ।